ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਸ਼ ਨਵੀਂ ਦਿਸ਼ਾ ਫੜਦਾ ਹੈ, ਜੋ ਸੱਚਮੁੱਚ ਹੀ ਸਾਡੇ ਅਜੋਕੇ ਜੀਵਨ ਦੀ ਭਖਵੀਂ ਸਮੱਸਿਆਂ ਨੂੰ ਛੂੰਹਦੀ ਹੈ। ਬਾਵਜੂਦ ਦੁਹਰਾਅ ਦੇ, ਇਹ ਕਹਾਣੀਆਂ ਸਾਡੇ ਜੀਵਨ ਵਿਚਲੇ ਵੱਖ ਵੱਖ ਤਣਾਵਾਂ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਦੀ ਬੁਨਿਆਦ ਅੰਤਰ-ਜਾਤੀ, ਅਤਰ-ਧਰਮ ਅਤੇ ਉਪ-ਸਭਿਆਚਾਰਕ ਤਣਾਵਾਂ ਵਿਚ ਹੈ। ਇਹਨਾਂ ਵਿਚ ਵਾਪਰਦਾ ਦੁਖਾਂਤ ਸਮਾਂ ਵਿਹਾਅ ਚੁੱਕੀਆਂ ਕੀਮਤਾਂ ਨੂੰ ਚੰਬੜੇ ਰਹਿਣ ਕਰ ਕੇ ਹੈ, ਜਾਂ ਨਵੀਆਂ ਪ੍ਰਸਥਿਤੀਆਂ ਨੂੰ ਨਾ ਸਮਝਣ ਕਰ ਕੇ। ਕਈ ਸਾਲਾਂ ਦੀ ਵਿੱਥ ਵੀ 'ਘਰ' ਦੀ ਨਾਇਕਾ ਨੂੰ ਏਨੀ ਸੂਤ ਨਹੀਂ ਬਖ਼ਸ਼ਦੀ ਕਿ ਉਸ ਨੇ ਜ਼ਿੰਦਗੀ ਵਿਚ ਕੀ ਕੀਤਾ ਹੈ ਅਤੇ ਉਸ ਦੀ ਕੀ ਮਹੱਤਾ ਹੈ।

"ਤੈਂ ਲਿਖਿਆ ਹੈ ਕਿ ਤੂੰ ਦੁਖੀ ਐਂ। ਤੂੰ ਜੋ ਕੁਝ ਚਾਹੁੰਦੀ ਸੀ, ਉਹ ਮਿਲ ਨਹੀਂ ਸਕਿਆ। ਪਰ ਮੈਂ ਇਸ ਲਈ ਦੁਖੀ ਹਾਂ ਕਿ ਮੈਂ ਜੋ ਚਾਹਿਆ ਸੀ, ਉਹ ਮਿਲ ਗਿਆ। ਹੁਣ ਪਛਤਾਂਦੀ ਹਾਂ ਕਿ ਮੈਂ ਉਹ ਕਿਉਂ ਚਾਹਿਆ!" ਇਸ ਤਰ੍ਹਾਂ ਦੇ ਫ਼ਿਲਮੀ ਵਾਰਤਾਲਾਪ ਨਾਇਕਾਂ ਦੀ ਮਾਨਸਿਕਤਾ ਨੂੰ ਪੇਸ਼ ਕਰਦੇ ਹਨ। ਇਹਨਾਂ ਤੋਂ ਹੀ ਲੱਗਦਾ ਹੈ ਕਿ ਅੰਤਰਜਾਤੀ, ਅੰਤਰ-ਧਰਮ ਵਿਆਹ ਕਿਸੇ ਆਦਰਸ਼ ਦਾ ਜਾਂ ਸੋਚੇ-ਸਮਝੇ ਚੇਤੰਨ ਫ਼ੈਸਲੇ ਦਾ ਸਿੱਟਾ ਨਹੀਂ ਸੀ, ਸਗੋਂ ਜ਼ਿੰਦਗੀ ਵਿਚ ਫ਼ਿਲਮੀ ਤਰ੍ਹਾਂ ਦੀ ਉਤਸੁਕਤਾ ਜਗਾਈ ਰਖਣ ਦਾ ਸਿੱਟਾ ਸੀ। ਉਸ ਨੂੰ ਇਹ ਵੀ ਇਤਰਾਜ਼ ਹੈ ਕਿ "ਮੇਰਾ ਵਰਤਮਾਨ ਬੜਾ ਸੌਖਾ ਹੈ।" ਪਰ ਇਸ ਫ਼ਿਲਮੀ ਸੋਚ ਦੀ ਵੀ ਸਮਾਜਕ ਸਾਪੇਖਤਾ ਹੈ, ਭਾਵੇਂ ਲੇਖਕ ਦਾ ਮੰਤਵ ਰੀਟਾ ਦੇ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਨਾ ਨਹੀਂ। "ਗੌਈ’ ਅਤੇ ‘ਬੰਗਲਾ' ਕਹਾਣੀਆਂ ਦੇ ਬਣਤਰੀ ਅੰਸ਼ ਭਾਵੇਂ 'ਘਰ" ਵਾਲੇ ਹੀ ਹਨ, ਪਰ ਫ਼ਿਲਮੀ ਵਿਰੋਧਾਭਾਸਾਂ ਉਤੇ ਜ਼ੋਰ ਨਾ ਹੋਣ ਕਰਕੇ "ਘਰ" ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਇਹਨਾਂ ਵਿਚ ਮੁੱਖ ਵਿਰੋਧ ਅੰਤਰ-ਜਾਤੀ ਉਪ-ਸਭਿਆਚਾਰਕ ਵਿਰੁੱਧ ਹਨ, ਅਤੇ ਇਹਨਾਂ ਨੂੰ ਵਧੇਰੇ ਯਥਾਰਥਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਕਹਿ ਸਕਦੇ ਹਾਂ ਕਿ ਗੋਈ ਸਾਈਕਲ ਦੀਆਂ ਕਹਾਣੀਆਂ ਏਸ ਜਨਮ ਵਿਚ ਤੋਂ ਅਗਲਾ ਕਦਮ ਹਨ।

ਪਰ ਇਸ ਨਾਲ ਵੀ ਪ੍ਰੇਮ ਪ੍ਰਕਾਸ਼ ਦੀ ਕਲਾ ਦੀ ਸੇਧ ਨਿਸ਼ਚਿਤ ਨਹੀਂ ਹੁੰਦੀ। ਇਹ ਅਜੇ ਪਤਾ ਲੱਗੇਗਾ ਕਿ ਉਹ ਸਮਾਜਕ ਯਥਾਰਥ ਦੀ ਪੇਸ਼ਕਾਰੀ ਨੂੰ ਆਪਣੀ ਪੱਕੀ ਸੂਰ ਬਣਾਉਂਦਾ ਹੈ, ਜਾਂ ਕਿ ਲਿੰਗ-ਦੁਆਲੇ ਕੋਈ ਰੋਮਾਂਸਿਕ-ਰਹੱਸਵਾਦੀ ਜਾਲ ਬੁਨਣ ਨੂੰ।

119