ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਵਸਤੂਪਰਕ ਸਮਾਜਕ ਯਥਾਰਥ ਆਤਮਕ ਲੱਛਣਾਂ ਰਾਹੀਂ ਸਾਕਾਰ ਹੁੰਦਾ ਹੈ । ਨਾ ਸਿਰਫ਼ ਵਸਤੂ ਵਿਚ ਸਗੋਂ ਰੂਪ ਵਿਚ ਵੀ ਇਹ ਦੋਵੇਂ ਪੱਖ ਨਾਲ ਨਾਲ ਚਲਦੇ ਹਨ । ਸ਼ੈਲੀ ਨੂੰ ਪ੍ਰਤੀਮਾਨਾਂ (ਵਸਤੁਪਕਤਾ) ਤੋਂ ਲਾਂਭੇ ਜਾਣ (ਆਤਮਪਰਕਤਾ) ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ । ਭਾਸ਼ਾ ਅਤੇ ਰੂਪਾਕਾਰ ਵਿਚ ਵੀ ਸਥਾਪਤ (ਵਸਤੂਪਰਕ) ਅਤੇ ਪਰਾਪਤ (ਆਤਮਕ) ਇਕੋ ਥਾਂ ਕੰਮ ਕਰ ਰਹੇ ਹੁੰਦੇ ਹਨ । ਅਸਲ ਵਿਚ ਹਰ ਰਚਨਾ ਦੀ ਵਿਲੱਖਣਤਾ ਵਸਤੂਪਰਕ ਅਤੇ ਆਤਮਪਰਕ ਦੇ ਮੌਲਕ ਸੰਬੰਧ ਵਿਚ ਹੀ ਜਨਮ ਧਾਰਦੀ ਹੈ।

ਪਰ ਇਸ ਮੌਲਿਕ ਸੰਬੰਧ ਦੇ ਪਿੱਛੇ ਸਿਰਫ਼ ਆਤਮਪਰਕਤਾ ਕੰਮ ਨਹੀਂ ਕਰ ਰਹੀ ਹੁੰਦੀ । ਆਤਮਪਰਕਤਾ ਅਤੇ ਵਸਤੂਪਕਤਾ ਦੇ ਸੰਬੰਧ ਤੋਂ ਭਾਵ ਸਿਰਫ਼ ਇਹ ਹੈ ਕਿ ਹੋਰ ਦੇਖਣ ਵਾਲੀ ਅੱਖ ਆਪਣੀ ਸ਼ਕਤੀ ਨਾਲ ਅਤੇ ਆਪਣੇ ਕੋਨ ਤੋਂ ਦੇਖਦੀ ਹੈ, ਇਸ ਲਈ ਇਸ ਦੀ ਹੋਰ ਕਿਸੇ ਨਾਲੋਂ ਵੀ ਵਿਲੱਖਣਤਾ ਹੋਵੇਗੀ । ਇਕੋ ਦ੍ਰਿਸ਼ ਨੂੰ ਵੱਖ ਵੱਖ'ਇਕੋ ਤਰ੍ਹਾਂ ਨਾਲ ਨਹੀਂ ਦੇਖਦੀਆਂ। ਹਰ ਕਿਰਤ ਵਿਚ ਸਾਹਿਤਕਾਰ ਇਹ ਕਹਿੰਦਾ ਲੱਗਦਾ ਹੈ ਕਿ “ਮੇਂ ਇਸ ਹਕੀਕਤ ਨੂੰ ਇੰਜ ਦੇਖਦਾ ਹਾਂ ।"

ਪਰ ਵਿਲੱਖਣਤਾ ਸਿਰਫ਼ ਇਹ ਵੀ ਹੋ ਸਕਦੀ ਹੈ ਕਿ ਯਥਾਰਥ ਦੇ ਪਰਾਪਤ ਅੰਸ਼ਾਂ ਅਤੇ ਕਲਾ ਦੀਆਂ ਪਰਾਪਤ ਜੁਗਤਾਂ ਨੂੰ ਕਿਸੇ ਨਵੀਂ ਤਰਤੀਬ ਜਾਂ ਪੈਟਰਨ ਵਿਚ ਵਰਤ ਲਿਆ ਜਾਏ । ਸਿਰਫ਼ ਏਨੀਂ ਵਿਲੱਖਣਤਾ ਨੂੰ ਕਲਾ ਜਾਂ ਸਾਹਿਤ ਵਿਚ ਅਸੀਂ ਮੌਲਿਕਤਾ ਦਾ ਨਾਂ ਦੇਣ ਤੋਂ ਝਿਜਕਾਂਗੇ। ਮੌਲਿਕਤਾ ਲਈ ਨਵੀਨਤਾ ਦਾ ਅੰਸ਼ ਲਾਜ਼ਮੀ ਹੈ। ਬਦਲਦੇ ਯਥਾਰਥ ਦੇ ਨਵੇਂ ਪੱਖ ਉਜਾਗਰ ਕਰਨ ਵਿਚ, ਯਥਾਰਥ ਨੂੰ ਨਵੇਂ ਚਾਨਣ ਵਿਚ ਪੇਸ਼ ਕਰਨ ਵਿਚ, ਨਵੀਆਂ ਕਲਾ-ਜੁਗਤਾਂ ਦੀ ਕਾਢ ਕੱਢਣ ਵਿਚ, ਆਦਿ । ਇਸ ਮਗਰਲੇ ਅੰਸ਼ ਨੂੰ ਕਈ ਵਾਰੀ ਪ੍ਰਯੋਗ ਵੀ ਕਹਿ ਦੇਂਦੇ ਹਨ।

ਜਿਵੇਂ ਕਿ ਉੱਪਰ ਕਿਹਾ ਗਿਆ ਹੈ ਮੌਲਿਕਤਾ, ਨਵੀਨਤਾ, ਪ੍ਰਯੋਗ ਦੇ ਪਿੱਛੇ ਸਿਰਫ਼ ਆਤਮਪਰਕਤਾ ਕੰਮ ਨਹੀਂ ਕਰ ਰਹੀ ਹੁੰਦੀ । ਅਸਲ ਵਿਚ ਯਥਾਰਥ ਲਗਾਤਾਰ ਬਦਲਦਾ ਰਹਿੰਦਾ ਹੈ, ਇਸ ਬਾਰੇ ਗਿਆਨ ਵਿਚ ਨਿਰੰਤਰ ਵਾਧਾ ਹੁੰਦਾ ਰਹਿੰਦਾ ਹੈ ਅਤੇ ਡੂੰਘਾਈ ਆਈ ਜਾਂਦੀ ਹੈ । ਇਹ ਸਾਰਾ ਕੁਝ ਮਿਲ ਕੇ ਸਾਹਿਤਕਾਰ ਅੱਗੇ ਚੈਲੰਜ ਪੇਸ਼ ਕਰਦਾ ਰਹਿੰਦਾ ਹੈ । ਨਵੀਨਤਾ, ਮੌਲਿਕਤਾ ਅਤੇ ਪ੍ਰਯੋਗ ਇਸ ਚੈਲੰਜ ਦੇ ਸੰਦਰਭ ਵਿਚ ਹੀ ਅਰਥ ਰੱਖਦੇ ਹਨ । ਸਿਰਫ਼ ਵਿਲੱਖਣਤਾ ਲਿਆਉਣ ਜਾਂ ਹਉਂ ਨੂੰ ਪ੍ਰਗਟ ਕਰਨ ਦਾ ਮੰਤਵ ਇਨ੍ਹਾਂ ਨੂੰ ਸਾਰਥਕਤਾ ਨਹੀਂ ਦੇਂਦਾ ।

ਨਵੀਨਤਾ, ਮੌਲਿਕਤਾ ਅਤੇ ਪ੍ਰਯੋਗ ਦੇ ਪ੍ਰਵਰਗ ਨੂੰ 'ਪਰੰਪਰਾ ਦੇ ਪਿਛੋਕੜ ਵਿਚ ਰੱਖ ਕੇ ਦੇਖਿਆ ਜਾਂਦਾ ਹੈ । ਪਰੰਪਰਾ ਰੂਪ ਅਤੇ ਵਸਤੂ ਦੇ ਉਹਨਾਂ ਅੰਗਾਂ ਦਾ ਨਾਂ ਹੈ । ਜਿਹੜੇ ਕਿਸੇ ਸਾਹਿਤ ਦੀਆਂ ਲੰਮੇਂ ਸਮੇਂ ਉੱਤੇ ਫੈਲੀਆਂ ਵੱਖ ਵੱਖ ਕਿਰਤਾਂ ਵਿਚ ਦੇਖਣ ਵਿਚ ਆਉਂਦੇ ਹਨ । ਪਰੰਪਰਾ ਕਿਸੇ ਸਾਹਿਤ ਦੀ ਨਿਰੰਤਰਤਾ ਹੈ। ਹਰ ਸਾਹਿਤਕਾਰ

17