ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਲ ਪਸਾਰ ਕਰਨ ਦਾ ਨਿਰੰਤਰ ਯਤਨ ਕਰਦੀ ਰਹਿੰਦੀ ਹੈ । ਇਸ ਯਤਨ ਵਿਚ ਜਿਥੇ ਇਹ ਆਪਣਾ ਆਪ ਗੁਆ ਬੈਠਦੀ ਹੈ, ਓਥੇ ਇਹ ਨਵੇਂ ਰੂਪ ਨੂੰ ਜਨਮ ਦੇ ਦੇਂਦ ਹੈ, ਜਾਂ ਪੁਰਾਣੇ ਵਿਚ ਖ਼ਤਮ ਹੋ ਜਾਂਦੀ ਹੈ, ਜਿੱਥੇ ਇਹ ਫਿਰ ਵੀ ਆਪਣਾ ਆਪ ਕਾਇਮ ਰਖ ਸਕਦੀ ਹੈ, ਓਥੇ ਇਹ ਹੋਰ ਭਰਪੂਰ ਅਤੇ ਤਾਕਤਵਰ ਹੋ ਕੇ ਨਿਕਲਦੀ ਹੈ । ਪੰਜਾਬੀ ਵਿਚ ਪਿਛਲੀ ਤਰ੍ਹਾਂ ਦੀ ਮਿਸਾਲ ਅਸੀਂ ਨਵਤੇਜ ਸਿੰਘ ਦੀ ਲੈ ਸਕਦੇ ਹਾਂ, ਜਿਸ ਦੀਆਂ “ਮੇਰੀ ਧਰਤੀ, ਮੇਰੇ ਲੋਕ' ਹੇਠ ਕੀਤੀਆਂ ਕਈ ਪੱਤਰਕਾਰੀ ਟਿੱਪਣੀਆਂ ਚੰਗੀਆਂ ਕਹਾਣੀਆਂ ਹੋ ਨਿਬੜੀਆਂ । ਪੱਸਰਣ ਅਤੇ ਸੁੰਗੜਨ ਦੀ ਇਸ ਰੇਖਾ ਨੂੰ ਉਲੀਕਣਾ ਵੀ, ਇਤਿਹਾਸਕਾਰ ਦਾ ਕੰਮ ਹੋ ਸਕਦਾ ਹੈ।

10

ਨਾ ਸਿਰਫ਼ ਆਲੋਚਨਾਂ ਵਿਚ ਸਗੋਂ ਇਤਿਹਾਸਕਾਰੀ ਵਿਚ ਵੀ, ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਦੀ ਇਤਿਹਾਸਕਾਰੀ ਵਿਚ ਸਾਡਾ ਮੁੱਖ ਢੰਗ ਪੱਛਮੀ ਧਾਰਨਾਵਾਂ ਅਤੇ ਟੂਕਾਂ ਨੂੰ ਲੈ ਕੇ ਆਪਣੀਆਂ ਰਚਨਾਵਾਂ ਅਤੇ ਸਾਹਿਤਕਾਰਾਂ ਉਤੇ ਲਾਗੂ ਕਰਨ ਦਾ ਰਿਹਾ ਹੈ । ਆਪਣੇ ਨਾਂ ਉਤੇ ਕੱਢੇ ਨਤੀਜੇ ਵੀ ਸਾਡੇ ਆਪਣੇ ਨਹੀਂ ਹੁੰਦੇ ਅਤੇ ਬੜੇ ਮੌਲਿਕ ਸਿੱਟੇ ਵੀ ਪੱਛਮ ਦੀ ਕਿਸੇ ਨਾ ਕਿਸੇ ਵਿਚਾਰਧਾਰਾ ਦੀ ਗ਼ਲਤ ਸਮਝ ਦਾ ਸਿੱਟਾ ਹੁੰਦੇ ਹਨ।

ਕਿਸੇ ਇਤਿਹਾਸ ਵਿਚੋਂ ਜੇ ਉਸ ਕੋਮ ਦੀ ਨੁਹਾਰ ਨਹੀਂ ਉਘੜਦੀ ਜਿਸ ਦਾ ਉਹ ਇਤਿਹਾਸ ਹੈ, ਤਾਂ ਉਸ ਇਤਿਹਾਸ ਦਾ ਕੋਈ ਲਾਭ ਨਹੀਂ । ਇਸੇ ਤਰ੍ਹਾਂ ਕਿਸੇ ਸਾਹਿਤ ਦੇ ਜਾਂ ਸਾਹਿਤ-ਰੂਪ ਦੇ ਇਤਿਹਾਸ ਵਿਚ ਉਹਨਾਂ ਨੂੰ ਰਚਣ ਵਾਲੇ ਜਾਂ ਉਸ ਦੇ ਪਾਤਰ ਜਨ-ਸਮੂਹ ਦੀ ਸਭਿਆਚਾਰਕ ਹਾਰ ਨਿਵੇਕਲੀ ਹੋ ਕੇ ਸਾਹਮਣੇ ਨਹੀਂ ਆਉਂਦੀ, ਤਾਂ ਕੁਦਰਤੀ ਤੌਰ ਉਤੇ ਇਸ ਵਿਚ ਕੋਈ ਖ਼ਾਮੀ ਜ਼ਰੂਰ ਰਹਿ ਜਾਂਦੀ ਹੈ।

ਪੰਜਾਬੀ ਨਿੱਕੀ ਕਹਾਣੀ ਭਾਵੇਂ ਹੋਂਦ ਵਿਚ ਪੱਛਮ ਦੇ ਅਸਰ ਹੇਠ ਆਈ ਤਾਂ ਵੀ ਇਹ ਪੰਜਾਬੀ ਲੋਕਾਂ ਵਲੋਂ ਪੰਜਾਬੀ ਭਾਸ਼ਾ ਵਿਚ ਲਿਖੀ ਜਾਣ ਵਾਲੀ ਪੰਜਾਬੀ ਲੋਕਾਂ ਦੀ ਕਹਾਣੀ ਹੈ । ਕੁਦਰਤੀ ਤੌਰ ਉਤੇ ਇਸ ਦੀ ਸ਼ਖ਼ਸੀਅਤ ਵਿਲੱਖਣ ਹੋਵੇਗਾ । ਇਸ ਨੂੰ ਇਸ ਦੇ ਚੌਖਟੇ ਵਿਚ ਰੱਖ ਕੇ ਸਮਝਿਆ ਜਾ ਸਕੇਗਾ।

11

ਇਤਿਹਾਸ ਵਿਚ ਅਸੀਂ ਇਹ ਪਹਿਲਾਂ ਹੀ ਮਿੱਥ ਕੇ ਚਲਦੇ ਹਾਂ ਕਿ ਸਾਡੇ ਕੋਲ ਗਿਣਤੀ ਅਤੇ ਗੁਣ, ਦੋਹਾਂ ਦੇ ਪੱਖੋਂ ਹੀ ਏਨਾ ਕੁ ਮਸਾਲਾ ਇਕੱਠਾ ਹੋ ਗਿਆ ਹੈ ਕਿ ਇਤਿਹਾਸ ਲਿਖਣ ਦਾ ਕੰਮ ਆਪਣੇ ਆਪ ਵਿਚ ਸੰਤੁਸ਼ਟਤਾ ਦੇਣ ਵਾਲਾ ਯਤਨ ਬਣ ਸਕੇ । ਸਿਰਫ਼ ਇਹ ਸਾਬਤ ਕਰਨ ਲਈ ਕਿ ਸਾਡੇ ਕੋਲ ਕੁਝ ਨਹੀਂ, ਸਾਨੂੰ ਇਤਿਹਾਸ50