ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਬਰ ਤੋਂ ਮੁਕਤੀ)। ਦੋਹਾਂ ਸੂਰਤਾਂ ਵਿਚ ਇਹ ਆਦਮੀ ਦਾ ਵੀ ਓਨਾ ਹੀ ਮਸਲਾ ਹੈ, ਜਿੰਨਾ ਔਰਤ ਦਾ ਹੈ। ਪਰ ਇਸ ਕਹਾਣੀ ਵਿਚ ਇਹ ਮਸਲਾ ਕੇਵਲ ਔਰਤ ਦਾ ਬਣ ਕੇ ਪੇਸ਼ ਹੋਇਆ ਹੈ। ਇਸ ਤੋਂ ਸ਼ੱਕ ਇਹ ਹੁੰਦਾ ਹੈ ਕਿ ਭਾਵੇਂ ਪ੍ਰੇਮ ਪ੍ਰਕਾਸ਼ ਨੇ ‘ਮੁਕਤੀ ਸ਼ਬਦ ਦੀ ਵਰਤੋਂ ਉਹਨਾਂ ਸਾਰੇ ਸੰਭਵ ਸੰਦਰਭਾਂ ਵਿਚ ਕੀਤੀ ਹੈ, ਜਿਨ੍ਹਾਂ ਵਿਚ ਇਹ ਕੀਤੀ ਜਾ ਸਕਦੀ ਹੈ, ਪਰ ਮਸਲਾ ਅਸਲ ਵਿਚ ਕੁਝ ਹੋਰ ਹੈ। ਮਸਲਾ ਸਿਰਫ਼ ਔਰਤ ਨਾਲ ਸੰਬੰਧਿਤ ਹੈ, ਇਸ ਲਈ ਇਹ ਮਸਲਾ ਵਿਅਕਤੀ ਦੇ ਤੌਰ ਉਤੇ ਉਸ ਦੀ ਸਮਾਜਕ ਹਸਤੀ ਨਿਸ਼ਚਿਤ ਕਰਨ ਦਾ ਹੈ। ਔਰਤ ਦੀ ਸਾਰੀ ਭਟਕਣਾ ਆਪਣੀ ਹਸਤੀ ਦਾ ਮੁੱਲ ਪੁਆਉਣ ਦੀ ਹੈ। ਪਰ ਦ੍ਰਿਸ਼ਟੀ ਧੁੰਦਲੀ ਤੇ ਸੋਚ ਕੁਰਾਹੇ ਪਈ ਹੋਈ ਹੈ, ਜਿਸ ਕਰ ਕੇ ਉਹ ਆਪਣੀ ਹਸਤੀ ਨੂੰ ਸਿਰਫ਼ ਮਰਦ ਦੇ ਅਤੇ ਉਹ ਵੀ ਭੈੜੇ ਮਰਦ ਦੇ ਮੁਕਾਬਲੇ ਉਤੇ ਰਖ ਕੇ, ਉਸ ਨੂੰ ਜ਼ਲੀਲ ਹੋਇਆ ਦੇਖ ਕੇ ਹੀ ਸੰਤੁਸ਼ਟਤਾ ਲੋਚਦਾ ਹੈ। ਔਰਤ ਦੀ ਆਜ਼ਾਦ ਹਸਤੀ ਇਸ ਵਿਚ ਨਹੀਂ ਕਿ ਉਹ ਇਕ ਬਿਸਤਰੇ ਤੇ ਪ੍ਰੋਟੈਸਟ ਕਰ ਕੇ ਉਠੇ ਤੇ ਦਜੇ ਬਿਸਤਰੇ ਉਤੇ ਜਾ ਪਵੇ। ਇਹ ਉਸ ਦੀ ਹੋਰ ਗੁਲਾਮੀ ਦਾ ਰਾਹ ਹੈ। ਇਹ ਧੁੰਦਲਕਾ ਕਾਫ਼ੀ ਹੱਦ ਤਕ ਸਾਡੀ ਫ਼ੈਮਿਨਿਸਟ (feminist) ਸੋਚ ਦਾ ਵੀ ਧੁੰਦਲਕਾ ਹੈ।

ਮੱਛੀ ਕਹਾਣੀ ਵਿਚ ਵੀ ਇਸੇ ਤਰ੍ਹਾਂ ਸਾਰੀ ਦਿਲਚਸਪ ਗਲਤ ਥਾਂ ਟਿਕੀ ਹੋਈ ਹੈ। ਆਪਣੇ ਆਦਰਸ਼ ਲਈ ਜਾਨ ਤਲੀ ਉਤੇ ਧਰ ਕੇ ਫਿਰ ਰਹੇ ਵਿਅਕਤੀ ਦੀ ਇਸ ਬਹਾਦਰੀ ਵਲ ਤਾਂ ਉਚਿਤ ਧਿਆਨ ਨਾ ਦੇਣਾ, ਪਰ ਕਿਸੇ ਅਵੇਸਲੇਪਣ ਦੀ ਸੂਰਤ ਵਿਚ ਕਾਮ ਨਾਲ ਸੰਬੰਧਿਤ ਉਸ ਦੀ ਉਕਾਈ ਨੂੰ ਪਹਿਲੀ ਥਾਂ ਦੇ ਦੇਣਾ ਅਤੇ ਉਛਾਲਣਾ ਇਕ ਤਰ੍ਹਾਂ ਦੀ ਵਿਕ੍ਰਿਤ ਦਿਲਚਸਪੀ ਹੈ।

ਕਹਾਣੀ ਦੇ ਅਖ਼ੀਰ ਵਿਚ ਸ਼ੀਲ ਦੇ ਇਹ ਲਫ਼ਜ਼ ਬੜੇ ਜ਼ੋਰਦਾਰ ਹਨ -"...ਨਾ ਸੁਣ ਕਾਮਰੇਡ, ਜੇਹਲ 'ਚ ਰਹਿ ਕੇ ਮੈਨੂੰ ਮਹਿਸੂਸ ਹੋਇਆ ਪਈ ਇਸ ਸਮਾਜ 'ਚ ਗਰੀਬੀ ਦੇ ਦੁਖ ਦੇ ਨਾਲ ਔਰਤ ਹੋਣ ਦਾ ਆਪਣਾ ਵੱਖਰਾ ਦੁਖ ਵੀ ਹੈ। ਇਸਤਰੀ ਦੋਹਰੀ ਚੱਕੀ 'ਚ ਪਿਸਦੀ ਹੈ, 'ਕਾਮਰੇਡਾਂ ਦੇ ਘਰਾਂ 'ਚ ਵੀ!" ਪਰ, ਕਾਸ਼ ਕਿ ਕਹਾਣੀ ਇਹਨਾਂ ਸ਼ਬਦਾਂ ਦੀ ਹਿਮਾਇਤ ਕਰਦੀ ਹੁੰਦੀ ਅਤੇ ਇਹ ਸ਼ਬਦ ਕਹਾਣੀ ਦਾ ਮੰਤਕੀ ਸਿਖਰ ਹੁੰਦੇ ਅਸਲ ਵਿਚ ਇਹ ਗਿਆਨ ਉਸ ਨੂੰ ਜੇਲ੍ਹ ਵਿਚ ਹੋਇਆ ਹੈ ਅਤੇ ਜੇਲ੍ਹ ਵਿਚਲਾ ਜੀਵਨ ਕਹਾਣੀ ਵਿਚੋਂ ਗੁੰਮ ਹੈ।

ਕਲਾ ਦੇ ਪੱਖੋ ਮੈਂ ਤੁਹਾਡੇ ਵਿਚੋਂ ਹਾਂ ਕਹਾਣੀ ਵਿਅੰਗ ਨਹੀਂ, ਮਜ਼ਾਕ ਹੈ। ਲੱਛਮੀ ਕਹਾਣੀ ਵਿਚ ਆਮ ਗਿਆਨ ਵਿਚਲੇ ਅਤੇ ਚਿਰਾਂ ਤੋਂ ਚਰਚਿਤ ਵਿਸ਼ੇ ਨੂੰ ਦੁਹਰਾਅ ਦਿੱਤਾ ਗਿਆ ਹੈ। ਇਹੋ ਜਿਹੀਆਂ ਕਹਾਣੀਆਂ ਨਾ ਤਾਂ ਪਾਠਕ ਨੂੰ ਯਥਾਰਥ ਬਾਰੇ ਕੋਈ ਨਵੀਂ ਅੰਤਰ-ਦ੍ਰਿਸ਼ਟੀ ਦੇਂਦੀਆਂ ਹਨ, ਨਾ ਹੀ ਉਸ ਦੀ ਸੰਵੇਦਨਸ਼ੀਲਤਾ ਵਿਚ ਵਾਧਾ ਕਰਦੀਆਂ ਹਨ।

ਗੋਈ ਸਾਈਕਲ ਦੀਆਂ ਕਹਾਣੀਆਂ ("ਗੋਈ, "ਬੰਗਲਾ", "ਘਰ") ਵਿਚ ਪ੍ਰੇਮ

118