ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੁਹਾਰ ਵਿਚ ਦੇਖਦਾ ਹਾਂ, ਜਿਹੜੀ ਗੁਰਬਖਸ਼ ਸਿੰਘ ਨੇ ਇਸ ਸਾਹਿਤਿਕ ਕਾਲ ਨੂੰ ਦਿੱਤੀ, ਜਿਸ ਦੀਆਂ ਰੇਖਾਵਾਂ ਉਸ ਤੋਂ ਮਗਰਲੇ ਹਰ ਸਾਹਿਤਕਾਰ ਦੇ ਸਾਹਿਤਿਕ ਚਿਹਰੇ ਉੱਤੇ ਪਛਾਣੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਬਿਨਾਂ ਮਗਰਲੇ ਕਿਸੇ ਵੀ ਸਾਹਿਤਕਾਰ ਦਾ ਚਿਹਰਾ ਉਸ ਤਰ੍ਹਾਂ ਨਾ ਪਛਾਣਿਆ ਜਾਂਦਾ ਜਿਸ ਤਰ੍ਹਾਂ ਅੱਜ ਪਛਾਣਿਆ ਜਾਂਦਾ ਹੈ।

-2-

ਇਸ ਨੁਹਾਰ ਦੀਆਂ ਹਰ ਸਾਹਿਤਿਕ ਚਿਹਰੇ ਉੱਪਰਲੀਆਂ ਰੇਖਾਵਾਂ ਸਮਾਜਕ, ਸਭਿਆਚਾਰਕ ਅਤੇ ਬੌਧਿਕ ਬਣਤਰ ਦੀਆਂ ਹਨ ਅਤੇ ਇਸ ਨੁਹਾਰ ਦਾ ਵਿਸ਼ਲੇਸ਼ਣ ਕੀਤਿਆਂ ਪਤਾ ਇਹ ਲਗਦਾ ਹੈ ਕਿ ਇਕ ਗੁਰਬਖ਼ਸ਼ ਸਿੰਘ ਤੋਂ ਬਿਨਾਂ ਪੰਜਾਬੀ ਸਮਾਜ, ਸਾਹਿਤ ਅਤੇ ਸਭਿਆਚਾਰ ਚਾਨਣ ਅਤੇ ਸਮਾਜਕ ਮੁੜ-ਨਿਰਮਾਣ ਦੀ ਉਸ ਮਹਾਨ ਲਹਿਰ ਤੋਂ ਅਛੋਹ ਹੀ ਰਹਿ ਜਾਣਾ ਸੀ, ਜਿਸ ਨੂੰ ਸਾਰੇ ਭਾਰਤ ਦੇ ਪ੍ਰਸੰਗ ਵਿਚ ਪ੍ਰਬੁੱਧਤਾ ਜਾਂ enlightenment ਦੀ ਲਹਿਰ ਕਹਿੰਦੇ ਹਨ। ਗੁਰਬਖਸ਼ ਸਿੰਘ ਦੀ ਸੂਰਤ ਵਿਚ ਵੀ ਇਹ ਲਹਿਰ ਬਾਕੀ ਹਿੰਦੁਸਤਾਨ ਨਾਲੋਂ ਕੋਈ ਸਵਾ ਸੌ ਸਾਲ ਪੱਛੜੀ ਹੋਈ ਸੀ। ਇਕ ਇਹ ਤੱਥ ਹੀ ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੂੰ ਮਜਬੂਰ ਕਰਦਾ ਰਿਹਾ ਹੈ ਕਿ ਉਹ ਪ੍ਰਬੁੱਧਤਾ ਦੀ ਇਸ ਲਹਿਰ ਦੀ ਰੂਪ-ਰੇਖਾ ਗੁਰਬਖਸ਼ ਸਿੰਘ ਤੋਂ ਪਹਿਲਾਂ ਦੇ ਸਾਹਿਤਕਾਰਾਂ ਅਤੇ ਲਹਿਰਾਂ ਵਿਚ ਦੇਖਣ, ਜੋ ਕਿ ਹਕੀਕਤ ਨਹੀਂ। ਇਹ ਲਹਿਰ ਹਰ ਪ੍ਰਾਂਤ ਵਿਚ ਆਪਣੀ ਤਰ੍ਹਾਂ ਨਾਲ ਆਈ। ਪਰ ਇਕ ਨਾਂ ਹੇਠ ਜਾਂਦੀ ਹਰ ਲਹਿਰ ਵਾਂਗ ਇਸ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਸਨ। ਪਹਿਲੀ ਗੱਲ, ਇਹ ਪੱਛਮ ਦੇ ਉਦਾਰ ਅਤੇ ਤਾਰਕਿਕ ਚਿੰਤਨ ਦੇ ਸੰਪਰਕ ਵਿਚ ਆਉਣ ਤੋਂ ਪੈਦਾ ਹੋਈ ਚੇਤਨਾ ਦਾ ਸਿੱਟਾ ਸੀ। ਇਸੇ ਲਈ ਇਹ ਕਿਸੇ ਪੁਰਾਤਨ ਧਾਰਮਿਕ ਵਿਚਾਰਾਂ ਦੇ ਚਾਨਣ ਵਿਚ ਆਧੁਨਿਕ ਹਕੀਕਤ ਨੂੰ ਮੁੜ ਢਾਲਣ ਦਾ ਯਤਨ ਨਹੀਂ ਸੀ, ਸਗੋਂ ਆਧੁਨਿਕ ਪੱਛਮੀ ਉਦਾਰ ਅਤੇ ਤਾਰਕਿਕ ਚਿੰਤਨ ਦੀ ਰੌਸ਼ਨੀ ਵਿਚ ਆਪਣੇ ਪੁਰਾਤਨ ਫ਼ਲਸਫ਼ੇ ਨੂੰ ਆਲੋਚਨਾਤਮਕ ਢੰਗ ਨਾਲ ਮੁੜ-ਸਮਝਣ ਦਾ ਯਤਨ ਸੀ। ਸਮਾਜ ਦੇ ਮੁੜ-ਨਿਰਮਾਣ ਵਿਚ ਵੀ ਮਾਡਲ ਪੱਛਮ ਤੋਂ ਹੀ ਲਏ ਜਾਂਦੇ ਸਨ ਅਤੇ ਸਭ ਤੋਂ ਵੱਡੀ ਗੱਲ, ਕਿ ਇਸ ਮੁੜ-ਨਿਰਮਾਣ ਦਾ ਇਕ ਲੱਛਣ ਪੁਰਾਣੀਆਂ, ਤੰਗ, ਬੋਝਲ, ਘਸੀਆਂ-ਪਿਟੀਆਂ ਸ਼ਾਮੰਤੀ ਪਰਪਾਟੀਆਂ ਨੂੰ ਤੋੜਨਾ ਅਤੇ ਉਨ੍ਹਾਂ ਦੀ ਥਾਂ ਪੱਛਮੀ ਉਦਾਰ, ਜਨਵਾਦੀ, ਤਾਰਕਿਕ ਚਿੰਤਨ ਨੂੰ ਦੇਣਾ ਸੀ। ਔਰਤ ਨੂੰ ਆਜ਼ਾਦ ਅਤੇ ਹਾਣੀ ਬਣਾਉਣਾ ਇਸੇ ਵਿਚ ਆ ਜਾਂਦਾ ਸੀ, ਅਤੇ ਇਹ ਸਾਰੀ ਵਿਚਾਰਧਾਰਾ ਆਪਣੀ ਮਾਤਭਾਸ਼ਾ ਵਿਚ ਹੀ ਪ੍ਰਚਾਰੀ ਜਾ ਸਕਦੀ ਸੀ।

ਇਹ ਸਾਰੇ ਲੱਛਣ, ਸਾਨੂੰ ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਹੋਰ ਕਿਸੇ ਵਿਚ ਨਹੀਂ ਮਿਲਦੇ ਜਦ ਕਿ ਗੁਰਬਖ਼ਸ਼ ਸਿੰਘ ਦੀ ਸਾਰੀ ਫ਼ਿਲਾਸਫ਼ੀ ਨੂੰ ਇਸ ਪਿਛੋਕੜ ਵਿਚ ਸਮਝਿਆਂ ਇਹ ਵਧੇਰੇ ਸਪਸ਼ਟ ਹੋ ਜਾਂਦੀ ਹੈ। ਗੁਰਬਖ਼ਸ਼ ਸਿੰਘ ਤੋਂ ਬਿਨਾਂ ਇਸ ਚਾਨਣ ਦੇ ਤਰੌਂਕੇ ਤਾਂ ਸਾਨੂੰ ਬੇਸ਼ਕ ਕਿਤੇ ਕਿਤੇ ਪਏ ਮਿਲ ਜਾਂਦੇ, ਪਰ ਗੁਰਬਖਸ਼ ਸਿੰਘ ਤੋਂ ਬਿਨਾਂ ਅਸੀਂ ਇਸ ਵਿਚ ਨਹਾਤੇ ਨਹੀਂ ਸੀ ਜਾਣ। ਇਸ ਪ੍ਰਸੰਗ ਵਿਚ ਪ੍ਰੋਫ਼ੈਸਰ ਪੂਰਨ ਸਿੰਘ

36