ਹੈ। ਪਦਾਰਥਵਾਦੀ ਵਿਰੋਧ-ਵਿਕਾਸ ਦੀ ਵਿਧੀ ਕਿਸੇ ਵੀ ਹੋਂਦ ਨੂੰ ਉਸਦੇ ਸਰਬ-ਪੱਖੀ ਸੰਬੰਧਾਂ ਵਿਚ ਦੇਖਦੀ ਹੈ, ਪਰ ਇਸ ਨਾਲ ਉਸ ਹੋਂਦ ਦੀ ਨਿਵੇਕਲਤਾ ਨੂੰ ਰੱਦ ਨਹੀਂ ਕਰਦੀ, ਸਗੋਂ ਇਸ ਵਿਧੀ ਇਸ ਨਿਵੇਕਲਤਾ ਦੀ ਪਛਾਣ ਤੋਂ ਸ਼ੁਰੂ ਕਰਦੀ ਹੈ, ਕਿਉਂਕਿ ਇਸਦੇ ਸਰਬ-ਪੱਖੀ ਸੰਬੰਧਾਂ ਨੂੰ ਨਿਰਧਾਰਤ ਕਰਨ ਵਾਲ ਅੰਸ਼ ਹੀ ਇਸਦੀ ਨਿਵੇਕਲਤਾ ਨੂੰ ਨਿਸ਼ਚਿਤ ਕਰਦੇ ਲੱਛਣ ਹੁੰਦੇ ਹਨ। ਸਾਹਿਤ ਅਤੇ ਕਲਾ ਦੀ ਹੋਂਦ ਨੂੰ ਨਿਸ਼ਚਿਤ ਕਰਨ ਵਾਲੇ ਲੱਛਣ ਹੀ ਇਸ ਦੀ ਮੁਕਾਬਲਾਤਨ ਸਵੈਧੀਨਤਾ ਨੂੰ ਨਿਸ਼ਚਿਤ ਕਰਨ ਵਾਲੇ ਲੱਛਣ ਹੁੰਦੇ ਹਨ।
'ਹਰ ਕਲਾ-ਕਿਰਤ ਵਾਂਗ ਸਾਹਿਤਕ ਕਿਰਤ ਦੀ ਹੋਂਦ ਵੀ ਉਸਦੇ ਵਸਤੂ ਅਤੇ ਰੂਪ ਵਿਚਲੇ ਦਵੰਦ ਉੱਤੇ ਟਿਕੀ ਹੁੰਦੀ ਹੈ'। ਹਰ ਕਲਾਕਿਰਤ ਦੀ ਹੋਂਦ ਇਕ-ਇਕਾਈ ਦਾ ਪ੍ਰਭਾਵ ਤਾਂ ਹੀ ਦੇਂਦੀ ਹੈ ਜੇ ਇਸ ਵਿਚਲੇ ਇਹਨਾਂ ਵਿਰੋਧੀ ਅੰਸ਼ਾਂ ਵਿਚਕਾਰ ਸੰਤੁਲਨ ਕਾਇਮ ਹੋਵੇ, ਨਹੀ ਤਾਂ ਉਸ ਕਿਰਤ ਦੀ ਹੋਂਦ ਖੰਡਿਤ ਹੋ ਜਾਂਦੀ ਹੈ।
ਹਰ ਕਲਾ ਕਿਰਤ ਦਾ ਮਾਧਿਅਮ ਉਸ ਦੇ ਵਸਤੂ ਅਤੇ ਰੂਪ ਦੀ ਸੀਮਾਂ ਨਿਰਧਾਰਿਤ ਕਰਦਾ ਹੈ। ਕਲਾ ਦਾ ਵਸਤੂ ਸਮਾਜਕ ਯਥਾਰਥ ਹੁੰਦਾ ਹੈ। ਪਰ ਸਮਾਜਕ ਯਥਾਰਥ ਨੂੰ ਇਸ ਦੀ ਪੂਰੀ ਵਿਸ਼ਾਲਤਾ ਅਤੇ ਗਤੀਸ਼ੀਲਤਾ ਵਿਚ ਪੇਸ਼ ਕਰ ਸਕਣਾ ਹਰ ਕਲਾ ਦੇ ਅਧਿਕਾਰ-ਖੇਤਰ ਵਿਚ ਨਹੀ' ਹੁੰਦਾ। ਉਦਾਹਰਣ ਵਜੋਂ, ਚਿਤ੍ਰਕਾਰੀ ਅਤੇ ਬੁਤ ਕਲਾ ਵਿਚ ਇਸ ਯਥਾਰਥ ਨੂੰ ਵੱਖ ਵੱਖ ਪ੍ਰਤਿਨਿਧ ਘੜੀਆਂ ਵਜੋਂ ਹੀ ਲਿਆ ਜਾ ਸਕਦਾ ਹੈ। ਇਹ ਗੱਲ ਚਿਤਰਕਾਰੀ ਜਾਂ ਬੁੱਤ ਕਲਾ ਦੀਆਂ ਉਹਨਾਂ ਕਿਰਤਾਂ ਉੱਤੇ ਵੀ ਢੁਕਦੀ ਹੈ ਜਿੰਨ੍ਹਾਂ ਨੂੰ ਮਾਨਿਉਮੈਂਟਲ ਕਿਹਾ ਜਾਂਦਾ ਹੈ। ਸੰਗੀਤ ਦਾ ਮਾਧਿਅਮ ਧ੍ਵਨੀ ਹੋਣ ਕਾਰਨ ਆਪਣੇ ਰੂਪ ਵਿਚ ਇਹ ਬੇਹੱਦ ਗਤੀਸ਼ੀਲਤਾ ਨੂੰ ਪ੍ਰਗਟ ਕਰਨ ਦੀ ਸਮਰੱਥਾ ਰਖਦਾ ਹੈ। ਪਰ ਇਹੀ ਮਾਧਿਅਮ ਇਸ ਦੇ ਵਸਤੂ ਨੂੰ ਸੀਮਤ ਕਰਦਾ ਹੈ, ਜਿਸ ਨੂੰ ਕਿ ਇਹ ਸਿਰਫ਼ ਭਾਵਕ ਅਤੇ ਸੰਕਲਪਾਤਮਕ ਪੱਧਰ ਉੱਤੇ ਧ੍ਵਨੀ ਦੀ ਬੰਦਸ਼ ਵਿਚ ਲਿਆ ਕੇ ਪੇਸ਼ ਕਰ ਸਕਦਾ ਹੈ। ਇਹਨਾਂ ਸਾਰੀਆਂ ਕਲਾਵਾਂ ਤੋਂ ਉਲਟ, ਸਾਹਿਤ ਦਾ ਮਾਧਿਅਮ (ਭਾਸ਼ਾ) ਇਸ ਦੇ ਵਸਤੂ ਨੂੰ ਵੀ ਸਮਾਜ ਜਿੰਨੀ ਵਿਸ਼ਾਲਤਾ ਦੇਂਦਾ ਹੈ, ਅਤੇ ਰੂਪ ਨੂੰ ਅਸੀਮਤ ਡੌਲਣਯੋਗਤਾ ਦੇਂਦਾ ਹੈ। ਇਸ ਕਰਕੇ ਇਹ ਸਮਾਜਕ ਯਥਾਰਥ ਨੂੰ ਇਸ ਦੀ ਸਰਬਪੱਖਤਾ ਅਤੇ ਗਤੀਸ਼ੀਲਤਾ ਵਿਚ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ।
ਰੂਪ ਅਤੇ ਵਸਤੂ ਦੇ ਪਰਸਪਰ ਅਨੁਕੂਲਣ ਤੋਂ ਪੈਦਾ ਹੁੰਦੀ ਕਿਰਤ ਦੀ ਅੰਦਰਲੀ ਗਤੀ ਨੂੰ ਨਿਯੰਤ੍ਰਤਿ ਕਰਨ ਵਾਲਾ, ਰੂਪ ਅਤੇ ਵਸਤੂ ਵਿਚ ਸੰਤੁਲਨ ਲਿਆਉਣ, ਭਾਵ ਇਕ ਇਕਾਈ ਵਜੋਂ ਕਿਰਤ ਦੇ ਪ੍ਰਭਾਵ ਨੂੰ ਕਾਇਮ ਕਰਨ ਵਾਲਾ ਅੰਸ਼ ਉਸ ਕਿਰਤ ਦਾ ਕੇਂਦਰੀ ਭਾਵ ਜਾਂ ਵਿਸ਼ਾ ਹੁੰਦਾ ਹੈ। ਇਹ ਵਿਸ਼ਾ ਸਮੱਸਿਆ, ਵਿਚਾਰ, ਸਿੱਖਿਆ, ਵਰਤਾਰਾ, ਕੋਈ ਖਾਸ ਸੰਬੰਧਾਂ ਦਾ ਖੇਤਰ ਆਦਿ ਕੁਝ ਵੀ ਹੋ ਸਕਦਾ ਹੈ। ਪਰ ਇਸ ਦੀ ਪਛਾਣ ਇਕਾਈ ਵਜੋਂ ਕਿਰਤ ਦੀ ਪਛਾਣ ਲਈ ਜ਼ਰੂਰੀ ਹੁੰਦੀ ਹੈ।