ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਗੱਲ ਹੋਰ। ਭਾਵੇਂ 'ਪ੍ਰੀਤ ਲੜੀ' ਦੇ ਪਹਿਲੇ ਪੰਜ-ਸੱਤ ਸਾਲਾਂ ਦੇ ਪਰਚਿਆਂ ਵਿਚ ਅਗਾਂਹ-ਵਧੂ ਲੇਖਕਾਂ ਦੀ ਲਹਿਰ ਦਾ ਕਿਤੇ ਜ਼ਿਕਰ ਨਹੀਂ ਮਿਲਦਾ, ਹਿਟਲਰ ਦੇ ਫਾਸ਼ਿਜ਼ਮ ਦੇ ਨਾਲ ਹੀ ਸੰਸਾਰ ਪੈਮਾਨੇ ਉੱਤੇ ਪੈਦਾ ਹੋਈ ਫਾਸ਼ਿਸਟ-ਵਿਰੋਧੀ ਲਹਿਰ ਦਾ ਜ਼ਿਕਰ ਵੀ ਨਹੀਂ ਮਿਲਦਾ (ਫਾਸ਼ਿਸਟ-ਵਿਰੋਧ ਹੈ, ਪਰ ਲਹਿਰ ਦੇ ਨਾਂ ਨਾਲ ਨਹੀਂ), ਗੁਰਬਖ਼ਸ਼ ਸਿੰਘ ਇਸ ਪੜਾਅ ਉੱਤੇ ਸੋਸ਼ਲਿਜ਼ਮ ਅਤੇ ਕਮਿਊਨਿਜ਼ਮ ਦੇ ਸਿੱਧਾਂਤ ਤੋਂ ਵੀ ਬਿਲਕੁਲ ਕੋਰਾ ਹੈ, ਸੋਵੀਅਤ ਯੂਨੀਅਨ ਦੇ ਇਤਿਹਾਸਕ ਰੋਲ ਨੂੰ ਵੀ ਨਹੀਂ ਪਛਾਣਦਾ, ਸਗੋਂ ਹਿੰਦ ਉੱਤੇ ਸੋਵੀਅਤ ਹੱਲੇ ਦੇ ਅੰਗੇ੍ਜ਼ ਪ੍ਰਚਾਰ ਦਾ ਕਿਤੇ ਕਿਤੇ ਸਾਧਨ ਵੀ ਬਣ ਜਾਂਦਾ ਹੈ, ਪਰ ਸ਼ਹਿਰੀ ਮੱਧ ਸ਼੍ਰੇਣੀ ਦੇ ਕਰਮਸ਼ੀਲ ਤਬਕੇ ਉੱਤੇ ਇਨ੍ਹਾਂ ਪ੍ਰਭਾਵਾਂ ਦੀ ਪਕੜ ਕਾਫ਼ੀ ਸੀ ਅਤੇ ਵਧਦੀ ਜਾ ਰਹੀ ਸੀ, ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਜ਼ਿੰਦਗੀ ਅਤੇ ਚਿੰਤਨ ਨੂੰ ਤਰਕ ਦੀਆਂ ਲੀਹਾਂ ਉਤੇ ਪਾਉਣ ਦੇ ਗੁਰਬਖ਼ਸ਼ ਸਿੰਘ ਦੇ ਭੋਲੇ-ਭਾਅ ਯਤਨਾਂ ਉਤੇ ਅੰਧਕਾਰ ਦੀਆਂ ਤਾਕਤਾਂ ਵਲੋਂ ਇਕੋ ਹੀ ਹੱਲੇ ਨੇ ਉਪਰੋਕਤ ਸਾਰੀਆਂ ਤਾਕਤਾਂ ਨੂੰ ਵੀ ਗੁਰਬਖ਼ਸ਼ ਸਿੰਘ ਦੇ ਪਿੱਛੇ ਲਿਆਂ ਖੜਾ ਕੀਤਾ।

ਇਸ ਤਰ੍ਹਾਂ ਬੰਗਾਲ ਵਿਚ ਨਿਰੋਲ ਧਾਰਮਿਕ ਲੀਹਾਂ ਉਤੇ ਪੈਦਾ ਹੋਈ ਪ੍ਰਬੁੱਧਤਾ ਦੀ ਲਹਿਰ ਗੁਰਬਖ਼ਸ਼ ਸਿੰਘ ਤਕ ਪਹੁੰਚਦੀ ਪਹੁੰਚਦੀ ਅਪਣੇ ਨਾਲ ਇਹ ਸਾਰੀਆਂ ਚੀਜ਼ਾਂ ਲੈ ਆਈ, ਜਿਹੜੀਆਂ ਹੋਰ ਕਿਸੇ ਵੀ ਸੂਬੇ ਵਿਚਲੀ ਪ੍ਰਬੁੱਧਤਾ ਦੀ ਲਹਿਰ ਵਿਚ ਨਹੀਂ ਸਨ। ਇਹ ਸਾਰਾ ਹੀ ਕੁਝ ਪਹਿਲਾਂ ਪ੍ਰੀਤ ਨਗਰ ਵਿਚ ਪੁਜ ਗਿਆ, ਫਿਰ ,'ਪ੍ਰੀਤ ਲੜੀ' ਵਿਚ ਅਤੇ ਫਿਰ ਗੁਰਬਖ਼ਸ਼ ਸਿੰਘ ਦੀ ਚੇਤਨਾ ਵਿਚ ਵੀ। ਇਸ ਤਰਾਂ ਹੌਲੀ ਹੌਲੀ ਉਹੀ ਆਲਾ-ਦੁਆਲਾ, ਜਿਹੜਾ ਗੁਰਬਖ਼ਸ਼ ਸਿੰਘ ਨੇ ਆਪ ਸਿਰਜਿਆ ਸੀ, ਉਸ ਦੇ ਆਪਣੇ ਵਿਕਾਸ ਵਿਚ ਵੀ ਸ਼ਕਤੀ-ਸ਼ਾਲੀ ਅੰਸ਼ ਬਣ ਗਿਆ। ਇਹ ਵੀ ਗੁਰਬਖ਼ਸ਼ ਸਿੰਘ ਦੀ ਹੀ ਵਡਿੱਤਣ ਸੀ ਕਿ ਆਪਣੇ ਆਲੇ-ਦੁਆਲੇ ਉਤੇ ਇਕ ਖ਼ਾਸ ਪ੍ਰਮੁੱਖਤਾ ਪ੍ਰਾਪਤ ਹੋਣ ਦੇ ਬਾਵਜੂਦ, ਉਸ ਨੇ ਆਪਣੇ ਆਪ ਨੂੰ ਇਸ ਉਤੇ ਠੋਸਿਆ ਨਹੀਂ, ਸਗੋਂ ਇਸ ਦੇ ਪ੍ਰਭਾਵ ਨੂੰ ਵੀ ਉਸੇ ਖੁਲ੍ਹ-ਦਿਲੀ ਅਤੇ ਖਿੜੇ-ਮੱਥੇ ਨਾਲ ਕਬੂਲਿਆ।

ਇਹ ਹੈ ਉਹ ਸਾਰਾ ਪਿਛੋਕੜ ਜਿਸ ਨੂੰ ਧਿਆਨ ਵਿਚ ਰੱਖ ਕੇ ਅਸੀਂ ਗੁਰਬਖ਼ਸ਼ ਸਿੰਘ ਦੀ ਰਚਨਾ ਨੂੰ, ਉਸ ਦੇ ਫ਼ਲਸਫ਼ੇ ਨੂੰ, ਉਸ ਵਲੋਂ ਚਲਾਈ ਗਈ ਲਹਿਰ ਨੂੰ ਦੇਖੀਏ, ਤਾਂ ਇਹ ਵਧੇਰੇ ਸਪਸ਼ਟ, ਵਧੇਰੇ ਅਰਥ-ਭਰਪੂਰ ਹੋ ਜਾਂਦੀ ਹੈ ਅਤੇ ਇਸ ਦਾ ਮੂੰਹ-ਮੁਹਾਂਦਰਾ ਦੂਜੇ ਸਾਰੇ ਚਿਹਰਿਆਂ ਵਿਚ ਵੀ ਦੱਸਣ ਲੱਗ ਪੈਂਦਾ ਹੈ।

-3-

ਗੁਰਬਖਸ਼ ਸਿੰਘ ਨੇ ਆਪਣੇ ਫਲਸਫੇ ਨੂੰ, ਆਪਣੀ ਲਹਿਰ ਨੂੰ, ਪ੍ਰੀਤ ਦਾ ਨਾਂ ਦਿੱਤਾ। ਇਸ ਨਾਂ ਨੇ ਲੋਕਾਂ ਦੀ ਉਸ ਵਲ ਖਿੱਚੇ ਜਾਣ ਵਿਚ ਅਤੇ ਕਈਆਂ ਦੀ ਉਸ ਨਾਲ ਹਮੇਸ਼ਾਂ ਲਈ ਜੁੜੇ ਰਹਿਣ ਵਿਚ ਸਹਾਇਤਾ ਕੀਤੀ। ਪਰ ਨਾਲ ਹੀ ਇਹ ਨਾਂ

38