ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਿਆਉਣਾ ਲਾਜ਼ਮੀ ਬਣਾ ਦੇਂਦੀ ਹੈ। ਇਸ ਤਰ੍ਹਾਂ ਨਾਲ ਵਸਤੂ ਸਾਹਿਤਕ ਕਿਰਤ ਵਿਚ ਨਿਰਧਾਰਨੀ ਮਹੱਤਾ ਰੱਖਦਾ ਹੈ, ਜਦ ਕਿ ਰੂਪ ਉਜਾਗਰਨੀ ਅਤੇ ਪ੍ਰਭਾਵਕਾਰੀ ਮਹੱਤਾ ਰੱਖਦਾ ਹੈ।

ਉਪਰੋਕਤ ਸਾਰਾ ਕੁਝ ਸਾਹਿਤ ਜਾਂ ਸਾਹਿਤਕ ਕਿਰਤ ਦੇ ਅਧਿਐਨ ਦੇ ਵਿਸ਼ਲੇਸ਼ਣ ਵਾਲੇ ਭਾਗ ਨੂੰ ਪੇਸ਼ ਕਰਦਾ ਹੈ, ਇਸਦੇ ਮੁਲਾਂਕਣ ਨੂੰ ਨਹੀ। ਪਰ ਸਾਹਿਤ ਅਧਿਐਨ ਮੁਲਾਂਕਣ ਤੋਂ ਬਿਨਾਂ ਅਧੂਰਾ ਹੈ। ਹੁਣ ਤਕ ਦਾ ਵਿਸ਼ਲੇਸ਼ਣ ਕਿਰਤ ਦਾ ਇਸ ਹੱਦ ਤੱਕ ਮੁਲਾਂਕਣ ਕਰਨ ਵਿਚ ਤਾਂ ਸਹਾਈ ਹੋ ਸਕਦਾ ਹੈ ਕਿ ਕਿਸੇ ਸਾਹਿਤਕ ਕਿਰਤ ਦੇ ਅੰਗ ਕਿਵੇਂ ਅਤੇ ਕਿਥੋਂ ਤੱਕ ਇਕ ਇਕਾਈ ਵਿਚ ਜੁੜੇ ਹੋਏ ਹਨ। ਪਰ ਇਹ ਸਿਰਫ਼ ਸੰਰਚਨਾ ਦੀ ਪੱਧਰ ਉਤੇ ਮੁਲਾਂਕਣ ਹੈ। ਸਮੁੱਚਤਾ ਦੀ ਪੱਧਰ ਉਤੇ ਨਹੀਂ।

ਸਮੁੱਚਤਾ ਦੀ ਪੱਧਰ ਉਤੇ ਮੁਲਾਂਕਣ ਲਈ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਸਾਹਿਤ, ਸਮਾਜਕ ਚੇਤਨਾ ਵਜੋਂ ਅਤੇ ਸਮਾਜਕ ਕਦਰ ਵਜੋਂ ਸਮਾਜਕ ਯਥਾਰਥ ਦਾ ਇਕ ਅੰਗ ਹੁੰਦਾ ਹੈ, ਇਸ ਲਈ ਆਪ ਵੀ ਯਥਾਰਥ ਹੈ ਅਤੇ ਮੁਕਾਬਲਤਨ ਸਵੈਧੀਨ ਹੋਂਦ ਵੀ ਰੱਖਦਾ ਹੈ। ਸਵੈਧੀਨ ਹੱਦ ਵਜੋਂ ਹੀ ਇਹ ਸਾਹਿਤ ਸਮਾਜਕ ਚੇਤਨਾ ਦੇ ਖੇਤਰ ਵਿਚ ਚੱਲਦੇ ਕਰਮ-ਪ੍ਰਤਿਕਰਮ ਵਿਚ ਭਾਗ ਲੈਂਦਾ ਹੈ। ਸਮਾਜਕ ਚੇਤਨਾ ਦੇ ਇਕ ਰੂਪ ਵਜੋਂ ਹੀ ਇਹ ਸਵੈਧੀਨ ਹੋਂਦ ਰੱਖਦਾ ਹੈ।

ਪਰ ਸਮਾਜਕ ਚੇਤਨਾ ਦਾ ਇਕ ਰੂਪ ਹੋਣ ਦੇ ਨਾਤੇ ਹੀ ਇਹ ਯਥਾਰਥ ਦਾ ਪ੍ਰਤਿਬਿੰਬ ਹੈ, ਯਥਾਰਥ ਨਹੀਂ। ਸਾਹਿਤਕ ਕਿਰਤ ਬਿੰਬ-ਰੂਪ ਵਿਚ ਸਮਾਜਕ ਯਥਾਰਥ ਦੀ ਪੁਨਰ-ਸਿਰਜਣਾ ਕਰਦੀ ਹੈ, ਅਤੇ ਬਿੰਬ ਯਥਾਰਥ ਦਾ ਬੋਧ ਉਹਨਾਂ ਪ੍ਰਕਾਰਜਾਂ ਨਾਲ ਮਿਲਾ ਕੇ ਕਰਾਉਂਦਾ ਹੈ ਜਿਹੜੇ ਇਸ ਨੇ ਸਾਹਿਤਕ ਕਿਰਤ ਵਿਚ ਨਿਭਾਉਣੇ ਹੁੰਦੇ ਹਨਇਹ ਕਿਰਤ ਵਿਚ ਸੋਹਜ ਦਾ ਸਾਧਨ ਵੀ ਹੁੰਦਾ ਹੈ, ਲੇਖਕ ਦੇ ਦ੍ਰਿਸ਼ਟੀਕੋਣ ਦਾ ਵਾਹਕ ਵੀ। ਇਸ ਤਰ੍ਹਾਂ ਰਚਨਾ ਵਿਚ 'ਬਿੰਬ ਤੀਹਰਾ ਕਾਰਜ ਨਿਭਾਉਂਦਾ ਹੈ: ਕਿਰਤ ਦੀ ਸੰਰਚਨਾ ਵਿਚ ਇਹ ਰੂਪ ਅਤੇ ਵਸਤੂ ਨੂੰ ਜੋੜ ਕੇ ਯਥਾਰਥ ਦਾ ਆਪਣੇ ਢੰਗ ਨਾਲ ਬੋਧ ਕਰਵਾਉਂਦਾ ਹੈ, ਬਿੰਬ ਸਾਹਿਤ ਵਿਚ ਸੋਹਜ ਪੈਦਾ ਕਰਨ ਦਾ ਸਾਧਨ ਹੈ; ਬਿੰਬ ਲੇਖਕ ਦੇ ਦ੍ਰਿਸ਼ਟੀਕੋਣ ਨਾਲ ਸੰਬੰਧਤ ਹੋਣ ਦੇ ਨਾਤੇ ਲੇਖਕ ਦੀ ਚੇਤਨਾ ਦੀ ਸੰਰਚਨਾ ਨੂੰ ਪੇਸ਼ ਕਰਦਾ ਹੈ।'

ਬਿੰਬ ਵਾਲੇ ਉਪਰੋਕਤ ਤਿੰਨੇ ਪ੍ਰਕਾਰਜ ਹੀ ਭਾਸ਼ਾ, ਸ਼ੈਲੀ, ਪਾਤਰ, ਘਟਣਾ ਦੀ ਚੋਣ ਅਤੇ ਉਸਾਰੀ (ਪਲਾਟ) ਵਿਚ ਵੀ ਦੇਖੇ ਜਾ ਸਕਦੇ ਹਨ। ਇਸ ਲਈ ਕਿਰਤ ਵਿਚਲੇ ਇਹਨਾਂ ਅੰਗਾਂ ਨੂੰ ਭਾਸ਼ਾ-ਬੰਬ, ਪਾਤਰ-ਬਿੰਬ ਅਤੇ ਘਟਣਾ-ਬੰਬ ਵੀ ਕਿਹਾ ਜਾ ਸਕਦਾ ਹੈ। ਸੋ ਸਾਹਿਤਕ ਕਿਰਤ ਦੀ ਅਸੀਂ ਪਰਿਭਾਸ਼ਾ ਇਹ ਦੇ ਸਕਦੇ ਹਾਂ ਕਿ ਇਹ ਮੋਟੇ ਤੌਰ ਉੱਤੇ ਇਕ ਵਿਸ਼ੇਸ਼ ਰੂਪਾਕਾਰ ਦੇ ਘਰ ਵਿਚ ਰਹਿੰਦਿਆਂ ਅਤੇ ਕੇਂਦਰੀ ਵਿਚਾਰ ਨੂੰ ਮੁਖ ਰੱਖਦਿਆਂ ਸਮਾਜਕ ਯਥਾਰਥ ਦੀ ਬਿੰਬ-ਰੂਪ ਵਿਚ ਪੁਨਰ-ਸਿਰਜਣਾ ਹੈ।

9