ਤੇ ਇਸ ਵਿਚ ਹੀ ਇਸ ਕਹਾਣੀ ਦਾ ਰਹੱਸ ਹੈ। ਇਹੋ ਹੀ ਇਹ ਕਹਾਣੀ ਪੇਸ਼ ਕਰਦੀ ਹੈ ਕਿ ਕਿਵੇਂ ਇਕ ਨਿੱਕੀ ਜਿਹੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਹੜੱਪ ਕਰ ਲੈਂਦੀ ਹੈ।
"ਅਜੋਕੇ ਵਿਗਿਆਨਕ ਤੇ ਤਰਕਵਾਦੀ ਯੁਗ" ਦਾ ਪਾਠਕ ਹੋਣ ਕਰ ਕੇ ਮੇਰੀ ਦਿਲਚਸਪੀ ਉਸ ਨਿੱਕੀ ਜਿਹੀ ਜੋਤ ਦੀ ਹੋਣੀ ਵਿਚ ਹੈ। ਕਿਵੇਂ ਉਹ ਆਪਣੇ ਮਾਹੌਲ ਦੀ ਅਨ੍ਹੇਰ-ਬਿਰਤੀ ਨੂੰ ਵੰਗਾਰਦੀ ਹੈ। ਘਰ ਵਿਚ ਵੀ, ਸਕੂਲ ਵਿਚ ਵੀ, ਗੁਰਦਵਾਰੇ ਵਿਚ ਵੀ, ਪਰ ਉਹ ਅਜੇ ਏਨੀ ਵਿਕਸਤ ਨਹੀਂ ਕਿ ਕਾਰਜ ਦੇ ਕਾਰਨ ਤੇ ਅਸਰ ਵਿਚਲੇ ਸੰਬੰਧ ਦੀ ਛਾਣਬੀਨ ਕਰ ਸਕੇ। ਫਿਰ ਇਕ ਐਸੀ ਹਲੂਣ ਦੇਣ ਵਾਲੀ ਘਟਨਾ ਵੇਲੇ, ਜਿਹੜੀ ਭਾਵਾਂ ਨੂੰ ਵੀ ਤੇ ਬੁਧੀ ਨੂੰ ਵੀ ਵਿਆਖਿਆ ਦੀ ਢੂੰਡ ਵਿਚ ਕੰਡਿਆਂ ਉਤੇ ਖੜਾ ਕਰ ਦੇਂਦੀ ਹੈ, ਇਹ ਅਨ੍ਹੇਰ-ਬਿਰਤੀ ਵਾਰ ਕਰਦੀ ਹੈ। ਇਹੀ ਸਮਾਂ ਸੀ ਜਦੋਂ ਬਾਲ ਦਾ ਭਾਵਕ ਤੇ ਬੌਧਿਕ ਲੋਹਾ ਲਾਲ ਹੋਇਆ ਹੋਇਆ ਸੀ, ਤੇ ਜੇ ਵਾਪਰੀ ਘਟਨਾ ਦੀ ਉਚਿਤ ਵਿਆਖਿਆ ਮਿਲਦੀ ਤਾਂ ਹੋ ਸਕਦਾ ਸੀ ਉਸ ਵਿਚਲੀ ਬੁਧੀ ਦੀ ਲਾਟ ਭਖ਼ ਕੇ ਕਿਸੇ ਵੇਲੇ ਜਵਾਲਾ ਦਾ ਰੂਪ ਧਾਰਨ ਕਰ ਲੈਂਦੀ। ਪਰ ਐਨ ਇਸ ਵੇਲੇ ਇਹ ਅਨ੍ਹੇਰ-ਬਿਰਤੀ ਵਾਰੇ ਕਰ ਕੇ ਉਸ ਬਾਲ-ਬਧ ਨੂੰ ਖੁੰਢਿਆਂ ਕਰ ਦੇਂਦੀ ਹੈ, ਤੇ ਉਹ ਵੀ ਆਪਣੇ ਮਾਹੌਲ ਦਾ ਇਕ ਅੰਗ ਬਣ ਕੇ ਫਿਰ ਇਕ ਹੋਰ ਬਾਲ-ਜੋਤ, ਆਪਣੀ ਛੋਟੀ ਭੈਣ ਦੇ ਤਰਕ, ਨੂੰ ਬੁਝਾਉਣ ਵਿਚ ਸ਼ਾਮਲ ਹੋ ਜਾਂਦੀ ਹੈ।
ਹਰ ਚੰਗੀ ਗਲਪ ਰਚਨਾ ਵਾਂਗ ਇਸ ਕਹਾਣੀ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਨਾ ਕੁਝ ਸਿੱਧ ਕਰਦੀ ਹੈ, ਨਾ ਕਿਸੇ ਤੋਂ ਕੋਈ ਗੱਲ ਮੰਨਵਾਉਂਦੀ ਹੈ। ਇਹ ਤਾਂ ਹਕੀਕਤ ਨੂੰ ਪੇਸ਼ ਕਰ ਦੇਂਦੀ ਹੈ। ਕਹਾਣੀ ਵਿਚਲੀ ਮਾਂ ਵੀ ਆਪਣੇ ਬੱਚੇ ਨੂੰ ਮੰਨਵਾਉਣ ਲਈ ਜ਼ੋਰ ਨਹੀਂ ਲਾਉਂਦੀ ਹੈ ਉਹ ਤਾਂ ਸਾਖੀ ਸੁਣਾਈ ਜਾਂਦੀ ਹੈ, ਸ਼ਾਇਦ ਆਦਤਨ ਜਾਂ ਆਪਣੀ ਸ਼ਰਧਾ ਪਾਲਣ ਲਈ, ਜਾਂ ਫਿਰ ਸ਼ਾਇਦ ਹਿਰਾਸੇ ਹੋਏ ਮਨਾਂ ਨੂੰ ਸਫ਼ਰ ਵਿਚ ਕਿਤੇ ਲਾਂਭੇ ਪਾਉਣ ਲਈ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕੋਈ ਮੰਨੇ ਜਾਂ ਨਾ ਮੰਨੇ! ਪਰ ਉਹ ਅਨ੍ਹੇਰ-ਬਿਰਤੀ ਵਾਲੇ ਮਾਹੌਲ ਦਾ ਅੰਗ ਹੈ ਤੇ ਇਸ ਦੇ ਹੱਥ ਵਿਚ ਅਚੇਤ ਹੀ ਹਥਿਆਰ ਦਾ ਕੰਮ ਕਰ ਜਾਂਦੀ ਹੈ।
ਇਹ ਹੈ ਜਿਥੇ ਇਸ ਕਹਾਣੀ ਦੀਆਂ ਤੰਦਾਂ ਆ ਕੇ ਜੁੜਦੀਆਂ ਹਨ। ਹਰ ਕਹਾਣੀ, ਜਾਂ ਆਮ ਕਰ ਕੇ ਗਲਪ ਰਚਨਾਂ ਦਾ ਵਿਸ਼ਾ ਅਤੇ ਬਾਕੀ ਬਣਤਰੀ ਅੰਸ਼ ਵੀ ਉਸ ਕਹਾਣੀ ਦੇ ਸੰਦਰਭ ਵਿਚ ਤਾਂ ਵਿਸ਼ੇਸ਼ ਅਰਥ ਰਖਦੇ ਹੀ ਹਨ ਪਰ ਚੰਗੀ ਰਚਨਾ ਦੇ ਅਰਥ ਆਪਣੇ ਤਕ ਖ਼ਤਮ ਨਹੀਂ ਹੋ ਜਾਂਦੇ। ਹਰ ਚੰਗੀ ਰਚਨਾ ਦੇ ਧਰਾਤਲਾਂ ਉਤੇ ਜਿਉਂਦੀ ਹੈ - ਵਿਸ਼ੇਸ਼ ਅਤੇ ਆਮਿਆਏ। ਇਸ ਦੇ ਬਿੰਬ ਵੀ ਉਸ ਰਚਨਾ ਦੇ ਸੰਦਰਭ ਵਿਚ ਵਿਸ਼ੇਸ਼ ਹੋਣ ਦੇ ਨਾਲ ਨਾਲ ਆਮਿਆਏ ਜਾਣ ਦੀ ਸਮਰਥਾ ਵੀ ਰੱਖਦੇ ਹਨ, ਜਿਸ ਕਰ ਕੇ ਇਹ ਰਚਨਾ ਆਪਣੇ ਨਾਲ ਰਲਦੀਆਂ ਮਿਲਦੀਆਂ ਕਈ ਪ੍ਰਸਥਿਤੀਆਂ ਦਾ ਝਾਵਲਾ ਦੇ ਜਾਂਦੀ ਕੇ ਕਈ ਪ੍ਰਸਥਿਤੀਆਂ ਦੀ ਪ੍ਰਤਿਨਿਧਤਾ ਕਰਦੀ ਲੱਗਦੀ ਹੈ। ਹਰ ਚੰਗੀ ਰਚਨਾ ਦੇ ਭਾਵ-