ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਪਹਿਲੀ ਥਾਂ ਮਿਲੀ ਹੋਈ ਹੈ। ਆਰੰਭਕ ਨੁਕਤਾ ਭਾਵੇਂ ਇਸ ਕਹਾਣੀ ਦਾ ਵੀ ਲਿੰਗ-ਸੰਬੰਧ ਹੀ ਹਨ, ਪਰ ਇਹਨਾਂ ਨੂੰ ਕਹਾਣੀ ਵਿਚ ਕੇਂਦਰੀ ਸਥਾਨ ਪ੍ਰਾਪਤ ਨਹੀਂ। ਕੇਂਦਰ ਵਿਚ ਕਿਤੇ ਵੱਡਾ ਸਮਾਜਕ ਅਨਿਆਂ ਹੈ, ਜਿਸ ਦੇ ਮੁਕਾਬਲੇ ਉਤੇ ਸੈਕਸ ਨਿਗੂਣੀ ਜਿਹੀ ਚੀਜ਼ ਬਣ ਕੇ ਰਹਿ ਜਾਂਦੀ ਹੈ। ਇਸੇ ਸੰਗ੍ਰਹਿ ਵਿਚਲੀ ਕਹਾਣੀ ਮੁਰਦਾ ਅੱਜ ਦੇ ਸਮਾਜਕ ਸਥਿਤੀ ਵਿਚ ਬਣ ਚੁੱਕੀ ਫ਼ਿਤਰਤ ਉਤੇ ਵਿਅੰਗਮਈ ਢੰਗ ਨਾਲ ਚਾਨਣ ਪਾਉਂਦੀ ਹੈ। ਦੋ ਹੋਰ ਕਹਾਣੀਆਂ - ਫ਼ੈਸਲਾ (ਬਾਵਜੂਦ - ਇਸ ਦੇ "ਮੈਂ ਕੀ ਕਰਾਂ .. ਪੈਰ, ਪਿੰਜਣੀਆਂ, ਪੱਟ, ਧੁੰਨੀ, ਛਾਤੀਆਂ, ਬੁਲ੍ਹ ਬੁਲ੍ਹ, ਛਾਤੀਆਂ, ਧੁੰਨੀ, ਪੱਟ, ਪਿੰਜਣੀਆਂ, ਪੈਰ... ਨੰਗੇ, ਨੰਗੇ, ਨੰਗੇ ।" ਦੇ) ਅਤੇ ਬੇਵਤਨ (ਬਾਵਜੂਦ - ਇਸ ਵਿਚਲੀ ਲੈਕਚਰਬਾਜ਼ੀ ਦੇ) - ਇਸ ਸੰਗ੍ਰਹਿ ਵਿਚ ਐਸੀਆਂ ਹਨ, ਜਿਹੜੀਆਂ ਵਿਲਖਣਤਾ ਕਰ ਕੇ ਬਰਦਾਸ਼ਤ ਕੀਤੀਆਂ ਜਾ ਸਕਦੀਆਂ ਹਨ। ਬਾਕੀ ਸਭ ਕਹਾਣੀਆਂ ਕਚਕੜੇ ਤੋਂ ਅੱਗੇ ਨਹੀਂ ਜਾਂਦੀਆਂ।

ਮੁਕਤੀ ਕਹਾਣੀ ਸੰਗ੍ਰਹਿ ਨੇ ਪਾਠਕਾਂ ਦਾ ਵੀ ਅਤੇ ਆਲੋਚਕਾਂ ਦਾ ਵੀ ਸਭ ਤੋਂ ਵਧ ਧਿਆਨ ਖਿੱਚਿਆ ਹੈ। ਇਸ ਦਾ ਮੁੱਖ ਕਾਰਨ ਤਾਂ ਇਸ ਵਿਚਲੀਆਂ ਕਹਾਣੀਆਂ ਦੀ ਜਟਿਲਤਾ ਲੱਗਦੀ ਹੈ, ਜਿਸ ਨੂੰ ਅੱਜ ਅਸੀਂ ਕਲਾ ਦਾ ਵੀ ਤੇ ਬੌਧਿਕਤਾ ਦਾ ਵੀ ਸਮਅਰਥਕ ਸਮਝਣ ਲੱਗ ਪਏ ਹਾਂ। ਇਸ ਤੋਂ ਇਲਾਵਾ ਇਹਨਾਂ ਕਹਾਣੀਆਂ ਵਿਚ ਭਾਵਕ ਤਣਾਅ ਦਾ ਵਾਤਾਵਰਣ ਬਹੁਤ ਪ੍ਰਬਲ ਹੈ, ਜਿਹੜਾ ਪਾਠਕ ਨੂੰ ਕੀਲ ਰਖਦਾ ਹੈ। ਅਤੇ ਤੀਜੇ, ਇਹਨਾਂ ਕਹਾਣੀਆਂ ਵਿਚਲੇ ਪਾਤਰਾਂ, ਘਟਨਾਵਾਂ ਅਤੇ ਵਿਚਾਰਾਂ ਦੀ ਸਮਾਜਕ ਸਾਪੇਖਤਾ ਅਤੇ ਪਛਾਣ ਵੀ ਹੈ, ਜਿਹੜੀ ਲੁੰਪਣ ਚੌਕੜੀ ਵਾਲੀਆਂ ਕਹਾਣੀਆਂ ਦੇ ਸਾਈਕਲ ਵਿਚ ਗੁੰਮ ਹੈ। ਇਹ ਇਹਨਾਂ ਕਹਾਣੀਆਂ ਦਾ ਦਿੱਸਦਾ ਰੂਪ ਹੈ।

ਪਰ ਜੇ ਇਸ ਦਿੱਸਦੇ ਰੂਪ ਦੇ ਅੰਦਰ ਜਾ ਕੇ ਅਸੀਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਨ ਲੱਗੀਏ ਤਾਂ ਇਹ ਨਿਸਚੇ ਨਾਲ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਹਾਣੀਆਂ ਦਾ ਸੱਚ ਉਹੀ ਹੈ ਜਿਹੜਾ ਪ੍ਰੇਮ ਪ੍ਰਕਾਸ਼ ਪੇਸ਼ ਕਰਨਾ ਚਾਹੁੰਦਾ ਹੈ ਅਤੇ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਉਹ ਪੇਸ਼ ਕਰਦਾ ਹੈ।

ਉਦਾਹਰਣ ਵਜੋਂ, ਪਹਿਲੀ ਕਹਾਣੀ ਡੈੱਡ-ਲਾਈਨ ਨੂੰ ਹੀ ਲਈਏ। ਕਹਾਣੀ ਵਿਚ ਤਣਾਅ ਦਾ ਸਿਖਰ ਉਦੋਂ ਆਉਂਦਾ ਹੈ ਜਦੋਂ 'ਇਕ ਸ਼ਾਮ ਥੱਕੇ ਹਾਰੇ ਆਨੰਦ ਸਾਹਿਬ ਬੈਠੇ ਸੋਚਦੇ ਸੋਚਦੇ ਬੋਲੇ, "ਪਤਾ ਨਹੀਂ ਹੋਰ ਕਿੰਨਾ ਚਿਰ ਇਹ - ਨਰਕ -?" ਜਿਸ ਦੇ ਜਵਾਬ ਵਿਚ ਸ੍ਰੀਮਤੀ ਆਨੰਦ ਦੇ ਅਣਕਹੇ ਸ਼ਬਦ ਹਨ: "ਦਿਲ ਵਿਚ ਆਇਆ ਕਿ ਕਹਿ ਦਿਆਂ ਪਈ ਜੋ ਕੁਝ ਤੁਸੀਂ ਭੋਗ ਰਹੇ ਹੋ, ਜੇ ਉਹ ਨਰਕ ਹੈ ਤਾਂ ਉਹ ਕੀ ਹੈ ਜੋ ਮੈਂ ਭੋਗ ਰਹੇ ਹਾਂ?" ਲੇਖਕ ਨਾਇਕਾ ਪ੍ਰਤਿ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ, ਬਿਨਾਂ ਇਸ ਗੱਲ ਨੂੰ ਧਿਆਨ ਵਿਚ ਰਖਿਆਂ ਕਿ ਉਸੇ ਦੀ ਦੱਸੀ ਕਹਾਣੀ ਅਨੁਸਾਰ ਇਸ ਨਰਕ ਨੂੰ ਉਸਾਰਨ ਵਿਚ ਆਰੰਭਲੇ ਪੜਾਅ ਉਤੇ ਕੈਂਸਰ ਦੇ ਸ਼ਿਕਾਰ ਸੱਤੀ ਦਾ ਸ਼ਾਇਦ ਏਨਾ ਰੋਲ ਨਹੀਂ ਜਿੰਨਾ ਨਾਇਕਾ ਦਾ ਆਪਣਾ ਹੈ।

116