ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਦੀਆਂ ਪਾਈਆਂ ਚਿੱਠੀਆਂ ਇਸੇ ਤਰ੍ਹਾਂ ਦੀ ਇਕ ਲਿਲਕੜੀ ਹਨ, ਕਿ ਅਨਪੜ੍ਹ ਜੀਤਾਂ ਆਪਣੇ ਆਪ ਨੂੰ ਪਰਦੇਸ਼ੀ-ਘੁੰਮ ਫਿਰ ਆਏ ਗੁਰਬਖ਼ਸ਼ ਦੇ ਹਾਣ ਦੀ, ਸਗੋਂ ਉਸ ਨਾਲੋਂ ਵੀ ਉੱਚੀ-ਸੁੱਚੀ ਸਮਝੇ। ਔਰਤ ਨੂੰ ਮਰਦ ਦੇ ਨਾਲ ਸਾਵਾਂ ਦੇਖਣ ਦੀ ਤਾਂਘ ਇਸ ਫ਼ਲਸਫ਼ੇ ਦੇ ਪਿਛੇ ਕੰਮ ਕਰ ਰਹੀ ਹੈ।

ਸਿਰਫ਼ ਇਹ ਹੱਦਾਂ ਹਨ, ਜਿਨ੍ਹਾਂ ਦੇ ਅੰਦਰ ਰਹਿ ਕੇ ਅੱਜ ਦੇ ਯੁੱਗ ਵਿਚ ਗੁਰਬਖ਼ਸ਼ ਸਿੰਘ ਦਾ ਪ੍ਰੀਤ-ਫ਼ਲਸਫ਼ਾ ਸਮਝਣਾ ਪਵੇਗਾ। ਇਸ ਨੂੰ ਲਿੰਗ ਤੋਂ ਉਤਾਂਹ ਦੀ ਕੋਈ ਚੀਜ਼, ਕੋਈ ਪਰਾ-ਸਰੀਰਕ ਚੀਜ਼ ਅਤੇ ਕੋਈ ਪਰਾ-ਸ਼੍ਰੇਣੀ ਫ਼ਲਸਫ਼ਾ ਦੱਸਣਾ, ਇਸ ਦੀ ਹਕੀਕਤ ਨੂੰ ਛੱਡ ਕੇ ਇਸ ਦੇ ਯੂਟੋਪੀਆਈ ਅੰਸ਼ ਨੂੰ ਹੀ ਉਭਾਰਨਾ ਹੋਵੇਗਾ, ਜੋ ਅੰਤਮ ਰੂਪ ਵਿਚ ਹਾਸੋਹੀਣਾ ਅਤੇ ਹਾਨੀਕਾਰਕ ਵੀ ਹੋ ਸਕਦਾ ਹੈ, ਕਿਉਂਕਿ ਫਿਰ ਇਹ ਚੇਤਨਾ ਦੇਣ ਦਾ ਸੋਮਾ ਨਹੀਂ, ਸਗੋਂ ਧੁੰਦਲੱਕਾ ਫੈਲਾਉਣ ਦਾ ਸੋਮਾ ਬਣ ਜਾਏਗਾ। ਗੁਰਬਖ਼ਸ਼ ਸਿੰਘ ਦੀ ਆਪਣੀ ਰਚਨਾ ਵਿਚ ਇਹੋ ਜਿਹੇ ਖ਼ਤਰੇ ਦੇ ਸੰਕੇਤ ਥਾਂ ਥਾਂ ਮਿਲਦੇ ਹਨ, ਜਿਸ ਤੋਂ ਅੱਜ ਅਸੀਂ ਸਬਕ ਸਿਖ ਸਕਦੇ ਹਾਂ। ਉਦਾਹਰਣ ਵਜੋਂ, ਆਪਣੀ ਸਾਥਣ ਨਾਲ ਵਫ਼ਾਦਾਰੀ ਇਸ ਫ਼ਲਸਫ਼ੇ ਦੀ ਸਹੁੰ ਹੈ, ਪਰ ਤਾਂ ਵੀ ਕਿਸੇ ਸੁਪਨੇ ਦੇ ਸੁੰਦਰੀ ਦੀ ਸਦੀਵੀ ਖੋਜ ਵੀ ਇਸ ਵਿਚ ਵਰਜਿਤ ਨਹੀਂ। ਇਹ ਗੱਲ ਇਸ ਪ੍ਰੀਤ-ਫ਼ਲਸਫ਼ੇ ਦਾ ਜਮਾਤੀ ਖ਼ਾਸਾ ਮਿਥਦੀ ਹੈ। ਇਹ ਗੱਲ ਜਿਥੇ ਉਨ੍ਹਾਂ ਡਰਾਂ ਅਤੇ ਖ਼ਤਰਿਆਂ ਨੂੰ ਸਪਸ਼ਟ ਕਰਦੀ ਹੈ, ਜਿਹੜੇ ਗੁਰਬਖ਼ਸ਼ ਸਿੰਘ ਆਪਣੇ ਜੀਵਨ ਦੇ ਕਿਸੇ ਪੜਾਅ ਉਤੇ ਮਹਿਸੂਸ ਕਰ ਰਿਹਾ ਹੋਵੇਗਾ, ਉਥੇ ਇਹ ਨਾਲ ਹੀ ਮਧ-ਵਰਗੀ ਬੁੱਧੀ ਲਈ ਕੁਝ ਲਸੰਸ ਦਾ ਕੰਮ ਵੀ ਦੇਂਦੀ ਹੈ, ਭਾਵੇਂ ਗੁਰਬਖ਼ਸ਼ ਸਿੰਘ ਆਪ ਇਸ ਨੂੰ ਲਸੰਸ ਸਮਝਣ ਦਾ ਸਖ਼ਤ ਵਿਰੋਧੀ ਹੁੰਦਾ।

ਇਸੇ ਤਰ੍ਹਾਂ 'ਸਹਿਜ ਪ੍ਰੀਤ’ ਅਤੇ ‘ਪਿਆਰ ਕਬਜ਼ਾ ਨਹੀਂ ਪਛਾਣ ਹੈ' ਦਾ ਅਧੂਰਾ ਵਾਕ ਵੀ ਇਸ ਪ੍ਰੀਤ-ਫ਼ਲਸਫ਼ੇ ਦੇ ਦੋ ਯੂਟੋਪੀਆਈ ਅੰਸ਼ ਹਨ। ਇਸ ਵਿਚ ਕਬਜ਼ੇ ਦਾ ਸ਼ਬਦ ਫਿਰ ਔਰਤ ਵਲ ਮਰਦ ਵਤੀਰੇ ਦਾ ਸੰਕੇਤ ਹੈ, ਅਤੇ ਇਸ ਵਤੀਰੇ ਨੂੰ ਰੱਦ ਕਰਦਾ ਹੈ। ਪਰ ਪਛਾਣ ਕਿਸ ਚੀਜ਼ ਲਈ ਹੈ? ਅਤੇ ਇਸ ਪਛਾਣ ਦਾ ਟੀਚਾ ਕੀ ਹੈ?

ਜੇ ‘ਰਾਜਕੁਮਾਰੀ ਲਤਿਕਾ’ ਵਿਚ ਇਹ ਗੱਲ ਸਮਝ ਨਹੀਂ ਆਉਂਦੀ ਕਿ ਪ੍ਰੇਮੀ ਕਿਉਂ ਜਾਂਨ ਉਤੇ ਖੇਡ ਕੇ ਚੋਰੀ ਚੋਰੀ ਪ੍ਰੇਮਿਕਾ ਨੂੰ ਮਿਲਣ ਜਾਂਦਾ ਹੈ, ਜਦ ਕਿ ਸਹਿਜ ਪ੍ਰੀਤ ਦਾ ਲਕਸ਼ ਸਰੀਰਕ ਸੰਤੁਸ਼ਟਤਾ ਦੀ ਪ੍ਰਾਪਤੀ ਨਹੀਂ, ਤਾਂ 'ਰੁੱਖਾਂ ਦੀ ਜੀਰਾਂਦ' ਵਿਚ ਇਹ ਸਮਝ ਨਹੀਂ ਆਉਂਦੀ ਕਿ ਕਿਵੇਂ ਇਕ ਔਰਤ ਦਾ ਖ਼ਰੀਦਿਆ ਜਾਣਾ, ਕਿਸੇ ਦੇ ਆਰਥਕ ਮੰਤਵ ਦੀ ਸਿੱਧੀ ਦੀ ਖ਼ਾਤਰ ਰਖੇਲ ਬਣਾ ਕੇ ਰੱਖਿਆ ਜਾਣਾ, ਇਕ ਬੱਚੇ ਦੀ ਮਾਂ ਬਣਾ ਦਿੱਤਾ ਜਾਣਾ, ਸਾਰਾ ਕੁਝ ਪਛਾਣ ਦੇ ਖੇਤਰ ਵਿਚ ਹੀ ਆਉਂਦਾ ਹੈ। ਇਥੇ ਆ ਕੇ ਗੁਰਬਖ਼ਸ਼ ਸਿੰਘ ਆਪਣੇ ਫ਼ਲਸਫ਼ੇ ਵਿਚ ਉਲਾਰ ਹੱਦ ਤਕ ਖੁਭ ਗਿਆ ਹੈ ਕਿ ਜ਼ਿੰਦਗੀ ਦੀ ਇਕ ਇਕ ਹਕੀਕਤ ਨੂੰ ਗਲਤ ਚਾਨਣ ਵਿਚ ਪੇਸ਼ ਕਰ ਕੇ ਇਸ ਦੇ ਮੰਤਵ ਨੂੰ ਧੁੰਦਲਾਉਣ ਦਾ ਸਾਧਨ ਬਣਦਾ ਹੈ।

40