ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਇਦ ਦੁੱਗਲ ਨੂੰ ਵੀ ਹੋਵੇ, ਅਤੇ ਇਹ ਗਿਲਾ ਹੋ ਸਕਦਾ ਹੈ ਕਿਸੇ ਵੀ ਹੋਰ ਸਾਹਿਤਕਾਰ ਨਾਲੋਂ ਵਧੇਰੇ ਹੱਕੀ ਹੋਵੇ ਕਿ ਆਲੋਚਕ ਉਸ ਦੀ ਰਚਨਾ ਦੀ ਆਤਮਾ ਤਕ ਨਹੀਂ ਪੂਜਦੇ ਸਗੋਂ ਸਰੀਰ ਉਤੇ ਬੈਠੇ ਚੋਭਾਂ ਲਾਈ ਜਾਂਦੇ ਅਤੇ ਧਿਆਨ ਲਾਂਭੇ ਲਿਜਾਈ ਜਾਂਦੇ ਹਨ ! ਪਰ ਗਲ ਇਕ ਪਾਸਿਓਂ ਖੁਸ਼-ਕਿਸਮਤ ਰਿਹਾ ਹੈ ਕਿ ਉਸ ਨੂੰ ਪਾਠਕਾਂ ਦੀ ਪ੍ਰਸੰਸਾ ਭਰਵੀਂ ਮਿਲੀ ਹੈ । ਅਜੇਹੀ ਭਰਵੀਂ ਪ੍ਰਸੰਸਾ ਕਈ ਵਾਰੀ ਲੇਖਕ ਨੂੰ ਆਪਣੀ ਰਚਨਾ ਦੀਆਂ ਲਗਾਮਾਂ ਆਪਣੇ ਸਭ ਪਾਠਕਾਂ ਦੇ ਹੱਥ ਦੇ ਦੇਣ ਵਲ ਲੈ ਜਾਂਦੀ ਹੈ ਅਤੇ ਉਹਨਾਂ ਦੇ ਮਗਰ ਲੱਗ ਕੇ ਉਹ ਕਿਸੇ ਐਸੀ ਖੱਡ ਵਿਚ ਜਾ ਡਿੱਗਦਾ ਹੈ, ਜਿਥੋਂ ਬੱਚ ਕੇ ਨਿਕਲ ਸਕਣਾ ਉਸ ਲਈ ਸੰਭਵ ਨਹੀਂ ਹੁੰਦਾ । ਪੰਜਾਬੀ ਸਾਹਿਤ ਦੇ ਪਿੜ ਵਿਚ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ । ਇਹੋ ਜਿਹੇ ਲੇਖਕ ਲੱਕ-ਪ੍ਰਸੰਸਾ ਨੂੰ ਹੀ ਆਪਣਾ ਨਿਸ਼ਾਨਾ ਸਮਝ ਬੈਠਦੇ ਹਨ! ਪਰ ਦੁੱਗਲ ਅੰਦਰਲੇ ਲੇਖਕ ਦੇ ਸਵੈਮਾਣ ਨੇ ਆਪਣੀ ਰਚਨਾ ਦੀਆਂ ਲਗਾਮਾ ਕਿਸੇ ਦੇ ਹੱਥ ਦੇ ਦੇਣਾ ਕਦੇ ਵੀ ਗੰਵਾਰਾ ਨਹੀਂ ਕੀਤਾ।

ਪਰ ਇਹ ਪ੍ਰਸ਼ੰਸਕ ਪਾਠਕ ਵੀ ਦੁੱਗਲ ਦੀ ਰਚਨਾ ਦੀ ਥਾਹ ਕਿਥੋਂ ਤਕ ਪਾ ਸਕੇ ਹਨ ? ਇਸ ਬਾਰੇ ਸ਼ੱਕ ਹੀ ਕੀਤਾ ਜਾ ਸਕਦਾ ਹੈ। ਕਿਸੇ ਰਚਨਾ ਦੇ ਅੰਦਰ ਵੜ ਕੇ ਉਸ ਦੀ ਪੂਰੀ ਡੂੰਘਾਈ ਅਤੇ ਸਾਰੇ ਪਸਾਰਾਂ ਦੀ ਥਾਹ ਪਾਉਣ ਦੇ ਯਤਨ ਪੰਜਾਬੀ ਸਾਹਿਲੋਚਨਾ ਦੇ ਖੇਤਰ ਵਿਚ ਪਿਛਲੇ ਕੁਝ ਸਮੇਂ ਤੋਂ ਹੀ ਸ਼ੁਰੂ ਹੋਏ ਹਨ । ਨਹੀਂ ਤਾਂ, ਸਾਡੇ ਪੜ੍ਹੇ ਲਿਖੇ ਪਾਠਕਾਂ ਅਤੇ ਆਲੋਚਕਾਂ ਦਾ ਪ੍ਰਧਾਨ ਢੰਗ ਨਾਨਕ ਸਿੰਘ ਵਿਚ ਡਿਕਨਜ਼, ਸੁਜਾਨ ਸਿੰਘ ਵਿਚ ਗੋਰਕੀ, ਸ਼ਿਵ ਕੁਮਾਰ ਵਿਚ ਕੀਟਸ ਆਦਿ ਦੀ ਝਲਕ ਲੱਭਣ ਤੇ ਸਾਬਤ ਕਰਨ ਦਾ ਹੀ ਰਿਹਾ ਹੈ । ਪਰ ਜਿਵੇਂ ਕਹਿੰਦੇ ਹਨ, ਤੁਲਨਾਵਾਂ ਕਿੰਨੀਆਂ ਵੀ ਚੰਗੀਆਂ ਕਿਉ ਨਾ ਹੋਣ, ਹਮੇਸ਼ਾਂ ਲੰਗੜੀਆਂ ਹੁੰਦੀਆਂ ਹਨ।

ਦੁੱਗਲ ਦੀਆਂ ਲਿਖਤਾਂ ਵਿਚ ਉਸ ਦੀਆਂ ਕਹਾਣੀਆਂ ਨੂੰ ਕਿਉਂਕਿ ਕੇਂਦਰੀ ਥਾਂ ਪ੍ਰਾਪਤ ਹੈ, ਇਸ ਲਈ ਉਹਨਾਂ ਨੂੰ ਮੁੱਖ ਰੱਖ ਕੇ ਉਸ ਦੀ ਕਲਾ ਬਾਰੇ ਕੁਝ ਨਿਰਣੇ ਕੀਤੇ ਜਾ ਸਕਦੇ ਹਨ, ਜਿਹੜੇ ਕਾਫ਼ੀ ਹੱਦ ਤਕ ਉਸ ਦੀਆਂ ਬਾਕੀ ਲਿਖਤਾਂ ਲਈ ਵੀ ਠੀਕ ਹੋਣਗੇ ।

ਦੁੱਗਲ ਦੀਆਂ ਲਿਖਤਾਂ ਦੀ ਹੋਂਦ ਉਹਨਾਂ ਦੀ ਸਰਲਤਾ ਅਤੇ ਜਟਿਲਤਾਂ ਦੀ ਦੋ-ਧਰੂਵੀ ਸੰਬਾਦਕਤਾ ਉਤੇ ਟਿਕੀ ਹੁੰਦੀ ਹੈ । ਇਥੇ ਸਰਲਤਾ ਅਤੇ ਜਟਿਲਤਾ ਤੋਂ ਮੇਰਾ ਇਸ਼ਾਰਾ ਉਹਨਾਂ ਦੀ ਭਾਸ਼ਾ ਜਾਂ ਰੂਪ ਵਲ ਨਹੀਂ । ਸਰਲ ਕਥਨ ਵੀ ਕਈ ਵਾਰੀ ਡੂੰਘੇ ਅਰਥਾਂ ਨਾਲ ਭਰਿਆ ਹੁੰਦਾ ਹੈ, ਜਿਨ੍ਹਾਂ ਦੀ ਇਕੋ ਵਾਰੀ ਵਿਚ ਥਾਹ ਪਾਉਣੀ ਮੁਸ਼ਕਲ ਹੁੰਦੀ ਹੈ, ਅਤੇ ਜਟਿਲਤਾ ਵੀ ਕਈ ਵਾਰੀ ਖੋਖਲੀ ਅਰਥਹੀਣਤਾ ਨੂੰ ਲੁਕਾਈ ਬੈਠੀ ਹੋ ਸਕਦੀ ਹੈ । ਇਥੇ ਸਰਲ ਅਤੇ ਜਟਿਲ ਤੋਂ ਮੇਰਾ ਭਾਵ ਉਸ ਪ੍ਰਭਾਵ ਤੋਂ ਹੈ, ਜਿਹੜਾ ਕੋਈ ਰਚਨਾ ਆਪਣੇ ਮਾਨਣ ਵਾਲੇ ਉਤੇ ਰਖਦੀ ਹੈ । ਜੇ ਕੋਈ ਪਾਠਕ ਕਿਸੇ ਰਚਨਾ ਨਾਲ ਸੰਪਰਕ ਤੋਂ ਤੁਰਤ ਮਗਰੋਂ ਵਾਹਵਾ ਕਹਿ ਕੇ ਜਾਂ ਇਸ ਤੋਂ ਉਲਟ ਰਚਨਾਕਾਰ

55