ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਕਿ ਚੀਕਾਂ ਉਸੇ ਨੇ ਕਢਾਈਆਂ ਸਨ।" ਇਹ ਬਾਹਰੋਂ ਟਿੱਪਣੀ ਹਮੇਸ਼ਾਂ ਹੀ ਕਹਾਣੀ ਦੀ ਬਣਤਰ ਵਿਚ ਕਮਜ਼ੋਰ ਕੁੜੀ ਹੁੰਦੀ ਹੈ। ਕਰਨੀ ਅਤੇ ਕਥਨੀ ਵਿਚਲੇ ਪਾੜੇ ਨੂੰ ਪਿਛੋਕੜ ਬਨਾਉਣਾ ਦੂਜੀ ਕਹਾਣੀ ਨੂੰ ਕੁਝ ਵਿਸ਼ਾਲ ਅਰਥ ਦੇ ਦੇਂਦਾ ਹੈ। ਦੋਹਾਂ ਕਹਾਣੀਆਂ ਵਿਚੋਂ ਉਘੜਦਾ ਵਿਅੰਗ ਜ਼ੋਰਦਾਰ ਰੂਪ ਧਾਰਨ ਕਰ ਸਕਦਾ ਹੈ, ਜੇ ਅਸੀਂ ਵਸਤੂ ਵਿਚਲੇ ਇਕ ਪੱਖ ਨੂੰ ਅੱਖੋਂ ਓਹਲੇ ਕਰ ਦੇਈਏ ਤਾਂ। ਉਹ ਪੱਖ ਇਹ ਹੈ ਕਿ ਦੋਹਾਂ ਕਹਾਣੀਆਂ ਵਿਚਲੀਆਂ ਕੁੜੀਆਂ ਸਮਾਜਕ ਅਤੇ ਆਰਥਕ ਪੱਖੋਂ ਵਧੇਰੇ ਸਮਰੱਥ ਹਨ, ਜਦ ਕਿ ਦੋਹਾਂ ਦੇ ਹੀ ਮੁੰਡੇ ਨੀਵੇਂ ਘਰਾਣਿਆਂ ਵਿਚੋਂ ਹਨ। ਇਸ ਲਈ ਲਿੰਗ ਨਿਪੁੰਸਕਤਾ ਦਾ ਕਾਰਨ ਸਰੀਰਕ ਨਹੀਂ, ਸਗੋਂ ਉਹ ਮਨੋ-ਗੁੰਝਲ ਹੈ ਜਿਹੜੀ ਉਮਰਾਂ ਦੀ ਆਰਥਕ ਅਤੇ ਸਮਾਜਕ ਨਾਬਰਾਬਰੀ ਦੇ ਅਹਿਸਾਸ ਵਿਚੋਂ ਉਪਜਦੀ ਹੈ ਅਤੇ ਜਿਸ ਨੂੰ ਦਮਗਜੇ ਮਾਰਨ ਨਾਲ ਨਹੀਂ ਖੋਲ੍ਹਿਆ ਜਾ ਸਕਦਾ। ਜੋ ਇਸ ਪੱਖੋਂ ਦੇਖੀਏ ਤਾਂ ਇਹ ਦੋਵੇਂ ਕਹਾਣੀਆਂ ਅਵਸਥਾ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ, ਵਿਅੰਗ ਨੂੰ ਨਹੀਂ। ਵੈਸੇ ਇਹ ਦੋਵੇਂ ਕਹਾਣੀਆਂ, ਆਪਣੇ ਵਸਤੂ ਦੇ ਬਣਤਰੀ ਅੰਸ਼ਾਂ ਕਰ ਕੇ ਦੁੱਗਲ ਦੀ ਕਹਾਣੀ "ਗ਼ੁਲਾਮ" ਦੀਆਂ ਸਾਕ ਹੋ ਨਿਬੜਦੀਆਂ ਹਨ।

ਇਸੇ ਤਰਾਂ ਇਸ ਸੰਗ੍ਰਹਿ ਵਿਚ ਕੁਝ ਹੋਰ ਕਹਾਣੀਆਂ ਹਨ, ਜਿਹੜੀਆਂ ਲਿੰਗ-ਸੰਬੰਧਾਂ ਨੂੰ ਆਪਣਾ ਵਿਸ਼ਾ ਨਹੀਂ ਬਣਾਉਂਦੀਆਂ, ਪਰ ਪੁਰਾਣੇ ਵਲੋਂ ਨਵੇਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਦੀ ਅਸਮਰਥਾ ਨੂੰ ਪੇਸ਼ ਕਰਦੀਆਂ ਹਨ। ਇਹ ਕਹਾਣੀਆਂ ਉਪਰੋਕਤ ਕਹਾਣੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਇਹਨਾਂ ਵਿਚ ਅਸੀਂ "ਬੈਰਿਸਟਰ ਸਾਹਿਬ" "ਦੋ ਆਨੇ ਦਾ ਘਾਹ" ਅਤੇ ਇਸ ਸੰਗ੍ਰਹਿ ਦੀ ਟਾਈਟਲ ਕਹਾਣੀ "ਤੂੜੀ ਦੀ ਪੰਡ" ਨੂੰ ਰਖ ਸਕਦੇ ਹਾਂ। "ਬੈਰਿਸਟਰ ਸਾਹਿਬ" ਵਿਚ ਇੱਛਤ ਰੁਤਬੇ ਦੀ ਪ੍ਰਾਪਤੀ ਨੇ ਨਾਲ ਹੀ ਰਿਸ਼ਤੇਦਾਰੀਆਂ ਵਿਚ ਐਸੀ ਦੁਜੈਗੀ ਪੈਦਾ ਕਰ ਦਿੱਤੀ ਹੈ ਕਿ ਸਭ ਪਾਸਿਆਂ ਤੋਂ ਸੁਹਿਰਦ ਯਤਨਾਂ ਦੇ ਬਾਵਜੂਦ ਮੁੜ ਪਹਿਲਾਂ ਵਾਲੀ ਪ੍ਰੇਮ-ਭਾਵਨਾ ਅਤੇ ਨੇੜਤਾ ਸਥਾਪਤ ਨਹੀਂ ਹੋ ਸਕਦੀ। ਮਾਂ-ਪੁੱਤ ਦਾ ਰਿਸ਼ਤਾ ਵੀ ਇਸ ਬੇਗਨਗੀ ਦੀ ਲਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਸਮੁੱਚੀ ਅਵਸਥਾ ਕਾਫ਼ੀ ਤਰਸਯੋਗ ਹੈ। ਇਸ ਦੇ ਮੁਕਾਬਲੇ ਉਤੇ "ਦੋ ਆਨੇ ਦਾ ਘਾਹ" ਇਕ ਕਰੜਾ ਵਿਅੰਗ ਹੈ। ਮੱਝਾਂ ਚਾਰਨ ਵਾਲੇ ਬੂਟਾ ਸਿੰਘ ਤੋਂ ਵੱਡੇ ਵੱਡੇ ਅਫ਼ਸਰਾਂ ਅਤੇ ਨੀਤੀਵਾਨਾਂ ਨੂੰ ਚਾਰ ਆਉਣ ਦਾ ਸਫ਼ਰ ਤੈਅ ਕਰ ਚੁੱਕਾ ਸਰਦਾਰ ਬੂਟਾ ਸਿੰਘ ਆਪਣੀਆਂ ਮੂਲ-ਬਿਰਤੀਆਂ ਵਿਚ ਫਿਰ ਵੀ ਪਸ਼ੂ ਦੇ ਪਸ਼ੂ ਰਹਿੰਦਾ ਹੈ, ਜਿਸ ਦੇ ਪ੍ਰਤਿਕਰਮ ਬੱਝੇ ਹੋਏ ਹਨ। ਉਚੇਰੇ ਮਰਾਤਬੇ ਦੀ ਪ੍ਰਾਪਤੀ ਉਸ ਨੂੰ ਵਿਹਾਰ ਦੀ ਉਚੇਰੀ ਪੱਧਰ ਉਤੇ ਨਹੀਂ ਲਿਜਾਂਦੀ।

"ਤੂੜੀ ਦੀ ਪੰਡ" ਨਿਰਸੰਦੇਹ ਇਸ ਸੰਗ੍ਰਹਿ ਦੀ ਸਭ ਤੋਂ ਵਧੀਆ ਅਤੇ ਵਿਰਕ ਦੀਆਂ ਕੁਝ ਕੁ ਵਧੀਆ ਕਹਾਣੀਆਂ ਵਿਚੋਂ ਹੈ। ਕੱਖ, ਤੂੜੀ ਦੀ ਪੰਡ, ਵਗਦਾ ਦਰਿਆ, ਦਰਿਆ ਦਾ ਰੋੜ੍ਹ ਆਦਿ ਭਰਪੂਰ ਬਿੰਬ ਹਨ ਜਿਹੜੇ ਵਿਅਕਤੀ, ਸਮਾਜ, ਸਮਾਜ ਦੀ ਇਤਿਹਾਸਕ ਗਤੀ, ਇਸ ਗਤੀ ਦੀ ਅਟੱਲਤਾ ਅਤੇ ਇਸ ਨੂੰ ਠੱਲ੍ਹਣ ਦੇ ਕਿਸੇ ਵੀ ਯਤਨ ਦੀ 'ਨਿਰਾਰਥਕਤਾ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦੇ ਹਨ। ਤੂੜੀ ਦੀ ਪੰਡ ਤੇ

107