ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਕੋਸ ਕੇ ਆਪਣੇ ਆਪ ਨੂੰ ਮੁਕਤ ਹੋਇਆਂ ਸਮਝਦਾ ਹੈ, ਜਾਂ ਫਿਰ ਮੁੜ ਮੁੜ ਕੇ ਉਸੇ ਹੀ ਪ੍ਰਭਾਵ ਨੂੰ ਮੁੜ-ਜਿਊਣ ਲਈ ਉਸ ਵਲ ਪਰਤਦਾ ਹੈ, ਜਿਵੇਂ ਕਿ ਸੈਕਸ ਕਹਾਣੀਆਂ ਜਾਂ ਜਾਸੂਸੀ ਰਚਨਾਵਾਂ ਵਿਚ ਹੋ ਸਕਦਾ ਹੈ, ਤਾਂ ਰਚਨਾ ਇਕਹਿਰੀ ਅਤੇ ਸਰਲ ਹੈ । ਪਰ ਜੇ ਰਚਨਾ ਪਾਠਕ ਉਤੇ ਕੋਈ ਐਸਾ ਪ੍ਰਭਾਵ ਛੱਡ ਜਾਏ, ਜਿਹੜਾ ਪਾਠਕ ਨੂੰ ਮੁੜ ਮੁੜ ਕੇ ਰਚਨਾ ਵਲ ਮੋੜੇ, ਅਤੇ ਹਰ ਪਾਠ ਇਕ ਨਵਾਂ ਅਰਥ ਅਤੇ ਪ੍ਰਭਵ ਪੈਦਾ ਕਰੇ, ਤਾਂ ਉਹ ਰਚਨਾ ਜਟਿਲ ਹੁੰਦੀ ਹੈ । ਅਜੇਹੀਆਂ ਰਚਨਾਵਾਂ ਕਦੀ ਵੀ ਬੇਹੀਆਂ ਨਹੀਂ ਹੁੰਦੀਆਂ । ਸਰਲਤਾ ਚੰਗੀ ਕਲਾ ਦਾ ਪਰਦਾ ਤਾਂ ਹੋ ਸਕਦੀ ਹੈ, ਉਸ ਦਾ ਪਛਾਣ-ਚਿੰਨ੍ਹ ਨਹੀਂ।

ਦੁੱਗਲ ਦੀਆਂ ਰਚਨਾਵਾਂ ਦੀ ਮੁਸ਼ਕਲ ਇਹ ਹੈ ਕਿ ਉਹ ਇਕੋ ਵੇਲੇ ਸਰਲ ਵੀ ਹਨ ਅਤੇ ਜਟਿਲ ਵੀ, ਜਿਸ ਕਰ ਕੇ ਮੈਂ ਉਹਨਾਂ ਦੀ ਹੋਂਦ ਨੂੰ ਇਸ ਦੋ-ਧਰੂਵੀ ਸੰਬਾਦਕਤਾ ਉਤੇ ਟਿਕੀ ਕਿਹਾ ਹੈ । ਉਸ ਦੀ ਕਲਾ ਦਾ ਸਰਲ ਭਾਗ ਉਹ ਮਾਯਾ-ਜਾਲ ਹੈ ਜਿਹੜਾ ਉਹ ਆਪਣੀ ਰਚਨਾ ਦੁਆਲੇ ਚੇਤੰਨ ਤੌਰ ਉਤੇ ਬੁਣ ਲੈਂਦਾ ਹੈ । ਇਹ ਮਾਯਾ-ਜਾਲ ਸੋਹਣਾ, ਦਿਲ-ਖਿੱਚਵਾਂ ਅਤੇ ਬੜੀ ਛੇਤੀ ਸਮਝ ਆਉਣ ਵਾਲਾ ਹੁੰਦਾ ਹੈ, ਪਰ ਜੇ ਪਾਠਕੇ ਇਸ ਵਿਚ ਖੁੱਭ ਕੇ ਰਹਿ ਜਾਏ, ਜਾਂ ਇਸੇ ਨੂੰ ਹੀ ਸਭ ਕੁਝ ਮੰਨ ਲਵੇ, ਤਾਂ ਦੁੱਗਲ ਦੀ ਰਚਨਾ ਉਸ ਦੀ ਅਗਿਆਨਤਾ ਦੇ ਸਵਰਗ ਵਿਚ ਕੋਈ ਖਲਲ ਨਹੀਂ ਪਾਏਗੀ । ਪਰ ਇਕ ਵਾਰੀ ਇਸ ਮਾਯਾ-ਜਾਲ ਨੂੰ ਤੋੜ ਕੇ ਜੇ ਕੋਈ ਪਾਠਕ ਲੰਘ ਜਾਏ ਤਾਂ ਫਿਰ ਦੁੱਗਲ ਦੇ ਸਿਰਜੇ ਕਲਾ-ਬਿੰਬ ਆਪਣੀ ਪੂਰੀ ਭਰਪੂਰਤਾਂ ਵਿਚ ਆਪਣੀ ਥਾਹ ਪੁਆਉਣ ਲਈ ਪਾਠਕ ਦੀ ਬੁਧੀ ਨੂੰ ਵੰਗਾਰਦੇ ਹਨ ਅਤੇ ਉਥੋਂ ਤਕ ਉਸ ਦੇ ਨਾਲ ਚਲਦੇ ਹਨ, ਜਿਥੋਂ ਤਕ ਪਾਠਕ ਦੀ ਸੂਝ ਅਤੇ ਅਨੁਭਵ ਇਸ ਦੀ ਆਗਿਆ ਦੇਂਦੇ ਹਨ।

ਕੁਝ ਸਾਲ ਪਹਿਲਾਂ ਮੈਂ ਦੁਗਲ ਦੀ ਕਹਾਣੀ 'ਕਰਾਮਾਤ' ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਸੀ । ਮੇਰੇ ਇਸ ਯਤਨ ਨੂੰ ਉਸ ਵੇਲੇ ਜੋ ਹੁੰਗਾਰਾ ਮਿਲਿਆ ਉਹ ਹੌਂਸਲਾ ਵਧਾਉਣ ਵਾਲਾ ਸੀ, ਪਰ ਇਸ ਤੋਂ ਵੀ ਵੱਧ ਹੌਸਲਾ ਵਧਾਉਣ ਵਾਲੀ ਇਹ ਗੱਲ ਸੀ ਕਿ ਜਿਨ੍ਹਾਂ ਆਲੋਚਕਾਂ ਨਾਲ ਮੈਂ ਸੰਬਾਦ ਰਚਾਇਆ ਸੀ, ਉਹਨਾਂ ਵਿਚੋਂ ਕੁਝ ਨੇ ਮਗਰੋਂ ਇਸ ਕਹਾਣੀ ਦੇ ਮੁਲੰਕਣ ਵਿਚ ਮੇਰੇ ਕੱਢੇ ਅਰਥਾਂ ਨੂੰ ਸ਼ਾਮਲ ਕਰ ਲਿਆ । ਪਰ ਅੱਜ, ਉਸ ਤੋਂ ਛੇ ਸੱਤ ਸਾਲ ਮਗਰੋਂ ਜਿਸ ਵੇਲੇ ਮੈਂ ਇਸ ਬਾਰੇ ਮੁੜ ਸੋਚਦਾ ਹਾਂ ਤਾਂ ਲਗਦਾ ਹੈ ਕਿ ਇਹ ਕਹਾਣੀ ਤਾਂ ਉਸ ਤੋਂ ਵੀ ਵਡੇਰਾ ਸੱਚ ਆਪਣੇ ਵਿਚ ਲੁਕਾਈ ਬੈਠੀ ਹੈ, ਜਿਸ ਤਕ ਮੈਂ ਅਜੇ ਉਦੋਂ ਨਹੀਂ ਸਾਂ ਪੁਜਾ । ਜੇ ਮਾਹੌਲ ਵਿਚ ਅੰਧਕਾਰ ਫੈਲਿਆ ਹੋਵੇ, ਤਾਂ ਇਹ ਸਿਰਫ ਬੁੱਧੀ ਦੀਆਂ ਨਿੱਕੀਆਂ ਨਿੱਕੀਆਂ ਜੋਤਾਂ ਨੂੰ ਹੀ ਹੜੱਪ ਨਹੀਂ ਕਰਦਾ, ਸਗੋਂ ਮਹਾਨ ਇਨਕਲਾਬੀ ਸੰਭਾਵਨਾਵਾਂ ਰਖਦੇ ਵੱਡੇ ਤੋਂ ਵੱਡੇ ਮਨੁੱਖੀ ਕਾਰਨਾਮੇ ਨੂੰ ਵੀ ਆਖ਼ਰ ਖਾ ਜਾਣ ਦੀ ਸਮਰੱਥਾ ਰੱਖਦਾ ਹੈ :

ਆਮ ਕਰ ਕੇ ਇਹ ਮਾਯਾ-ਜਾਲ ਉਹਨਾਂ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ, ਜਿਸ ਨੂੰ 56