ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁੱਖ ਅਤੇ ਇਸ ਦੁੱਖ ਦੀ ਸੁਭਾਵਕ ਸੰਤੁਸ਼ਟੀ। ਇਸ ਵਿਚ ਸ਼ਾਇਦ ਪੋਠੋਹਾਰੀ ਪਿਛੋਕੜ ਦਾ ਬਹੁਤਾ ਹੱਥ ਹੈ। ਰਵਾਦਾਰੀ ਇਸ ਦਾ ਦੂਜਾ ਪਹਿਲੂ ਹੈ - ਰਵਾਦਾਰੀ ਧਾਰਮਕ ਮਾਮਲਿਆਂ ਵਿਚ, ਰਵਾਦਾਰੀ ਰਾਜਨੀਤਕ ਵਿਸ਼ਵਾਸਾਂ ਵਿਚ, ਰਵਾਦਾਰੀ ਦੂਜੇ ਦਾ ਦ੍ਰਿਸ਼ਟੀਕੋਨ ਸੁਣਨ, ਸਮਝਣ ਅਤੇ ਬਰਦਾਸ਼ਤ ਕਰਨ ਵਿਚ, ਰਵਾਦਾਰੀ ਹਰ ਐਸੇ ਮਸਲੇ ਉਤੇ ਜਿਥੇ ਕੋਈ ਰਗੜ ਚਿੰਗਾੜੀ ਤੇ ਫਿਰ ਅੱਗ ਪੈਦਾ ਕਰ ਸਕਦੀ ਹੈ। ਇਸੇ ਪਹਿਲੂ ਦਾ ਪਸਾਰ ਉਸ ਦਾ ਮਾਨਵਵਾਦ ਹੈ। ਮਹਾਤਮਾ ਗਾਂਧੀ ਅਤੇ ਗਾਂਧੀਵਾਦ ਪ੍ਰਤਿ ਉਸ ਦੀ ਹਮਦਰਦੀ ਉਸ ਦੇ ਉਪਰੋਕਤ ਜੀਵਨ-ਫ਼ਲਸਫ਼ੇ ਵਿਚੋਂ ਹੀ ਨਿਕਲਦੀ ਹੈ।

ਸਮੁੱਚੇ ਤੌਰ ਉਤੇ ਅਸੀਂ ਗਲ ਦੇ ਜੀਵਨ-ਫ਼ਲਾਸਫ਼ੇ ਨੂੰ ਬੁਰਜੂਆ ਜਮਹੂਰੀ ਮਾਨਵਵਾਦ ਦਾ ਨਾਂਅ ਦੇ ਸਕਦੇ ਹਾਂ। ਇਸ ਫ਼ਲਸਫ਼ੇ ਨੇ ਕੌਮੀ ਆਜ਼ਾਦੀ ਦੀ ਲਹਿਰ ਵੇਲੇ ਜਨਮ ਧਾਰਿਆ ਸੀ, ਇਹ ਫ਼ਲਸਫ਼ਾ ਕੁਝ ਹੋਰ ਅਗਾਂਹ-ਵਧੂ ਅੰਸ਼ ਆਪਣੇ ਵਿਚ ਸਮਾ ਕੇ ਓਦੋਂ ਜ਼ੋਰਦਾਰ ਰੂਪ ਧਾਰਨ ਕਰ ਚੁੱਕਾ ਸੀ ਜਦੋਂ ਦੁੱਗਲ ਅਤੇ ਉਸ ਦੇ ਸਮਕਾਲੀਆਂ ਨੇ ਲਿਖਣਾ ਸ਼ੁਰੂ ਕੀਤਾ। ਇਸ ਫ਼ਲਸਫ਼ੇ ਦੀਆਂ ਸੰਭਾਵਨਾਵਾਂ ਅੱਜ ਵੀ ਅਜੇ ਕਾਇਮ ਹਨ, ਖ਼ਾਸ ਕਰ ਕੇ ਜਦੋਂ ਟੱਕਰ ਅਤਿ ਦੇ ਪਿਛਾਖੜ, ਅਨ੍ਹੇਰ ਬਿਰਤੀ ਅਤੇ ਘੋਰ ਲੁੱਟ-ਖਸੁੱਟ ਨਾਲ ਹੁੰਦੀ ਹੈ, ਸਥਾਨਕ, ਕੌਮੀ ਜਾਂ ਕੌਮਾਂਤਰੀ ਕਿਸੇ ਵੀ ਪੱਧਰ ਉਤੇ।

ਇਹ ਵਿਸ਼ਾਲ ਅਤੇ ਬਹੁਤਾਂਤਕ ਵਿਸ਼ਾ-ਵਸਤੂ ਰੂਪ ਦੇ ਪੱਖੋਂ ਵੀ ਵੰਨ-ਸੁਵੰਨਤਾ ਦੀ ਮੰਗ ਕਰਦਾ ਹੈ, ਨਹੀਂ ਤਾਂ ਆਪਣੀ ਸਾਰੀ ਵੰਨ-ਸੁਵੰਨਤਾ ਦੇ ਬਾਵਜੂਦ ਦੁੱਗਲ ਨੂੰ ਪੜ੍ਹਨਾ ਬੜਾ ਬੋਰਿੰਗ ਹੋ ਜਾਏ। ਅਤੇ ਰੂਪ ਦੀ ਇਹ ਵੰਨ-ਸੁਵੰਨਤਾ ਸਾਨੂੰ ਦੁੱਗਲ ਦੀਆਂ ਕਹਾਣੀਆਂ ਵਿਚ ਮਿਲਦੀ ਹੈ।

ਦੁੱਗਲ ਦੀ ਸ਼ਬਦਾਵਲੀ ਵਿਚ ਸਾਨੂੰ ਬਹੁਤੀ ਵੰਨਗੀ ਦੇਖਣ ਵਿਚ ਨਹੀਂ ਆਉਂਦੀ, ਵਿਵਾਏ ਇਸ ਦੇ ਕਿ ਉਹ ਲੋੜ ਪੈਣ ਉਤੇ ਪੋਠੋਹਾਰੀ ਦੀ ਵਰਤੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ। ਸ਼ਬਦਾਵਲੀ ਦੀ ਇਹ ਵੰਨ-ਸੁਵੰਨਤਾ ਸਾਨੂੰ ਕੁਝ ਦੂਜੇ ਲੇਖਕਾਂ ਵਿਚ ਦੁੱਗਲ ਨਾਲੋਂ ਵਧੇਰੇ ਦਿਸਦੀ ਹੈ।

ਤਾਂ ਵੀ ਦੁੱਗਲ ਦੀਆਂ ਕਹਾਣੀਆਂ ਕਈ ਤਰ੍ਹਾਂ ਦੇ ਭਾਵ ਅਤੇ ਪ੍ਰਭਾਵ ਪੈਂਦਾ ਕਰਦੀਆਂ ਹਨ - ਸੁਖਾਂਤਕ, ਦੁਖਾਂਤਕ, ਠੱਠਾ, ਮਸ਼ਕਰੀ, ਖੁੱਲਾ-ਡੁੱਲ੍ਹਾ ਹਾਸਾ, ਤਰਸ, ਭੈਅ, ਹਲਕਾ ਫੁਲਕਾ, ਦਾਰਸ਼ਨਿਕ ਆਦਿ। ਗਹੁ ਨਾਲ ਵਿਸ਼ਲੇਸ਼ਣ ਕੀਤਿਆਂ, ਦੁੱਗਲ ਇਹ ਸਾਰੇ ਭਾਵ ਅਤੇ ਪ੍ਰਭਾਵ ਸ਼ਬਦਾਵਲੀ ਨਾਲ ਨਹੀਂ, ਸਗੋਂ ਮੁੱਖ ਤੌਰ ਉਤੇ ਦੋ ਹੋਰ ਸਾਧਨਾਂ ਰਾਹੀਂ ਪੈਦਾ ਕਰਦਾ ਹੈ: ਵਿਆਕਰਣਕ ਯੁਗਤਾਂ ਵਰਤ ਕੇ, ਅਤੇ ਘਟਨਾ ਰਾਹੀਂ ਜਾਂ ਕਹਾਣੀ ਦੀ ਅੰਦਰਲੀ ਸੰਰਚਨਾ ਨਾਲੇ। ਭਾਵ ਅਤੇ ਪ੍ਰਭਾਵ ਦੀ ਉਸਾਰੀ ਸ਼ਬਦਾਂ ਰਾਹੀਂ ਨਹੀਂ ਸਗੋਂ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖਾਸ ਤਰ੍ਹਾਂ ਦੇ ਦੁਹਰਾਅ ਰਾਹੀ ਵਾਕਾਂ ਨੂੰ ਨਿੱਕੇ ਜਾਂ ਵੱਡੇ ਕਰ ਕੇ ਉਨਾਂ ਨੂੰ ਖ਼ਾਸ ਤਰਤੀਬ ਵਿਚ ਰੱਖਣ ਰਾਹੀਂ ਹੁੰਦੀ ਹੈ। ਜਿਥੇ ਲੋੜ ਪਵੇ ਉਹ ਰੂਪਕ ਅਲੰਕਾਰ ਵੀ ਵਰਤਦਾ ਹੈ, ਅਤੇ ਵਰਤਦਾ ਹੈ, ਅਤੇ ਇਹਨਾਂ ਵਿਚ ਇਕ ਮੌਲਕਤਾ

76