ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੇਤੰਨ ਜਾਂ ਆਚੇਤ, ਚਾਹੁੰਦਾ ਨਾ-ਚਾਹੁੰਦਾ, ਇਸ ਪਰੰਪਰਾ ਨੂੰ ਹੰਢਾਉਂਦਾ ਹੈ। ਉਹ ਇਸ ਵਿਚ ਰਹਿੰਦਾ ਹੋਇਆ ਇਸ ਤੋਂ ਲਗਾਤਾਰ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਇਹੋ ਹੀ ਪਰੰਪਰਾ ਅਤੇ ਨਵੀਨਤਾ ਜਾਂ ਪਰੰਪਰਾ ਅਤੇ ਮੌਲਿਕਤਾ, ਪਰੰਪਰਾ ਅਤੇ ਪ੍ਰਯੋਗ ਦੀ ਸੰਬਾਦਕਤਾ ਹੈ। ਕੋਈ ਵੀ ਰਚਨਾ ਪਰੰਪਰਾ ਤੋਂ ਬਾਹਰ ਆਪਣੇ ਸਾਹਿਤ ਵਿਚ ਪਛਾਣ ਨਹੀਂ ਰੱਖਦੀ।

ਪਰੰਪਰਾ ਨਿਰੰਤਰ ਹੋਣ ਦੇ ਬਾਵਜੂਦ ਬਦਲਦੀ ਰਹਿੰਦੀ ਹੈ ਅਤੇ ਕਿਸੇ ਪੜਾਅ ਉਤੇ ਇਹ ਤਬਦੀਲੀ ਮੂਲਕ ਵੀ ਹੋ ਸਕਦੀ ਹੈ। ਪਰ ਹਰ ਗੁਣਾਤਮਕ ਤੌਰ ਉੱਤੇ ਨਵੇਂ ਪੜਾਅ ਵਾਂਗ, ਇਹ ਫਿਰ ਵੀ ਪਹਿਲੇ ਪੜਾਅ ਦੇ ਚੰਗੇ ਗੁਣ ਅਤੇ ਪਰਾਪਤੀਆਂ ਆਪਣੇ ਨਾਲ ਰੱਖਦੀ ਹੈ।

ਸੋ ਅਸੀਂ ਦੇਖ ਸਕਦੇ ਹਾਂ ਕਿ ਪਦਾਰਥਵਾਦੀ ਵਿਰੋਧ-ਵਿਕਾਸ ਦੀ ਵਿਧੀ ਸਾਹਿਤ ਦੇ ਸਰਬੰਗੀ ਅਧਿਐਨ ਲਈ ਸਭ ਤੋਂ ਉਚਿਤ ਅਤੇ ਭਰਪੂਰ ਅੰਤਰ-ਅਨੁਸ਼ਾਸ਼ਣੀ ਵਿਧੀ ਹੈ। ਇਹ ਕਿਸੇ ਇਕ ਕਿਰਤ ਦੇ ਕਿਸੇ ਇਕ ਅੰਗ ਦੇ ਅਧਿਐਨ ਤੋਂ ਲੈ ਕੇ ਪੂਰੀ ਕਿਰਤ, ਕਿਸੇ ਲੇਖਕ ਦੀ ਸਮੁੱਚੀ ਰਚਨਾ, ਕਿਸੇ ਧਾਰਾ, ਦੌਰ ਜਾਂ ਸਮੁੱਚੇ ਇਤਿਹਾਸ ਉੱਤੇ ਲਾਗੂ ਹੋ ਸਕਦੀ ਹੈ। ਹਰ ਸੂਰਤ ਵਿਚ ਇਹ ਵਿਸ਼ੇਸ਼ ਢੰਗ ਨਾਲ ਲਾਗੂ ਹੋਵੇਗੀ, ਪਰ ਇਸ ਦੇ ਅਸੂਲ ਕਾਨੂੰਨ ਅਤੇ ਪ੍ਰਵਰਗ ਉਹੀ ਰਹਿਣਗੇ। ਹਰ ਵਿਸ਼ੇਸ਼ ਖੇਤਰ ਅਤੇ ਖੋਜ ਲਈ ਵਿਸ਼ੇਸ਼ ਪ੍ਰਵਰਗ ਹੁੰਦੇ ਹਨ, ਜਿਹੜੇ ਉਸ ਵਿਸ਼ੇਸ਼ ਖੇਤਰ ਵਿਚਲੇ ਵਿਰੋਧਾਂ, ਸੰਬੰਧਾਂ ਅਤੇ ਅੰਤਰ-ਕਰਮਾਂ ਨੂੰ ਆਧਿਆਏ ਸੰਕਲਪਾਂ ਅਤੇ ਸੰਕਲਪਾਤਮਕ ਸ਼ਬਦਾਵਲੀ ਵਿਚ ਪੇਸ਼ ਕਰਦੇ ਹਨ। ਇਸ ਲਈ ਆਲੋਚਕ ਦੇ ਪੱਖ ਤੋਂ ਬੁਨਿਆਦੀ ਲੋੜ ਤਤਕਾਲੀ ਸਮਾਜਕ ਯਥਾਰਥ ਦੀ ਭਰਪੂਰ ਜਾਣਕਾਰੀ ਹੈ। ਤਾਂ ਵੀ ਇਸਦੇ ਵਿਸ਼ਲੇਸ਼ਣ ਅਤੇ ਅਧਿਐਨ ਦਾ ਤੁਰਨ-ਬਿੰਦੂ ਸਾਹਿਤਕ ਕਿਰਤ ਹੀ ਹੁੰਦੀ ਹੈ। ਮੁਲਾਂਕਣ ਵਿਚ ਇਹ ਵਿਧੀ ਆਤਮਪਰਕ ਨਹੀਂ ਹੋ ਸਕਦੀ, ਕਿਉਂਕਿ ਇਸਦੀ ਪਰਖ ਸਮਾਜਕ ਯਥਾਰਥ ਦੇ ਅਮਲਾਂ ਨਾਲ ਅਨੁਰੂਪਤਾ ਹੈ, ਜੋ ਕਿ ਵਸਤੂਪਰਕ ਹੁੰਦੇ ਹਨ।

18