ਦੀ ਕੋਸ਼ਿਸ਼ ਕਰਦਾ ਹੈ। ਪਰ ਕਿਉਂਕਿ ਇਹ ਫੈਲੇ ਜਾਂ ਸੁੰਗੜੇ ਛਿਣ ਹੀ ਨਿੱਕੀ ਕਹਾਣੀ ਦੇ ਰੂਪ ਦੀ ਸੀਮਾ ਹੁੰਦੇ ਹਨ, ਇਸ ਲਈ ਇਹਨਾਂ ਪਾਤਰਾਂ ਦੀ ਜਟਿਲਤਾ ਨੂੰ ਸਮਝਣ ਲਈ ਪਾਠਕ ਨੂੰ ਬਹੁਤ ਕੁਝ ਅਪਣੇ ਤਜਰਬੇ ਵਿਚੋਂ ਮਿਲਾਉਣਾ ਪੈਂਦਾ ਹੈ। ਚੰਗੇ ਸਾਹਿਤ ਦੀ ਚੰਗਿਆਈ ਦਾ ਪਰਤੱਖ ਹੋਣਾ ਉਸ ਦੇ ਪਾਠਕ ਦੇ ਅਨੁਭਵ ਦੀ ਡੂੰਘਿਆਈ ਦੇ ਨਾਲ ਸਿੱਧੀ ਤਨਾਸਬ ਰੱਖਦਾ ਹੈ। ਕਲਾ ਕਿਉਕਿ ਬਿੰਬਾਂ ਵਿਚ ਗੱਲ ਕਰਦੀ ਹੈ, ਇਸ ਲਈ ਅਨੁਭਵੀ ਪਾਠਕ ਪੇਸ਼ ਕੀਤੇ ਗਏ ਬਿੰਬਾਂ ਦੇ ਕਈ ਵਾਰੀ ਉਹ ਪਹਿਲੂ ਵੀ ਦੇਖ ਲੈਂਦਾ ਹੈ, ਜਿਹੜੇ ਸਿਰਜਕ ਦੀ ਚੇਤਨਾ ਵਿਚ ਨਹੀਂ ਹੁੰਦੇ, ਪਰ ਜਿਹੜੇ ਬਿੰਬ ਵਿਚ ਸ਼ਾਮਲ ਹੁੰਦੇ ਹਨ, ਅਤੇ ਰਚਨਾ ਨੂੰ ਹੋਰ ਡੂੰਘਾ ਭਾਵ ਦੇ ਦੇਂਦੇ ਹਨ।
ਇਸ ਤਰ੍ਹਾਂ ਦੇ ਸਾਹਿਤ ਦੀਆਂ ਕਈ ਪਰਤਾਂ ਹੁੰਦੀਆਂ ਹਨ ਅਤੇ ਇਸ ਦੀ ਕਈ ਧਰਾਤਲਾਂ ਉਤੇ ਵਿਆਖਿਆ ਹੋ ਸਕਦੀ ਹੈ। ਇਸ ਤਰ੍ਹਾਂ ਦਾ ਸਾਹਿਤ ਚੋਕਸ ਅਤੇ ਅਨੁਭਵੀ ਪਾਠਕਾਂ ਦੀ ਮੰਗ ਕਰਦਾ ਹੈ। ਇਸ ਤਰ੍ਹਾਂ ਦੀ ਜਟਿਲਤਾ ਦੁੱਗਲ ਦੀਆਂ ਕਹਾਣੀਆਂ ਦੀ ਇਕ ਵਿਸ਼ੇਸ਼ਤਾ ਹੈ।
ਦੁੱਗਲ ਨੂੰ ਠੀਕ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਵਿਚ ਤੀਜੀ ਵੱਡੀ ਮੁਸ਼ਕਲ ਇਹ ਹੈ ਕਿ ਉਹ ਅਕਸਰ ਐਸੇ ਵਿਸ਼ਿਆਂ ਨੂੰ ਹੱਥ ਲੈਂਦਾ ਹੈ, ਜਿਨ੍ਹਾਂ ਨਾਲ ਸਾਡੇ ਭਾਵ ਅਤੇ ਵਿਚਾਰ ਇਕ ਜਾਂ ਦੂਜੇ ਪੱਖ ਤੋਂ ਬਹੁਤ ਤੀਖਣ ਤਰ੍ਹਾਂ ਨਾਲ, ਸਗੋਂ ਤੁਅੱਸਬ ਦੀ ਹੱਦ ਤੱਕ ਜੁੜੇ ਹੁੰਦੇ ਹਨ। ਅਤੇ ਇਹ ਤੁਅੱਸਬ ਸਾਨੂੰ ਅਗਲੇ ਦਾ ਦ੍ਰਿਸ਼ਟੀਕੋਨ ਸਮਝਣਾ ਵੀ ਮੁਸ਼ਕਲ ਬਣਾ ਦੇਂਦੇ ਹਨ, ਉਸ ਦਾ ਮੁੱਲ ਪਾਉਣਾ ਤਾਂ ਇਕ ਪਾਸੇ ਰਿਹਾ। ਲਿੰਗ, ਧਰਮ ਆਦਿ ਇਸ ਤਰ੍ਹਾਂ ਦੇ ਵਿਸ਼ਿਆਂ ਦੀਆਂ ਉਦਾਹਰਣਾਂ ਹਨ।
ਕਿਸੇ ਸਾਹਿਤਕਾਰ ਦੇ ਅਧਿਐਨ ਦਾ ਇਕ ਸੌਖਾ ਤਰੀਕਾ ਉਸ ਦੀ ਕਲਾਸਿਰਜਣਾ ਨੂੰ ਕੁਝ ਪੜਾਵਾਂ ਵਿਚ ਵੰਡ ਲੈਣ ਦਾ ਹੁੰਦਾ ਹੈ। ਇਹੋ ਜਿਹੀ ਪੜਾਅ-ਵੰਡ ਸਾਰਥਕਤਾ ਤਾਂ ਹੀ ਹੋ ਸਕਦੀ ਹੈ ਜੋ ਇਹ ਵਿਸ਼ੇ-ਵਸਤੂ, ਵਿਚਾਰਾਂ ਜਾਂ ਕਲਾ ਦੇ ਪੱਖੋਂ ਲੇਖਕ ਦੇ ਵਿਕਾਸ ਦੇ ਪੜਾਵਾਂ ਨੂੰ ਪੇਸ਼ ਕਰਦੀ ਹੋਵੇ। ਦੁੱਗਲ ਦੇ ਸੰਬੰਧ ਵਿਚ ਵੀ ਇਸ ਤਰ੍ਹਾਂ ਦੀ ਵੰਡ ਅਕਬਰ ਕੀਤੀ ਜਾਂਦੀ ਹੈ। ਇਸ ਵਿਚ ਦੁੱਗਲ ਦੀ ਸਾਰੀ ਰਚਨਾ ਨੂੰ ਤਿੰਨ ਪੜਾਵਾਂ ਵਿਚ ਵੰਡਿਆ ਜਾਂਦਾ ਹੈ: ਪਹਿਲਾ ਪੜਾਅ, ਜਦੋਂ ਦੁੱਗਲ ਕਥਿਤ ਤੌਰ ਉਤੇ ‘ਕਲਾ - ਕਲਾ ਲਈ' ਵਿਚ ਯਕੀਨ ਰਖਦਾ ਸੀ, ਪ੍ਰਗਤੀਵਾਦੀ ਅਤੇ ਨੰਗੇਜਵਾਦੀ ਰਚਨਾਵਾਂ ਕਰਦਾ ਸੀ, ਮਗਰਲਾ ਪੜਾਅ ਜਦੋਂ ਉਸ ਨੇ ਆਪਣੀ ਕਲਮ ਜੀਵਨ ਅਤੇ ਸਮਾਜ ਦੀ ਸੇਵਾ ਵਰਗ ਉਸਾਰੂ ਆਸ਼ੇ ਨੂੰ ਸਮਰਪਿਤ ਕਰ ਦਿੱਤੀ। ਅਤੇ ਵਿਚਕਾਰਲਾਂ ਪੜਾਅ, ਜਦੋਂ ਉਸ ਨੇ 1947 ਦੇ ਅਸਰ ਹੇਠ ਰਚਨਾ ਕੀਤੀ।
ਪਰ ਅਸਲ ਵਿਚ ਇਹ ਵੰਡ ਨਾ ਠੋਸ ਬੁਨਿਆਦਾਂ ਉਤੇ ਖੜੀ ਹੈ, ਨਾ ਹੀ ਇਹ ਕਿਸੇ ਵਿਕਾਸ ਕਰਮ ਨੂੰ ਪੇਸ਼ ਕਰਦੀ ਹੈ। ਕਿਉਂਕਿ ਜਦੋਂ ਦੁੱਗਲ ਕਥਿਤ ਤੌਰ ਉਤੇ ਕਲਾ --- ਕਲਾ ਲਈ' ਵਿਚ ਯਕੀਨ ਰੱਖਦਾ ਸੀ, ਉਦੋਂ ਵੀ ਉਸ ਨੇ ਸਮਾਜਕ ਪੱਖ ਤੋਂ ਇੰਨੀਆਂ ਬਲਵਾਨ ਕਿਰਤਾਂ ਦਿੱਤੀਆਂ, ਜਿੰਨੀਆਂ ਉਸ ਸਮੇਂ 'ਕਲਾ - ਜੀਵਨ ਲਈ' ਦਾ