ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਥਾਰਥ ਦਾ ਬੋਧ ਕਰਾਉਣ ਲਈ, ਇਖ਼ਲਾਕੀ ਕਦਰਾਂ-ਕੀਮਤਾਂ ਵਿਚਲੀ ਕਾਣ ਨੂੰ ਪ੍ਰਗਟ ਕਰਨ ਲਈ ਅਕਸਰ ਅਸਰਦਾਰ ਢੰਗ ਨਾਲ ਵਰਤ ਸਕਿਆ ਹੈ। "ਅੱਧੀ ਰਾਤ ਕਤਲ", "ਲਿਖਤੁਮ ਲਾਜਵੰਤੀ", "ਦਸ ਦਸ ਦੇ ਨੋਟ", "ਕਾਲੀ ਮਿੱਟੀ", "ਕਾਲਾ ਬੀਰ", "ਜੂਠਾ ਮੂੰਹ", "ਇਕ ਜਨਾਜ਼ਾ ਹੋਰ", "ਇਨ ਬਿਨ ਉਂਝ" ਆਦਿ ਕਈ ਕਹਾਣੀਆਂ ਇਸ ਪੱਖ ਗਿਣਵਾਈਆਂ ਜਾ ਸਕਦੀਆਂ ਹਨ।

ਇਥੇ ਹੀ ਨਾਲ ਲਗਦੇ ਉਹਨਾਂ ਕਹਾਣੀਆਂ ਦਾ ਜ਼ਿਕਰ ਹੋ ਜਾਣਾ ਚਾਹੀਦਾ ਹੈ, ਜਿਹੜੀਆਂ ਮੁੱਖ ਤੌਰ ਉਤੇ ਇਸਤਰੀ ਪਾਤਰਾਂ ਦੁਆਲੇ ਘੁੰਮਦੀਆਂ ਹਨ। ਅੱਜ ਵੀ ਇਸਤਰੀ ਦਾ ਜ਼ਿਕਰ ਹੀ ਬਹੁਤੀਆਂ ਸ਼ਰਤਾਂ ਵਿਚ ਸਾਡੇ ਪਾਠਕਾਂ ਦੇ ਦਿਲਾਂ ਵਿਚ ਇਕ ਉਲਾਰ ਕਿਸਮ ਦੀ ਦਿਲਚਸਪੀ ਭਰ ਦੇਂਦਾ ਹੈ ਅਤੇ ਪ੍ਰਧਾਨ ਰੁਚੀ ਉਸ ਬਾਰੇ (ਉਸ ਦੇ ਦੁਖਾਂ ਦੀ ਗੱਲ ਕਰਦੇ ਹੋਏ ਵੀ) ਕੋਈ ਕਾਮੁਕ ਕਿਸਮ ਦਾ ਚਟਖਾਰਾ ਲੈ ਕੇ ਜਾਂ ਆਪਣੇ ਦੁਆਲੇ ਅਖਾਉਤੀ ਸਦਾਚਾਰ ਦਾ ਅਰਧ-ਪਾਰਦਰਸ਼ੀ ਜਿਹਾ ਖੋਲ ਖੜਾ ਕਰ ਕੇ ਗੱਲ ਕਰਨ ਦੀ ਹੁੰਦੀ ਹੈ। ਜਦੋਂ ਦੁੱਗਲ ਅਤੇ ਉਸ ਦੇ ਸਾਥੀਆਂ ਨੇ ਲਿਖਣਾ ਸ਼ੁਰੂ ਕੀਤਾ, ਉਦੋਂ ਅਵਸਥਾ ਕੀ ਹੋਵੇਗੀ, ਇਸ ਬਾਰੇ ਅੰਦਾਜ਼ਾ ਹੀ ਕੀਤਾ ਜਾ ਸਕਦਾ ਹੈ।

ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਜੇ ਅਸੀਂ ਇਹ ਪਤਾ ਕਰਨਾ ਹੋਵੇ ਕਿ ਕੋਈ ਸਮਾਜ ਕਿੰਨਾ ਕੁ ਨਿਆਂ ਉਤੇ ਆਧਾਰਤ ਹੈ, ਕਿ ਉਸ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਕਿੰਨੀਆਂ ਕੁ ਉੱਚੀਆਂ ਹਨ, ਕਿ ਕਿਸੇ ਸਮਾਜ ਵਿਚ ਮਾਨਵਤਾ ਦਾ ਕੀ ਮੁੱਲ ਹੈ, ਤਾਂ ਇਸ ਦੀ ਇੱਕੋ ਇੱਕ ਕਸਵਟੀ ਇਹ ਹੋ ਸਕਦੀ ਹੈ ਕਿ ਉਸ ਸਮਾਜ ਵਿਚ ਇਸਤਰੀ ਦਾ ਕੀ ਸਥਾਨ ਹੈ, ਕਿ ਇਸਤਰੀ ਵਲ ਉਸ ਸਮਾਜ ਦਾ ਕੀ ਵਤੀਰਾ ਹੈ। ਇਸਤਰੀ ਬਾਰੇ ਕੋਈ ਵੀ ਹਿਰਦੇ ਸਾਹਿਤ ਸਮੁੱਚੇ ਸਮਾਜ ਦੀਆਂ ਕਦਰਾਂ-ਕੀਮਤਾਂ ਉਤੇ ਇਕ ਟਿੱਪਣੀ ਹੋਵੇਗਾ।

ਦੁੱਗਲ ਨੂੰ ਜਿਸ ਵੇਲੇ 'ਕੁੜੀਆਂ ਦਾ ਕਹਾਣੀਕਾਰ' ਹੋਣ ਦਾ ਖ਼ਿਤਾਬ ਦਿਤਾ ਜਾਂਦਾ ਹੈ, ਤਾਂ ਅਸਲ ਵਿਚ ਉਸ ਦੀ ਹਕੀਕਤ ਨੂੰ ਨਹੀਂ ਪੇਸ਼ ਕੀਤਾ ਜਾਂਦਾ, ਸਗੋਂ ਇਸ ਨੂੰ ਰੋਮਾਂਚਿਕ ਧੰਦ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੁੱਗਲ ਸਮਾਜਕ ਯਥਾਰਥ ਨੂੰ ਚਿਤਰਦਾ ਹੈ, ਜਿਸ ਦਾ ਔਰਤ ਵੀ ਓਨਾ ਹੀ ਅੰਗ ਹੈ, ਜਿੰਨਾ ਆਦਮੀ, ਭਾਵੇਂ ਸਮਾਜ ਮਰਦ-ਪ੍ਰਧਾਨ ਹੀ ਕਿਉਂ ਨਾ ਹੋਵੇ।

ਦੁੱਗਲ ਸਾਨੂੰ ਔਰਤ ਵਿਚ ਉਚੇਚੀ ਦਿਲਚਸਪੀ ਲੈਂਦਾ ਇਸ ਲਈ ਲਗਦਾ ਹੈ ਕੇ ਬਾਕੀ ਸਾਹਿਤਕਾਰਾਂ ਵਿਚ (ਸਿਵਾਏ ਇਸਤਰੀ ਸਾਹਿਤਕਾਰਾਂ ਦੇ) ਔਰਤ ਨੂੰ ਉਚਿਤ ਥਾਂ ਦਿੱਤੀ ਨਹੀਂ ਗਈ। ਪਰ ਬਾਕੀ ਸਾਹਿਤਕਾਰਾਂ ਨਾਲੋਂ ਦੁੱਗਲ ਦਾ ਇਕ ਵੱਡਾ ਫ਼ਰਕ ਇਹ ਵੀ ਹੈ ਕਿ ਦੁੱਗਲ ਉਪਭਾਵਕਤਾ ਦਾ ਮੁਲੰਮਾ ਨਹੀਂ ਚੜ੍ਹਾਉਂਦਾ। ਉਹ ਔਰਤ ਸਮਾਜਕ ਜੀਵ ਵਜੋਂ ਦੇਖਦਾ ਹੈ, ਉਸ ਦੇ ਯਥਾਰਥ ਨੂੰ ਜਿਉਂ ਦਾ ਤਿਉਂ ਪੇਸ਼ ਕਰਦਾ, ਨਾ ਕੋਈ ਲੋੜੋਂ ਵਧ ਹਮਦਰਦੀ ਜਤਾਉਂਦਾ ਹੈ, ਨਾ ਤਰਸ ਕਰਦਾ ਹੈ, ਅਤੇ ਨਾ ਹੀ ਉਸ ਉਤੇ ਨਫ਼ੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੈ, ਜਿਥੇ ਉਹ ਆਦਮੀਆਂ

73