ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਦੁੱਗਲ ਦੀ ਰਚਨਾ ਵਿਚਲੀ ਸਰਲਤਾ ਦਾ ਸਰੂਪ ਅਤੇ ਕਰਤੱਵ ਉਪਰ ਵਰਗਾ ਹੈ, ਤਾਂ ਜਟਿਲਤਾ ਕਿਵੇਂ ਅਤੇ ਕਿਉਂ ਆਉਂਦੀ ਹੈ? ਇਸ ਜਟਿਲਤਾ ਦਾ ਰਾਜ਼ ਸਾਹਿਤਕਾਰ ਵਲੋਂ ਸਿਰਜੇ ਕਲਾਤਮਿਕ ਬਿੰਬਾਂ ਦੀ ਭਰਪੂਰਤਾ ਅਤੇ ਸਰਬੰਗਤਾਂ ਵਿਚ ਲੁਕਿਆ ਹੁੰਦਾ ਹੈ। ਭਰਪੂਰ ਕਲਾਤਮਿਕ ਬਿੰਬ ਵੀ ਜਿਊਂਦੇ ਜਾਗਦੇ ਵਿਅਕਤੀ ਵਾਂਗ ਹੁੰਦਾ ਹੈ, ਜਿਹੜਾ ਆਪਣੇ ਮਾਹੌਲ ਨਾਲ ਅਨੇਕ ਤੰਦਾਂ ਰਾਹੀਂ ਜੁੜਿਆ ਹੁੰਦਾ ਹੈ। ਇਹਨਾਂ ਅਨੇਕ ਤੰਦਾਂ ਰਾਹੀਂ ਬਣੇ ਰਿਸ਼ਤਿਆਂ ਦਾ ਸਮੂਹ ਹੀ ਵਿਅਕਤੀ ਦੀ ਹੋਂਦ ਨੂੰ ਨਿਸ਼ਚਿਤ ਕਰਦਾ ਹੈ। ਬਿੰਬ ਵਿਚ ਮੁਸ਼ਕਲ ਇਹ ਹੁੰਦੀ ਹੈ ਕਿ ਇਸ ਦੀਆਂ ਸਾਰੀਆਂ ਤੰਦਾਂ ਦਾ ਲੇਖਕ ਵਰਨਣ ਨਹੀਂ ਕਰ ਸਕਦਾ ਹੁੰਦਾ, ਸਗੋਂ ਕੁਝ ਜ਼ਰੂਰੀ ਹੁੰਦਾ ਵਲ ਸੰਕੇਤ ਹੀ ਕਰਦਾ ਹੈ, ਬਾਕੀ ਪਾਠਕ ਨੂੰ ਆਪਣੇ ਅਨੁਭਵ ਨਾਲ ਪੂਰਣੀਆਂ ਪੈਂਦੀਆਂ ਹਨ।

ਆਪਣੀਆਂ ਪਹਿਲੀਆਂ ਰਚਨਾਵਾਂ ਤੋਂ ਹੀ ਸ਼ੁਰੂ ਕਰ ਕੇ ਦੁੱਗਲ ਨੇ ਪਾਤਰ-ਬਿੰਬਾਂ ਦੀ ਜਿਹੜੀ ਭਰਪੂਰ ਗੈਲਰੀ ਸਿਰਜੀ ਹੈ, ਉਹ ਸਦਾ ਉਸ ਦੇ ਪਾਠਕਾਂ ਦੇ ਨਾਲ ਰਹਿੰਦੀ ਹੈ। ਇਸ ਵਿਚ ਹਰ ਉਮਰ, ਹਰ ਕਿੱਤੇ, ਹਰ ਧਰਮ, ਹਰ ਉਪ-ਸਭਿਆਚਾਰ ਦੇ ਪਾਤਰ ਹਨ, ਜਿਹੜੇ ਆਪਣੀ ਹੋਂਦ ਵੀ ਰੱਖਦੇ ਹਨ, ਆਪਣੀ ਹੋਂਦ ਰਾਹੀਂ ਆਪਣੇ ਵਰਗਿਆਂ ਦੀ ਹੋਂਦ ਦਾ ਵੀ ਗਿਆਨ ਕਰਾਉਂਦੇ ਹਨ, ਇਹ ਠੋਸ ਬਿੰਬ ਵੀ ਹਨ, ਪਰ ਇਹਨਾਂ ਦੀ ਭਾਵਵਾਚੀ ਹੋਂਦ ਵੀ ਹੈ, ਇਹ ਇੰਦਰਿਆਵੀ ਹੋਂਦ ਵੀ ਰਖਦੇ ਹਨ, ਪਰ ਆਪਣੇ ਆਪ ਵਿਚ ਤਰਕਸੰਗਤ ਸੰਕਲਪ ਵਰਗੀ ਇਕਾਈ ਵੀ ਹੁੰਦੇ ਹਨ, ਇਹ ਇਕੋ ਵੇਲੇ ਲੇਖਕ ਦੀ ਕਲਾ ਦਾ ਵੀ ਹਿੱਸਾ ਹੁੰਦੇ ਹਨ, ਨਾਲ ਹੀ ਉਸ ਦੇ ਦਰਸ਼ਨ ਅਤੇ ਚਿੰਤਨ ਦੇ ਵਾਹਕ ਵੀ ਹੁੰਦੇ ਹਨ। ਹਰ ਬਿੰਬ ਨੂੰ ਸਮਝਣ ਲਈ ਉਸ ਦਾ ਅੰਗ-ਨਿਖੇੜ ਕਰਨਾਂ, ਹਰ ਅੰਗ ਦਾ ਅਰਥ ਸਮਝਣਾ ਅਤੇ ਮੁੜ ਇਕ ਇਕਾਈ ਵਿਚ ਬੰਨ੍ਹਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੋ ਜਾਂਦਾ ਹੈ। ਦੁੱਗਲ ਦੀਆਂ ਰਚਨਾਵਾਂ ਵਿਚਲੇ ਪਾਤਰ-ਬਿੰਬ ਇਸ ਸਾਰੀ ਘਾਲਣਾ ਦੀ ਸੰਤੋਸ਼ਜਨਕ ਸਾਰਥਕਤਾ ਦਾ ਯਕੀਨ ਦੁਆਉਂਦੇ ਹਨ। "ਔਂਤਰੀ" ਦੀ ਰੁਕੋ ਬੰਦੜੀ ਤੋਂ ਲੈ ਕੇ "ਰੁਕਮਣੀ ਦਾ ਡਾਢਾ ਰੱਬ" ਦੀ ਰੁਕਮਣੀ ਤਕ ਅਨੇਕਾਂ ਇਸਤ੍ਰੀ-ਪਾਤਰ, "ਉੱਚੀ ਅੱਡੀ ਵਾਲੀ ਗੁਰਗਾਬੀ" ਦੀ ਨਨ੍ਹੀ ਕੁੜੀ ਤੋਂ ਲੈ ਕੇ "ਗੋਨੀ ਦੇ ਬਾਪੂ" ਅਤੇ ਹੁਣ "ਬੀਬੀ ਹਿੰਦੂ ਕੌਣ ਹੁੰਦੇ ਹਨ?" ਤਕ ਦੇ ਬਾਲ-ਪਾਤਰ, ਮੰਜੀਰੇ ਵਰਗੇ ਕਈ ਕਹਾਣੀਆਂ ਦੇ ਆਦਿ-ਵਾਸੀ ਪਾਤਰ, "ਗੈਰਤ ਦਾ ਤਕਾਜ਼ਾ" ਵਰਗੀਆਂ ਕਹਾਣੀਆਂ ਦੇ ਸਵੈਮਾਨ ਨਾਲ ਭਰਪੂਰ ਕਿਰਤੀ ਪਾਤਰ, ਅਤੇ "ਪਟਨਾ ਮਿਉਜ਼ੀਅਮ ਵਿਚ ਪੀਸ" ਅਤੇ "ਤੇਰੀ ਬਾਂਦੀ ਰੁੜ੍ਹਦੀ ਜਾਂਦੀ" ਵਰਗੀਆਂ ਕਹਾਣੀਆਂ ਦੇ ਗ਼ੈਰਤ ਨੂੰ ਮਾਰ ਕੇ ਆਪਣੀ ਹੋਂਦ ਨਾਲ ਗੁਜ਼ਾਰਾ ਕਰਨ ਵਾਲੇ ਹੇਠਲੇ ਤੇ ਵਿਚਲੇ ਵਰਗ ਦੇ ਪਾਤਰ, ਅਤੇ ਇੰਝ ਦੇ ਹੋਰ ਅਨੇਕਾਂ ਪਾਤਰ ਅਜੇ ਪੂਰੀ ਸਰਬੰਗਤਾਂ ਵਿਚ ਪ੍ਰਗਟ ਹੋਣ ਲਈ ਗੰਭੀਰ ਵਿਸ਼ਲੇਸ਼ਣ ਦੀ ਉਡੀਕ ਵਿਚ ਹਨ।

ਦੁੱਗਲ ਦੀ ਰਚਨਾ ਦਾ ਰੂਪ ਵੀ ਇਸ ਨੂੰ ਜਟਿਲਤਾ ਬਖ਼ਸ਼ਦਾ ਹੈ, ਪਰ ਨਾਲ ਹੀ ਰੂਪ ਹੀ ਉਸ ਦੀ ਰਚਨਾ ਦੀ ਕੁੰਜੀ ਹੁੰਦਾ ਹੈ, ਜਿਸ ਰਾਹੀਂ ਤੁਸੀਂ ਉਸ ਦੀ ਰਚਨਾ

58