ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਜ਼ਿਕਰ ਕੁਥਾਵੇਂ ਨਹੀਂ ਹੋਵੇਗਾ। ਉਸ ਦੀ ਵਾਰਤਕ ਗੁਰਬਖ਼ਸ਼ ਸਿੰਘ ਜਿੰਨੀ ਹੀ ਬਲਵਾਨ, ਸੰਗੀਤਕ, ਜਜ਼ਬਿਆਂ ਗੁੱਧੀ ਅਤੇ ਬਹੁਤ ਹੱਦ ਤਕ ਠੇਠ ਹੈ। ਆਪਣੀ ਥੋੜ੍ਹੀ ਜਿਹੀ ਰਚਨਾ ਵਿਚ ਉਸ ਨੇ ਗੁਰਬਖ਼ਸ਼ ਸਿੰਘ ਵਾਂਗ ਹੀ ਭਿੰਨ ਭਿੰਨ ਵਿਸ਼ੇ ਛੇੜੇ ਅਤੇ ਉਨ੍ਹਾਂ ਦੀਆਂ ਉੱਚੀਆਂ ਤੋਂ ਉੱਚੀਆਂ ਟੀਸੀਆਂ ਛੋਹਣ ਅਤੇ ਉਨ੍ਹਾਂ ਦੀਆਂ ਧੁਰ ਡੂੰਘਾਣਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਆਪਣੀ ਪਿਆਰ ਦੀ ਪਰਿਭਾਸ਼ਾ ਵਿਚ ਉਹ ਗੁਰਬਖ਼ਸ਼ ਸਿੰਘ ਨਾਲੋਂ ਵਧੇਰੇ ਤਰਕਸ਼ੀਲ ਸੀ। ਰਾਜਸੀ ਚੇਤਨਤਾ ਵਿਚ ਉਹ ਗੁਰਬਖ਼ਸ਼ ਸਿੰਘ ਨਾਲੋਂ ਇਕ ਕਦਮ ਅੱਗੇ ਸੀ। ਉਹ ਪੱਛਮੀ ਸਭਿਆਚਾਰ ਦਾ ਦਿਲਦਾਦਾ ਨਹੀਂ ਸੀ, ਇਸ ਨੂੰ ਆਲੋਚਨਾਤਮਕ ਢੰਗ ਨਾਲ ਪਚਾਉਣ ਦੇ ਹੱਕ ਵਿਚ ਸੀ। ਆਪਣੇ ਲੇਖ 'ਵੋਟ ਤੇ ਪਾਲੇਟਿਕਸ' ਵਿਚ ਉਸ ਨੇ ਪੱਛਮੀ ਜਮਹੂਰੀਅਤ ਦਾ ਪਾਜ ਖੋਲ ਕੇ ਅਤੇ ਇਸ ਵਿਚਲੇ ਭਿ੍ਸ਼ਟਾਚਾਰ ਨੂੰ ਨੰਗਿਆਂ ਕਰ ਕੇ ਜਿਹੜੀ ਰਾਜਸੀ ਚੇਤਨਤਾ ਦਿਖਾਈ, ਉਸ ਨੇ ਪੰਜਾਬੀ ਚਿੰਤਨ ਦਾ ਭਾਗ ਬਣਦਿਆਂ ਅਜੇ ਕੁਝ ਵਰ੍ਹੇ ਲਾਉਣੇ ਸਨ। ਪਰ ਤਾਂ ਵੀ ਪੂਰਨ ਸਿੰਘ ਪ੍ਰਬੁੱਧਤਾ ਦੇ ਮਹਾਨ ਲਹਿਰ ਦਾ ਆਰੰਭਕ ਬਿੰਦੂ ਨਾ ਬਣ ਸਕਿਆ, ਕਿਉਂਕਿ ਉਹ ਭਾਈ ਵੀਰ ਸਿੰਘ ਜੀ ਦੇ ਪ੍ਰਭਾਵ ਹੇਠ ਸਿੰਘ ਸਭਾ ਲਹਿਰ ਵਲੋਂ ਮਿਥੀਆਂ ਗਈਆਂ ਹੱਦਾਂ ਤੋਂ ਬਾਹਰ ਨਾ ਨਿਕਲ ਸਕਿਆ। ਭਾਵੇਂ ਸਿੰਘ ਸਭਾ ਲਹਿਰ ਦੇ ਸਿਰ ਸਾਡੇ ਆਲੋਚਕ ਪ੍ਰਬੁੱਧਤਾ ਦੀ ਚਾਲਕ ਹੋਣ ਦਾ ਸਿਹਰਾ ਰੱਖਦੇ ਹਨ, ਪਰ ਜੇ ਗਹੁ ਨਾਲ ਵੇਖੀਏ ਤਾਂ ਬਾਕੀ ਭਾਰਤ ਵਿਚ ਪ੍ਰਬੁੱਧਤਾ ਦੇ ਨਾਂ ਹੇਠ ਚਲੀ ਲਹਿਰ ਦੇ ਬੁਨਿਆਦੀ ਲੱਛਣਾਂ ਵਿਚੋਂ ਕੋਈ ਵੀ ਸਿੰਘ ਸਭਾ ਲਹਿਰ ਵਿਚ ਨਹੀਂ ਦਿਸਦਾ, ਸਿਵਾਏ ਇਕ ਲੱਛਣ ਦੇ ਕਿ ਇਸ ਨੇ ਪੰਜਾਬੀ ਨੂੰ ਆਪਣੇ ਪ੍ਰਗਟਾਅ ਦਾ ਵਾਹਣ ਬਣਾਇਆ। ਸਭ ਤੋਂ ਵੱਡੀ ਗੱਲ ਇਹ ਕਿ ਪ੍ਰਬੁੱਧਤਾ ਦਾ ਲਗਪਗ ਪਹਿਲਾਂ ਕੰਮ ਸਾਮੰਤੀ ਵਲਗਣਾਂ ਨੂੰ ਤੋੜਨਾ ਸੀ, ਜਿਨ੍ਹਾਂ ਲਈ ਸਿੰਘ ਸਭਾ ਲਹਿਰ ਕੋਈ ਵੰਗਾਰ ਜਾਂ ਖ਼ਤਰਾ ਨਹੀਂ ਸੀ ਬਣਦੀ ਅਤੇ ਨਾ ਹੀ ਇਹ ਲਹਿਰ ਉਸ ਸ਼ਰੇਣੀ ਨੂੰ ਹੀ ਆਪਣੀ ਲਪੇਟ ਵਿਚ ਲੈ ਸਕੀ, ਜਿਸ ਨੇ ਪ੍ਰਬੁੱਧਤਾ ਦੀ ਵਾਹਣ ਬਣਨਾ ਸੀ - ਭਾਵ ਸ਼ਹਿਰਾਂ ਦੀ ਮੱਧ ਸ਼੍ਰੇਣੀ ਨੂੰ।

ਗੁਰਬਖ਼ਸ਼ ਸਿੰਘ ਦੀ ਸੂਰਤ ਵਿਚ ਇਕ ਹੋਰ ਗੱਲ ਉਸ ਦੇ ਹੱਕ ਵਿਚ ਕੰਮ ਕਰ ਰਹੀ ਸੀ। ਬਾਕੀ ਸਾਰੇ ਹਿੰਦੁਸਤਾਨ ਵਿਚ ਪੱਛਮੀ ਚਿੰਤਨ ਨਾਲ ਸੰਪਰਕ ਅੰਗਰੇਜ਼ਾਂ ਰਾਹੀਂ ਪੈਦਾ । ਪਰ ਪੰਜਾਬ ਵਿਚ ਅੰਗਰੇਜ਼ ਜਿਸ ਸਮੇਂ ਆਏ, ਜਿਸ ਤਰ੍ਹਾਂ ਨਾਲ ਆਏ, ਅਤੇ ਆਉਂਦਿਆਂ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਵਿਹਾਰ ਕੀਤਾ, ਉਸ ਨੇ ਅੰਗ੍ਰੇਜ਼ਾਂ ਵਾਂਗ ਬਣਨ ਨੂੰ ਸਾਧਾਰਨ ਜਨਤਾ ਦੀਆਂ ਨਜ਼ਰਾਂ ਵਿਚ ਕੋਈ ਉੱਚੇ ਹੋਣ ਦੀਆਂ ਭਾਵਨਾਵਾਂ ਨਾਲ ਨਹੀਂ ; ਸਗੋਂ ਕੁਝ ਵਿਰੋਧੀ ਜਿਹੀਆਂ ਭਾਵਨਾਵਾਂ ਨਾਲ ਜੋੜ ਦਿੱਤਾ। ਸਾਧਾਰਨ ਪੱਧਰ ਉਤੇ ਅੰਗਰੇਜ਼ੀ ਵਿਦਿਆ ਨੂੰ ਅੰਗ੍ਰੇਜ਼ੀ ਤੌਰ-ਤਰੀਕਿਆਂ ਨੂੰ ਵਿਅੰਗ ਦਾ ਵਿਸ਼ਾ ਸਮਝਿਆ ਜਾਂਦਾ ਸੀ। ਪਰ ਗੁਰਬਖ਼ਸ਼ ਸਿੰਘ ਤਾਂ ਅਮਰੀਕਾ ਵਲੋਂ ਆਇਆ ਸੀ, ਉਹ ਤਾਂ ਅਮਰੀਕਨਾਂ ਦੀਆਂ ਸਿਫਤਾਂ ਕਰਦਾ ਸੀ ਅਤੇ ਅਮਰੀਕੀ ਵੀ ਕਦੀ ਅੰਗ੍ਰੇਜ਼ਾਂ ਦੇ ਵਿਰੁਧ ਲੜੇ ਸਨ। ਸੋ ਗੁਰਬਖ਼ਸ਼ ਸਿੰਘ ਦੀ ਲਿਆਂਦੀ ਜਾ ਰਹੀ ਪ੍ਰਬੁੱਧਤਾ ਵਿਚ ਹੋਰਨਾਂ ਚੀਜ਼ਾਂ ਦੇ ਨਾਲ-ਨਾਲ, ਲੁਕਵਾਂ ਜਿਹਾ ਸਾਮਰਾਜ ਵਿਰੋਧ ਵੀ ਪਾਇਆ ਜਾਂਦਾ ਸੀ।

37