ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਵਿਕਾਸ ਨੇ ਸਾਡੇ ਸਾਹਿਤਕ ਵਿਕਾਸ, ਸੋਚਣੀ ਅਤੇ ਮਾਨਸਿਕਤਾ ਉਤੇ ਪ੍ਰਭਾਵ ਜ਼ਰੂਰ ਪਾਇਆ ਲੱਗਦਾ ਹੈ । ਸਾਡੇ ਲਈ ਨਿੱਕੀ ਕਹਾਣੀ ਪੜਾਅ ਨਹੀਂ, ਟੀਚਾ ਬਣ ਗਈ ਲੱਗਦੀ ਹੈ । ਨਿੱਕੀ ਕਹਾਣੀ ਵਿਚ ਪ੍ਰਾਪਤ ਨਿਪੁੰਣਤਾ ਨੇ ਸਾਡੇ ਲੇਖਕਾਂ ਨੂੰ ਵਡੇਰੇ ਸਾਹਿਤ-ਰੂਪਾਂ ਵਿਚ ਨਿਪੁੰਣਤਾ ਪ੍ਰਾਪਤ ਕਰਨ ਵਲ ਨਹੀਂ ਖੜਿਆ! ਜਿਥੇ ਕੋਈ ਯਤਨ ਹੋਏ ਵੀ ਹਨ ਉਥੇ ਬਹੁਤੀ ਸਫਲਤਾ ਨਹੀਂ ਮਿਲੀ!

ਇਸੇ ਦੇ ਸਮਾਨਾਂਤਰ ਚੱਲ ਰਿਹਾ ਇਕ ਹੋਰ ਸਾਹਿਤਕ ਅਮਲ ਇਹ ਹੈ ਕਿ ਸਾਡਾ ਵਿਕਾਸ ਨਾਵਲ ਤੋਂ ਨਿੱਕੇ ਨਾਵਲ ਵੱਲ, ਕਹਾਣੀ ਤੋਂ ਨਿੱਕੀ ਕਹਾਣੀ ਤੇ ਫਿਰ ਮੰਨੀ ਕਹਾਣੀ ਵੱਲ, ਨਿਬੰਧ ਤੋਂ ਲਲਿਤ ਨਿਬੰਧ ਵੱਲ ਚਲ ਰਿਹਾ ਹੈ । ਬੇਸ਼ਕ ਪਿਛਲੇ ਕੁਝ ਸਮੇਂ ਤੋਂ ਕੁਝ ਲੰਮੀਆਂ ਕਹਾਣੀਆਂ ਵੀ ਲਿਖੀਆਂ ਜਾਣ ਲੱਗ ਪਈਆਂ ਹਨ, ਪਰ ਇਹਨਾਂ ਬਾਰੇ ਇਹ ਨਿਰਣਾ ਹੋਣਾ ਅਜੇ ਰਹਿੰਦਾ ਹੈ ਕਿ ਇਹ ਨਿੱਕੀ ਕਹਾਣੀ ਦਾ ਵਿਸਥਾਰ ਹਨ, ਜਾਂ ਨਾਵਲ ਦਾ ਸੁੰਗੇੜ ।

ਇਸੇ ਨਾਲ ਸੰਬੰਧਤ ਗੱਲ ਇਹ ਹੈ ਕਿ ਵਖੋ ਵਖਰੇ ਲੇਖਕਾਂ ਵਲੋਂ ਵੱਖ ਵੱਖ ਕਹਾਣੀਆਂ ਬਹੁਤ ਵਧੀਆ ਲਿਖੀਆਂ ਜਾਣ ਦੇ ਬਾਵਜੂਦ ਵੀ, ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਸਮੁੱਚਤਾ ਵਿਚ ਦੇਖਦੇ ਹਾਂ, ਤਾਂ ਕਈ ਬੇਮੇਲ ਚੀਜ਼ਾਂ, ਕਈ ਵਿਰੋਧਤਾਈਆਂ ਨਜ਼ਰ ਆਉਂਦੀਆਂ ਹਨ ਅਤੇ ਆਪਣੀ ਹਰੇ ਬੇਮੇਲ ਅਵਸਥਾ ਵਿਚ ਉਹ ਸੁਹਿਰਦ ਹੁੰਦੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕ ਇਕੱਲੇ ਸਾਹਿਤ-ਰੂਪ ਦੇ ਵਿਕਸਤ ਹੋਣ ਦਾ ਵਰ ਸਾਡੇ ਲਈ ਸਰਾਪ ਤਾਂ ਨਹੀਂ ਬਣ ਰਿਹਾ, ਕਿ ਅਸੀਂ ਹਰ ਚੀਜ਼, ਹਰ ਵਰਤਾਰੇ ਨੂੰ ਵੱਖ ਵੱਖ ਤਾਂ ਸਮਝ ਸਕਦੇ ਹਾਂ, ਪਰ ਉਹਨਾਂ ਨੂੰ ਉਹਨਾਂ ਦੀ ਸਮੁੱਚਤਾ ਵਿਚ ਗ੍ਰਹਿਣ ਕਰ ਸਕਣਾ ਸਾਡੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ ?

ਇਸ ਸਾਰੇ ਵਰਤਾਰੇ ਦੀ ਜੜ੍ਹ ਕਿੱਥੇ ਹੈ? ਸਮਾਜੀ-ਸਭਿਆਚਾਰਕ ਕਾਰਨਾਂ ਵਿਚ? ਆਰਥਕਤਾ ਵਿਚ ? ਜਾਂ ਕਿ ਅਸੀਂ ਸਮੂਹਕ ਤੌਰ ਉਤੇ ਸਕਾਈਜੋਫਰੇਨਿਕ ਸ਼ਖ਼ਸੀਅਤ ਬਣਦੇ ਜਾ ਰਹੇ ਹਾਂ ? ਸਮੁਚਤਾ ਵਿਚ ਜਿਉ ਸਕਣਾ ਅਤੇ ਸਮੁੱਚਤਾ ਵਿਚ ਸਮਝ ਸਕਣਾ ਸਾਡੇ ਵੱਲੋਂ ਬਾਹਰਾ ਹੁੰਦਾ ਜਾ ਰਿਹਾ ਹੈ ?

ਸਾਧਾਰਨ ਤੌਰ ਉਤੇ ਇਹ ਸਾਹਿਤ ਦੇ ਇਤਿਹਾਸਕਾਰ ਦੀ ਸਮੱਸਿਆ ਨਹੀਂ, ਪਰ ਤਾਂ ਵੀ ਜੇ ਇਹ ਠੀਕ ਲੱਗਦੀ ਹੋਵੇ ਤਾਂ ਸਾਹਿਤ ਦੀ ਇਤਿਹਾਸਕਾਰੀ ਇਸ ਉਤੇ ਵੀ ਚਾਨਣ ਪਾ ਸਕਦੀ ਜੇ ਸਮਾਜ ਵਿਚ ਵਾਪਰਦੇ ਅਮਲ ਸਾਹਿਤ ਨੂੰ ਪ੍ਰਭਾਵਤ ਕਰਦੇ ਹਨ, ਤਾਂ ਸਾਹਿਤ ਦਾ ਅਧਿਐਨ ਅਤੇ ਇਤਿਹਾਸ ਇਨ੍ਹਾਂ ਅਮਲਾਂ ਨੂੰ ਡੂੰਘਾਈ ਵਿਚ ਸਮਝਣ ਵਿਚ ਸਹਾਇਤਾ ਕਰ ਸਕਦਾ ਹੈ।