ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮਕਾ ਦੁਆ ਕੇ ਜੀਵਨ ਸਾਰਥਕ ਨਹੀਂ ਬਣਿਆ ਜਾ ਸਕਦਾ। ਰਾਜ ਨੂੰ ਜਾਗੀਰ ਨਹੀਂ ਲੁਆਈ ਜਾ ਸਕਦੀ ਕਿ ਖਾਵੇ, ਪੀਵੇ, ਰਿਆਜ਼ ਤੇ ਇਸ਼ਕ ਕਰੇ। ਨਿਰਮਲ ਨੂੰ ਕਾਵਿ ਦਾ ਗੁਆਚਾ ਭਵਿਖ ਲਭਾ ਕੇ ਮੌਤ ਤੋਂ ਨਹੀਂ ਬਚਾਇਆ ਜਾ ਸਕਦਾ, ਤੂੰ ਸੁਆਮੀ ਦੀ ਪ੍ਰਤਿਭਾ ਦਾ ਉਚਿਤ ਸਨਮਾਨ ਕਰਵਾ ਕੇ ਉਹਨੂੰ ਤਾਬੇਦਾਰੀ ਦੀ ਜ਼ਿੱਲਤ ਤੋਂ ਨਹੀਂ ਬਚਾਇਆ ਜਾ ਸਕਦਾ।" ਸਾਰਾ ਮੈਨੀਫ਼ੈਸਟੋ ਮਧਕਾਲੀਨ ਮਨੁੱਖੀ ਵਿਹਾਰ ਦੇ ਪੈਟਰਨ ਦਾ ਸੂਚਕ ਹੈ ਅਤੇ ਇਹ ਸਾਰਾ ਕੁਝ ਨਾ ਮਿਲਣ ਦੀ ਸੂਰਤ ਵਿਚ ਪ੍ਰੋਟੈਸਟ ਦਾ ਢੰਗ ਵੀ ਮਧਕਾਲੀ ਹੀ ਹੈ - ਮਲਾਮਤੀ ਭੇਸ ਇਖ਼ਤਿਆਰ ਕਰ ਲਵੋ।

ਇਹੋ ਜਿਹੇ ਨੌਜਵਾਨਾਂ ਦੇ ਸਿਰਾਂ ਦੁਆਲੇ ਅਖਾਉਤੀ ਬੌਧਿਕਤਾ ਦਾ ਜਿੰਨਾ ਮਰਜ਼ੀ ਆਭਾ-ਮੰਡਲ ਸਿਰਜ ਦਿਓ, ਉਹ ਅਸਲ ਵਿਚ ਲੁੰਪਣ ਖ਼ਾਸਾ ਰਖਦੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਸਮਾਜ ਵਿਚ ਇਹ ਲੁੰਪਣ ਖ਼ਸਲਤ ਵਾਲੇ ਨੌਜਵਾਨ ਮੌਜੂਦ ਨਹੀਂ, ਜਾਂ ਇਨ੍ਹਾਂ ਨੂੰ ਚਿੱਤਰਿਆ ਨਹੀਂ ਜਾਣਾ ਚਾਹੀਦਾ। ਪਰ ਨਾਇਕ ਦੀ ਪਦਵੀ ਦੇ ਕੇ, ਇਨ੍ਹਾਂ ਨੂੰ ਏਨਾ ਕੁਝ ਅਰਪਿਤ ਕਰ ਦੇਣਾ ਇਕ ਅਸਾਹਿਤਕ ਉਲਾਰ ਹੈ।

ਲਿੰਗ ਇੱਕ ਹੋਰ ਧੁਰਾ ਹੈ, ਜਿਸ ਦੁਆਲੇ ਉਸ ਦੀਆਂ ਲਗਭਗ ਸਾਰੀਆਂ ਕਹਾਣੀਆਂ ਘੁੰਮਦੀਆਂ ਹਨ। ਇਹ ਗੱਲ ਸ਼ਾਇਦ ਉਹ ਆਧੁਨਿਕ ਅਤੇ ਖੁਲ਼੍ਹ-ਖ਼ਿਆਲੀਆ ਹੋਣ ਦਾ ਪ੍ਰਭਾਵ ਦੇਣ ਲਈ ਕਰਦਾ ਹੈ। ਲਿੰਗ-ਸੰਬੰਧਾਂ ਬਾਰੇ ਉਸ ਦੇ ਖ਼ਆਲ, ਮਧਕਾਲ ਜਿੰਨੇ ਤਾਂ ਨਹੀਂ ਪਰ 50 ਕੁ ਸਾਲ ਜ਼ਰੂਰ ਪੁਰਾਣੇ ਹਨ। ਬਲਬੀਰ ਸਿੰਘ ਪੂਨੀ ਦੇ ਇਸ ਸਵਾਲ ਦੇ ਜਵਾਬ ਵਿਚ ਕਿ "ਤੁਹਾਡੀਆਂ ਕਹਾਣੀਆਂ ਵਿਚ ਸੈਕਸ ਦਾ ਖੁਲ੍ਹਾ ਵਰਨਣ ਹੈ: ਕਿਉਂ?" ਉਹ ਜਵਾਬ ਦੇਂਦਾ ਹੈ - "ਸਾਡੇ ਸਮਾਜ ਵਿਚ ਸੈਕਸ ਬਾਰੇ ਕੁਝ ਬੰਧਨ ਹਨ ਜਿਹੜੇ ਕੁਝ ਟੁੱਟ ਰਹੇ ਹਨ। ਮੈਂ ਵੀ ਤੋੜ ਰਿਹਾ ਹਾਂ।" ਇਹ ਬੰਧਨ-ਮੁਕਤ ਸੈਕਸ ਦਾ ਨਾਅਰਾ, ਪੱਛਮ ਵਿਚ ਪਿਛਲੀਆਂ ਸਿਰਫ਼ ਦੋ ਕੁ ਸਦੀਆਂ ਤੋਂ ਸਮੇਂ ਸਮੇਂ ਦਿੱਤਾ ਜਾਂਦਾ ਰਿਹਾ ਹੈ, ਅਤੇ ਇਸ ਦੇ ਅਰਥਾਂ ਤੋਂ ਅਸੀਂ ਪੂਰੀ ਤਰ੍ਹਾਂ ਵਾਕਫ਼ ਹਾਂ। ਜੇ ਪ੍ਰੇਮ ਪ੍ਰਕਾਸ਼ ਦਾ ਸੱਚਮੁੱਚ ਮਤਲਬ ਬੰਧਨ-ਮੁਕਤ ਸੈਕਸ ਤੋਂ ਹੈ, ਤਾਂ ਉਸ ਨੂੰ ਮੁਬਾਰਕ। ਪਰ ਸਾਡਾ ਖ਼ਿਆਲ ਹੈ ਕਿ ਉਸ ਦਾ ਮਤਲਬ ਸੈਕਸ ਦੁਆਲੇ ਜੁੜੇ ਹੋਏ ਤੁਅੱਸਬ ਅਤੇ ਕੂੜ-ਅਡੰਬਰ ਤੋੜਣ ਤੋਂ ਹੈ, ਅਤੇ ਬਿਲਕੁਲ ਇਹਨਾਂ ਹੀ ਅਰਥਾਂ ਵਿਚ ਮੈਂ ਉਸ ਨੂੰ ਅੱਧੀ ਸਦੀ ਪਿਛੇ ਕਿਹਾ ਹੈ। ਕਿਉਂਕਿ ਇਸ ਸਦੀ ਦੇ ਚੌਥੇ ਦਹਾਕੇ ਵਿਚ ਜਦੋਂ ਪਹਿਲਾਂ ਗੁਰਬਖ਼ਸ਼ ਸਿੰਘ ਨੇ ਅਤੇ ਮਗਰੋਂ ਦੁੱਗਲ ਅਤੇ ਸੇਖੋਂ ਨੇ ਬਿਲਕੁਲ ਇਹੀ ਦਾਅਵਾ ਕੀਤਾ ਸੀ, ਤਾਂ ਇਸ ਦੀ ਸਮਝ ਆਉਂਦੀ ਸੀ। ਪਰ ਹੁਣ ਨੌਵੇਂ ਦਹਾਕੇ ਵਿਚ, ਖ਼ਾਸ ਕਰ ਕੇ ਬਾ ਮੁਲਾਹਜ਼ਾ ਹੋਸ਼ਿਆਰ ਨੂੰ ਕੌਮੀ ਇਨਾਮ ਮਿਲਣ ਤੋਂ ਅਤੇ ਨੰਗੀ ਧੁਪ ਨੂੰ ਕੌਮੀ ਪ੍ਰਸਿਧੀ ਮਿਲਣ ਤੋਂ ਕੁਝ ਸਾਲ ਪਿਛੋਂ ਇਹ ਦਾਅਵਾ, ਜੇ ਹੋਰ ਕੁਝ ਵੀ ਨਾ ਕਿਹਾ ਜਾਏ ਤਾਂ ਪਛੜਿਆ ਹੀ ਤਾਂ ਲੱਗਦਾ ਹੈ।

ਕਹਾਣੀਕਾਰ ਵਜੋਂ ਪ੍ਰੇਮ ਪ੍ਰਕਾਸ਼ ਦੀਆਂ ਸੰਭਾਭਨਾਵਾਂ ਨੂੰ ਉਜਾਗਰ ਕਰਨ ਵਾਲੀ ਪਹਿਲੀ ਕਹਾਣੀ ਏਸ ਜਨਮ ਵਿਚ ਸੀ, ਜਿਸ ਨੂੰ ਉਸ ਦੇ ਦੂਜੇ ਕਹਾਣੀ ਸੰਗ੍ਰਹਿ ਨਮਾਜ਼ੀ

115