ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ:

ਸੁਭਾਅ ਅਤੇ ਲੱਛਣ

(ਪੁਸਤਕ 'ਤੂੜੀ ਦੀ ਪੰਡ' ਦੇ ਆਧਾਰ 'ਤੇ)

ਵਿਸ਼ੇ ਅਤੇ ਵਸਤੂ ਦੇ ਪੱਖੋਂ, ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਪ੍ਰਧਾਨ ਗੁਣ ਉਹਨਾਂ ਦੀ ਸਰਲਤਾ, ਇਕ ਤਰ੍ਹਾਂ ਦਾ ਇਕਹਿਰਾਪਣ ਹੈ। ਇਸ ਇਕਹਿਰੇਪਣ ਦਾ ਮੁੱਖ ਕਾਰਨ ਯਥਾਰਥ ਵਲ ਉਸ ਦੀ ਪਹੁੰਚ ਹੈ, ਯਥਾਰਥ ਨੂੰ ਦੇਖਣ ਵਾਲੀ ਉਸ ਦੀ ਦ੍ਰਿਸ਼ਟੀ ਹੈ। ਉਸ ਦੀ ਨਜ਼ਰ ਉਸ ਸਭ ਕੁਝ ਨੂੰ ਝੱਟ ਦੇਖ ਲੈਂਦੀ ਹੈ, ਜੋ ਜ਼ਿੰਦਗੀ ਵਿਚ ਨਵਾਂ ਵਾਪਰਦਾ ਹੈ। ਨਵੇਂ ਲੋਕ ਤਕ ਪਹੁੰਚਦਿਆਂ ਉਸ ਨੇ ਆਪਣੀ ਇਸ ਦ੍ਰਿਸ਼ਟੀ ਨੂੰ ਆਪ ਵੀ ਪ੍ਰੀਭਾਸ਼ਿਤ ਕਰ ਲਿਆ ਸੀ। ਤੂੜੀ ਦੀ ਪੰਡ ਵਿਚਲੀਆਂ ਬਹੁਤੀਆਂ ਕਹਾਣੀਆਂ ਵੀ ਕਹਾਣੀ ਦਾ ਰੂਪ ਧਾਰ ਕੇ ਉਦੋਂ ਹੀ ਸਾਡੇ ਸਾਹਮਣੇ ਪ੍ਰਤਖ ਹੁੰਦੀਆਂ ਹਨ, ਜਦੋਂ ਅਸੀਂ ਇਸ ਗੱਲ ਨੂੰ ਧਿਆਨ ਵਿਚ ਰਖੀਏ ਕਿ ਵਿਰਕ ਦਾ ਮੁੱਖ ਜ਼ੋਰ ਉਸ ਚੀਜ਼ ਨੂੰ ਪਛਾਨਣ ਉਤੇ ਹੈ, ਜਿਹੜੀ ਜ਼ਿੰਦਗੀ ਵਿਚ ਨਵੀਂ ਹੈ। ਨਹੀਂ ਤਾਂ ਇਹ ਕਹਾਣੀਆਂ ਕੁਝ ਵਿੱਕੋਲਿਤਰੀਆਂ ਘਟਨਾਵਾਂ ਦਾ ਸੰਗ੍ਰਹਿ ਬਣ ਕੇ ਰਹਿ ਜਾਣਗੀਆਂ।

ਇਸ ਸਮੁੱਚੇ ਸੰਗ੍ਰਹਿ ਵਿਚ ਸਿਰਫ਼ "ਘੋੜੀ" ਅਤੇ "ਕੁੜੀ ਦਾ ਦਾਜ" ਐਸੀਆਂ ਕਹਾਣੀਆਂ ਹਨ ਜਿਨ੍ਹਾਂ ਵਿਚ ਨਵੇਂ ਦਾ ਅੰਸ਼ ਸਾਨੂੰ ਨਹੀਂ ਦਿਸਦਾ ਜਾਂ ਘੱਟ ਦਿਸਦਾ ਹੈ। ਦੋਹਾਂ ਵਿਚ ਹੀ ਰੂੜ੍ਹੀਆਂ ਨਾਲ ਬੱਝੀ ਮਾਨਸਿਕਤਾ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। "ਕੁੜੀ ਦਾ ਦਾਜ" ਵਿਚਲੀ ਬੇਬੇ ਦੇ ਸਨਕੀਪੁਣੇ ਉਤੇ ਮੁਸਕੜੀ ਆ ਸਕਦੀ ਹੈ, ਤੇ ਬੱਸ। ਰੂੜ੍ਹੀਆਂ ਨੂੰ ਗਲ ਨਾਲ ਲਾਈ ਰਖਣਾ ਉਸ ਦੀ ਜ਼ਿੰਦਗੀ ਹੈ। ਜ਼ਿੰਦਗੀ ਲਈ ਬਣਿਆ ਖਤਰਾ ਉਹਨਾਂ ਰੂੜ੍ਹੀਆਂ ਸਾਹਮਣੇ ਉਸ ਲਈ ਕੋਈ ਮੁੱਲ ਨਹੀਂ ਰੱਖਦਾ। "ਘੋੜੀ" ਵਿਚ ਪੇਸ਼ ਹੋਈ ਮਾਨਸਿਕਤਾ ਵਧੇਰੇ ਡੂੰਘੀ ਹੈ, ਕਿਉਂਕਿ ਇਹ ਵਿਅਕਤੀਗਤ ਨਾ ਰਹਿੰਦੀ ਹੋਈ ਉਸ ਸਮੁੱਚੀ ਮਾਨਸਿਕਤਾ ਦੀ ਪ੍ਰਤਿਨਿਧਤਾ ਕਰਦੀ ਹੈ, ਜਿਹੜੀ ਧੀਆਂ ਪੁੱਤਰਾਂ ਲਈ ਦੁੱਖ ਸਹਿਣ ਨੂੰ ਆਪਣੀ ਅਸਰਤਾ ਦਾ ਰਾਜ਼ ਸਮਝਦੀ ਸੀ, ਜਾਂ ਜਿਸ ਲਈ ਵੱਡੇ ਹੋਏ ਧੀਆਂ ਪੁੱਤਰਾਂ ਤੋਂ ਮਿਲਣ ਵਾਲੇ ਕਿਆਸੀ ਸੁਖ ਵਰਤਮਾਨ ਦੇ ਦੁਖ ਨੂੰ ਸਹਿਣਯੋਗ ਬਣਾ ਦੇਂਦੇ ਸਨ। ਇਹ ਮਾਨਸਿਕਤਾ ਸਾਡੇ ਵਿਚ ਅਜੇ ਤਕ ਜਿਊਂਦੀ ਹੈ, ਇਸ ਦੇ ਬਣਤਰੀ ਅੰਸ਼ਾਂ ਵਿਚ ਭਾਵੇਂ ਕੁਝ ਫ਼ਰਕ ਆ ਗਿਆ ਹੈ।

104