ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਿਆਲਾਂ ਦੇ ਯਤਨਾਂ ਨੂੰ ਸਾਂਝੇ ਕਰਨ।

ਕੌਮੀ ਪੱਧਰ ਉਤੇ ਅਸੀਂ ਪ੍ਰਯੋਗਵਾਦੀ, ਨਵੀਨਤਾਵਾਦੀ, ਸੰਰਚਨਾਵਾਦੀ ਖੇਡਾਂ ਖੇਡ ਕੇ ਦੇਖ ਲਈਆਂ ਹਨ। ਇਹ ਸਾਡੀ ਦ੍ਰਿਸ਼ਟੀ ਦਾ ਸਥਾਈ ਅੰਸ਼ ਨਹੀਂ ਬਣ ਸਕੀਆਂ। ਜ਼ਿੰਦਗੀ ਦੀਆਂ ਚੰਗੀਆਂ ਕੀਮਤਾਂ ਦਾ ਪ੍ਰਚਾਰ ਅਤੇ ਰਾਖੀ ਇਹਨਾਂ ਰੁਝਾਣਾਂ ਦਾ ਕੋਈ ਲੱਛਣ ਨਹੀਂ। ਅਸੀਂ ਬੋਰ ਹੋਏ ਕਦੀ ਚਿੱਕੜ ਨਾਲ ਖੇਡਣ ਨੂੰ ਵੀ ਸ਼ਾਇਦ ਬੋਰੀਅਤ ਭੰਨਣ ਦਾ ਰਾਹ ਸਮਝ ਲਈਏ, ਬੱਚਾ ਖਿਡੌਣੇ ਨਾਲ ਖੇਡ ਵੀ ਸਕਦਾ ਹੈ, ਇਸ ਨੂੰ ਭੰਨਣ ਨੂੰ ਵੀ ਖੇਡ ਸਮਝ ਸਕਦਾ ਹੈ, ਪਰ ਇਹ ਸਥਾਈ ਅਵਸਥਾਵਾਂ ਨਹੀਂ ਹੁੰਦੀਆਂ। ਹੁਣ ਫਿਰ ਜ਼ਿੰਦਗੀ ਵਲ ਸਿਹਤਮੰਦ ਪਹੁੰਚ ਅਪਣਾਉਣ ਉਤੇ ਜ਼ੋਰ ਵਧ ਰਿਹਾ ਹੈ।

ਲੋੜ ਇਸ ਗੱਲ ਦੀ ਹੈ ਕਿ ਮੁੜ ਅਸੀਂ ਪ੍ਰਗਤੀਵਾਦੀ ਲਹਿਰ ਦੇ ਆਦਰਸ਼ਾਂ ਵਲ ਮੁੜੀਏ, ਉਹਨਾਂ ਦੀ ਸਮੇਂ ਅਨੁਕੂਲਤਾ ਨੂੰ ਸਮਝੀਏ, ਅਤੇ ਐਸੀਆਂ ਗ਼ਲਤੀਆਂ ਤੋਂ ਪਰਹੇਜ਼ ਕਰੀਏ ਜਿਨ੍ਹਾਂ ਤੋਂ ਅਸੀਂ ਪਹਿਲਾਂ ਬਚ ਨਹੀਂ ਸਾਂ ਸਕੇ। ਇਹ ਆਦਰਸ਼ ਅੱਜ ਵੀ ਉਹੀ ਹਨ : ਸਭਿਆਚਾਰਕ ਵਿਰਸੇ ਦੀ ਸੰਭਾਲ ਅਤੇ ਪ੍ਰਫੁੱਲਤਾ, ਬੋਲਣ ਲਿਖਣ ਉਤੇ ਕਿਸੇ ਵੀ ਪਾਬੰਦੀ ਦੇ ਖਿਲਾਫ਼ ਤੁਰਤ ਆਵਾਜ਼ ਉਠਾਉਣਾ, ਹਰ ਤਰਾਂ ਦੇ ਸ਼ੋਸ਼ਣ ਦੇ ਖ਼ਿਲਾਫ਼ ਅਤੇ ਹਰ ਤਰ੍ਹਾਂ ਦੀ ਅਨ੍ਹੇਰ ਬਿਰਤੀ ਫੈਲਾਉਣ ਦੇ ਖ਼ਿਲਾਫ਼ ਘੋਲ, ਇਸ ਘੋਲ ਵਿਚ ਵੱਧ ਤੋਂ ਗਿਣਤੀ ਵਿਚ ਲੋਕਾਂ ਨੂੰ ਸ਼ਾਮਲ ਕਰਨਾ, ਸਾਹਿਤ ਅਤੇ ਸਭਿਆਚਾਰ ਨੂੰ ਆਮ ਲੋਕਾਂ ਤਕ ਪੁਚਾਉਣ ਦਾ ਯਤਨ ਕਰਨਾ।

ਮੈਂ ਇਥੇ ਜਾਣ-ਬੁੱਝ ਕੇ ਆਦਰਸ਼ਾਂ ਨੂੰ ਸਾਂਝੇ ਘੋਲ ਦਾ ਆਧਾਰ ਬਣਾ ਰਿਹਾ ਹਾਂ,ਨਾ ਕਿ ਕਿਸੇ ਸਾਂਝੇ ਦੁਸ਼ਮਨ ਦੀ ਪਛਾਣ ਨੂੰ, ਕਿਉਂਕਿ ਦੁਸ਼ਮਨ ਲੱਭਣ ਦੀ ਗੱਲ ਸਾਡੇ ਵੱਡੇ ਵੱਡੇ ਬੁਧੀਮਾਨਾਂ ਨੂੰ ਗਲਤ ਸਿੱਟੇ ਕੱਢਣ ਵਲ ਲਿਜਾਂਦੀ ਰਹੀ ਹੈ। ਉਪਰੋਕਤ ਆਦਰਸ਼ਾਂ ਲਈ ਘੋਲ ਦੀ ਵਿਰੋਧਤਾ ਕਰਨ ਵਾਲਾ ਹਰ ਕੋਈ ਸਾਡਾ ਦੁਸ਼ਮਨ ਹੈ, ਜਦ ਕਿ ਹਰ ਉਹ ਵਿਅਕਤੀ ਸਾਡਾ ਦੋਸਤ ਹੈ ਜਿਹੜਾ ਇਸ ਵਿਚ ਸਾਡੇ ਨਾਲ ਤੁਰਨ ਨੂੰ ਤਿਆਰ ਹੈ, ਭਾਵੇਂ ਦੋ ਕਦਮ ਹੀ ਸਹੀ।

ਪੰਜਾਬ ਵਿਚ ਕੇਂਦਰੀ ਲੇਖਕ ਸਭਾ ਅਤੇ ਇਪਟਾ ਉਪਰੋਕਤ ਆਦਰਸ਼ਾਂ ਨੂੰ ਲੈ ਕੇ ਨਿੱਤਰੀਆਂ ਸਨ। ਕੇਂਦਰੀ ਲੇਖਕ ਸਭਾ ਨੂੰ ਇਕ ਵਾਰੀ ਫਿਰ ਇਹਨਾਂ ਉਤੇ ਜ਼ੋਰ ਦੇਣਾ ਅਤੇ ਚੇਤਨ ਤੌਰ ਉਤੇ ਇਹਨਾਂ ਆਦਰਸ਼ਾਂ ਲਈ ਕੰਮ ਕਰਨਾ ਚਾਹੀਦਾ ਹੈ। ਇਹੀ ਸਭਾ ਸਭਿਆਚਾਰ ਦੇ ਬਾਕੀ ਖੇਤਰਾਂ ਤੱਕ ਵੀ ਪਸਾਰ ਕਰ ਸਕਦੀ ਹੈ, ਜਾਂ ਸਭਿਆਚਾਰ ਦੇ

ਦੂਜੇ ਖੇਤਰਾਂ ਲਈ ਸਵੈਧੀਨ ਜਥੇਬੰਦੀਆਂ ਬਣ ਸਕਦੀਆਂ ਹਨ, ਜਿਹੜੀਆਂ ਆਪਣੇ ਆਪਣੇ ਖੇਤਰ ਵਿਚ ਉਪਰੋਕਤ ਆਦਰਸ਼ਾਂ ਲਈ ਅੰਦੋਲਨ ਚਲਾਉਣ।

33