ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦਰਾਂ-ਕੀਮਤਾਂ, ਵਿਚਾਰਾਂ, ਵਿਅਕਤੀਗਤ ਜਾਂ ਸਮੂਹਕ ਆਦਰਸ਼ਾਂ ਦੇ ਰੂਪ ਵਿਚ ਹੁੰਦਾ ਹੈ।

ਵਸਤੂਪਰਕ ਸਮਾਜਕ ਯਥਾਰਥ ਦੇ ਸਮੁੱਚੇ ਤੌਰ ਉਤੇ ਅਤੇ ਆਤਮਪਰਕ ਸਮਾਜਕ ਯਥਾਰਥ (ਲੇਖਕ ਦਾ ਵਿਅਕਤੀਤਵ) ਦਾ ਅੰਸ਼ਕ ਤੌਰ ਉਤੇ ਵਾਹਣ ਗਲਪ-ਪਾਤਰ ਅਤੇ ਉਹਨਾਂ ਦੇ ਆਪਸੀ ਸੰਬੰਧ ਹੀ ਹੁੰਦੇ ਹਨ। ਸਮਾਜਕ ਯਥਾਰਥ ਦਾ ਆਤਮ-ਪਰਕ ਭਾਗ ਗਲਪ-ਪਾਤਰਾਂ ਤੋਂ ਇਲਾਵਾ ਕਿਰਤ ਦੇ ਦੂਜੇ ਅੰਸ਼ਾਂ ਵਿਚ ਵੀ ਪ੍ਰਗਟ ਹੁੰਦਾਂ ਹੈ, ਜਿਵੇਂ ਕਿ ਘਟਨਾਵਾਂ ਦੀ ਚੌਣ ਅਤੇ ਤਰਤੀਬ ਵਿਚ, ਸਮਸਿਆਵਾਂ ਦੀ ਪੇਸ਼ਕਾਰੀ ਅਤੇ ਸਮਾਧਾਨ ਵਿਚ, ਕਿਰਤ ਵਿਚਲੇ ਵੇਰਵੇ ਦੇ ਵਿਸਥਾਰ ਅਤੇ ਸੰਜਮ ਵਿਚ, ਕਿਰਤ ਦੇ ਪ੍ਰਧਾਨ ਭਾਵ (ਹਾਸ-ਰਸੀ, ਗੰਭੀਰ, ਵਿਅੰਗਾਤਮਕ, ਆਸ਼ਾਵਾਦੀ, ਨਿਰਾਸ਼ਾਵਾਦੀ ਆਦਿ) ਵਿੱਚ।

ਇਸੇ ਤਰ੍ਹਾਂ ਸਾਹਿਤਕ ਕਿਰਤ ਦੇ ਰੂਪ ਨੂੰ ਵੀ ਅਸੀ ਅੱਗੋਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ: (ਉ) ਰੂਪਾਕਾਰ (ਅ) ਭਾਸ਼ਾ (ੲ) ਸ਼ੈਲੀ। ਜਿਸ ਤਰ੍ਹਾਂ ਅਸੀਂ ਉੱਪਰ ਦੇਖਿਆ ਹੈ ਕਿ ਵਸਤੂ ਦੇ ਅੰਗਾਂ ਦੇ ਅੰਦਰ ਆਤਮਪਰਕ ਅਤੇ ਵਸਤੂਪਰਕ, ਬੌਧਕ ਅਤੇ ਪਦਾਰਥਕ, ਆਧਾਰ ਅਤੇ ਉਸਾਰ ਆਦਿ ਦੇ ਵਿਰੋਧ ਕਾਰਜਸ਼ੀਲ, ਦੇਖੇ ਜਾ ਸਕਦੇ ਹਨ। ਰੂਪਾਕਾਰ ਸ਼ਾਇਦ ਰੂਪ ਦਾ ਸਭ ਤੋਂ ਵਧ ਸਥਿਰ ਭਾਗ ਹੈ ਅਤੇ ਇਸ ਨੂੰ ਪਰਿਭਾਸ਼ਤ ਕਰਨ ਦੀ ਮਹੱਤਾ ਰੱਖਦਾ ਹੈ। ਤਾਂ ਵੀ ਇਹ ਅਬਦਲ ਜਾਂ ਗਤੀਹੀਨ ਨਹੀਂ। ਇਸ ਵਿੱਚ ਵੀ ਹਰ ਰਚਨਾ ਦੇ ਰੂਪ ਵਿਚ ਤੇ ਹਰ ਲੇਖਕ ਦੇ ਹੱਥ ਵਿਚ ਗਿਨਣਾਤਮਕ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਟਾਲਸਟਾਇ ਇਸ ਗੱਲ ਉਤੇ ਮਾਣ ਕਰਦਾ ਸੀ ਕਿ ਉਸਦੇ ਨਾਵਲ, ਨਾਵਲ ਦੇ ਸਥਾਪਤ ਚੌਖਟੇ ਵਿਚ ਫਿੱਟ ਨਹੀ ਹੁੰਦੇ। ਰੂਸੀ ਆਲੋਚਕਾਂ ਦਾ ਆਮ ਮਤ ਹੈ ਕਿ ਰੂਸੀ ਸਾਹਿਤ ਦਾ ਇਤਿਹਾਸ ਨਾਵਲ, ਕਵਿਤਾ ਜਾਂ ਨਿੱਕੀ ਕਹਾਣੀ ਦੀਆਂ ਆਮ ਤੌਰ ਉੱਤੇ ਪ੍ਰਵਾਣਿਤ ਪਰਿਭਾਸ਼ਾਵਾਂ ਤੋਂ ਲਾਂਭੇ ਜਾਣ ਦਾ ਇਤਿਹਾਸ ਹੈਂ। ਇਸੇ ਕਰਕੇ ਰੂਸੀ ਆਲੋਚਕ ਮ. ਮ. ਬਾਖਤਿਨ ਅਨੁਸਾਰ: "ਰੂਪਾਕਾਰ ਸਾਹਿਤਕ ਵਿਕਾਸ ਦੇ ਅਮਲ ਵਿਚ ਕਲਾਤਮਕ ਯਾਦ-ਸ਼ਕਤੀ ਨੂੰ ਪੇਸ਼ ਕਰਦਾ ਹੈ," ਕਿਉਂਕਿ "ਇਹ ਵਰਤਮਾਨ ਵਿਚ ਰਹਿੰਦਾ ਹੈ, ਪਰ ਆਪਣੇ ਮੁੱਢ ਅਤੇ ਬੀਤੇ ਤੋਂ ਨਿਰੰਤਰ ਚੌਕਸ ਹੀ ਹੈ।" ਇਸ ਕਰਕੇ ਰੂਪਾਕਾਰ ਨੂੰ ਇਕ ਮੁਕਾਬਲਤਨ ਸਥਿਰ ਅੰਸ਼ ਸਮਝਦਿਆਂ ਵੀ ਇਸ ਵਿਚਲੀ ਨਿਰੰਤਰਤਾ ਅਤੇ ਤਬਦੀਲੀ ਨੂੰ ਦੇਖਣਾ ਜ਼ਰੂਰੀ ਹੈ। ਇਸਦਾ ਅਰਥ ਹੈ ਕਿ ਸੰਕਲਪ ਦੀ ਪੱਧਰ ਉੱਤੇ ਇਸ ਦੇ ਆਮ ਲੱਛਣਾਂ ਨੂੰ ਅਤੇ ਰਚਨਾ ਦੀ ਪੱਧਰ ਉੱਤੇ ਵਿਸ਼ੇਸ਼ ਲੱਛਣਾਂ ਨੂੰ, ਦੂਜੇ ਸ਼ਬਦਾਂ ਵਿਚ ਇਸ ਦੇ ਭਾਵਵਾਚੀ ਸਰੂਪ ਨੂੰ ਅਤੇ ਇਸ ਦੇ ਪ੍ਰਾਪਤ ਸਰੂਪ ਨੂੰ ਮੁੱਖ ਰੱਖ ਕੇ ਹੀ ਅਧਿਐਨ ਕੀਤਾ ਜਾਣਾ ਚਾਹੀਦਾ ਹੈ।

ਵੈਸੇ ਵੀ ਹਰ ਰੂਪਾਕਾਰ ਸਮਾਜਕ ਵਿਕਾਸ ਦੇ ਕਿਸੇ ਵਿਸ਼ੇਸ਼ ਪੜਾਅ ਨਾਲ ਜੁੜਿਆ ਹੁੰਦਾ ਹੈ, ਜਿਵੇਂ ਕਿ ਮਹਾਂਕਾਵਿ ਪੂਰਵ-ਸਰਮਾਏਦਾਰਾ ਦੌਰ ਦਾ ਰੂਪ ਹੈ, ਜਦ ਕਿ ਨਾਵਲ ਸਰਮਾਏਦਾਰਾ ਦੌਰ ਅਤੇ ਉਸ ਤੋਂ ਮਗਰੋਂ ਦਾ ਮਹਾਂਕਾਵਿ ਹੈ। ਇਸੇ ਤਰ੍ਹਾਂ ਜਨਮ ਸਾਖੀ ਸਾਹਿਤ ਨਾਇਕ ਅਤੇ ਮਨੁੱਖਾ ਸ਼ਖ਼ਸੀਅਤ ਦੇ ਸਾਮੰਤੀ ਸੰਕਲਪ ਨੂੰ ਪੇਸ਼

6