ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੦

ਪ੍ਰਸ਼ਨ ਪੁਛਣਾ ਬੜਾ ਜ਼ਰੂਰੀ ਹੈ। ਵਿਵੇਚਨਾਤਮਕ ਪ੍ਰਸ਼ਨ ਕਰਨ ਦੀ ਹੁਸ਼ਿਆਰੀ ਉਤੇ ਹੀ ਇਹ ਨਿਰਭਰ ਕਰਦਾ ਹੈ ਕਿ ਬੱਚਾ ਆਪਣੇ ਦਮਾਗ ਤੋਂ ਆਪ ਕੰਮ ਲਵੇ ਅਤੇ ਉਸਤਾਦ ਦੀ ਵਿਦਵਤਾ ਨੂੰ ਘੋਟਾ ਲਾਕੇ ਨਾ ਲਵੇ। ਜੇ ਕਿਸੇ ਉਸਤਾਦ ਦੇ ਪੜ੍ਹਾਉਣ ਦੇ ਢੰਗ ਨੂੰ ਸੂਖਮ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਅਸੀਂ ਉਸ ਨੂੰ ਕੁਝ ਹੋਰ ਦਾ ਹੋਰ ਪਰਤੀਤ ਕਰਾਂਗੇ। ਕਿੰਨੇ ਹੀ ਉਸਤਾਦਾਂ ਦੇ ਪਾਠਾਂ ਵਿਚ ਸੁਆਲਾਂ ਦੀ ਭਰਮਾਰ ਤਾਂ ਹੁੰਦੀ ਹੈ, ਪਰ ਉਹ ਪ੍ਰਸ਼ਨ ਅਜਿਹੇ ਹੁੰਦੇ ਹਨ ਜਾਂ ਉਨ੍ਹਾਂ ਦੀ ਤਰਤੀਬ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਬੱਚੇ ਦੀ ਸੋਚ ਸ਼ਕਤੀ ਉਤੇ ਕੋਈ ਖਾਸ ਜ਼ੋਰ ਨਹੀਂ ਪੈਂਦਾ। ਉਪਰੋਂ ਵੇਖਣ ਨਾਲ ਪ੍ਰਸ਼ਨਾਂ ਦੇ ਉਤਰ ਜਮਾਤ ਦੇ ਬੱਚੇ ਹੀ ਦਿੰਦੇ ਹਨ, ਪਰ ਅਸਲ ਵਿਚ ਉਤਰ ਉਸਤਾਦ ਰਾਹੀਂ ਸੁਝਾਏ ਹੋਏ ਹੁੰਦੇ ਹਨ। ਅਥਵਾ ਪ੍ਰਸ਼ਨਾਂ ਰਾਹੀਂ ਜਿਸ ਮੱਹਤਾ ਦੀ ਗਲ ਨੂੰ ਉਸਤਾਦ ਬਚਿਆਂ ਕੋਲੋਂ ਕਢਵਾਉਣਾ ਚਾਹੁੰਦਾ ਹੈ ਉਹ ਹੀ ਗਲ ਉਸਤਾਦ ਆਪ ਹੀ ਬਚਿਆਂ ਨੂੰ ਦੱਸ ਦੇਂਦਾ ਹੈ। ਇਸ ਤਰ੍ਹਾਂ ਉਪਰੋਂ ਵੇਖਣ ਨਾਲ ਤਾਂ ਜਮਾਤ ਦਾ ਉਤਰ ਬਹੁਤ ਹੀ ਚੰਗਾ ਹੁੰਦਾ ਹੈ ਪਰ ਅਸਲ ਵਿਚ ਬੱਚਿਆਂ ਦੀ ਯਾਦ ਸ਼ਕਤੀ ਨਹੀਂ ਵਧਦੀ।

ਜਿਸ ਤਰ੍ਹਾਂ ਕਿੱਨੇ ਹੀ ਉਸਤਾਦ ਬਚਿਆਂ ਨੂੰ ਕਿਸੇ ਪਾਠ ਨੂੰ ਪੜ੍ਹਾਉਣ ਵੇਲੇ ਜਿਥੇ ਪ੍ਰਸ਼ਨ ਕਰਨਾ ਚਾਹੀਦਾ ਹੈ ਉਥੇ ਨਹੀਂ ਕਰਦੇ ਪਰ ਬਚਿਆਂ ਤੋਂ ਕਢੀ ਜਾਣ ਵਾਲੀ ਮਹੱਤਾ ਦੀ ਗਲ ਉਨ੍ਹਾਂ ਨੂੰ ਆਪ ਦਸ ਦਿੰਦੇ ਹਨ, ਉਸੇ ਤਰ੍ਹਾਂ ਕਿੱਨੇ ਹੀ ਦੂਸਰੇ ਬੇਸਮਝ ਉਸਤਾਦ ਬਚਿਆਂ ਨੂੰ ਉਨ੍ਹਾਂ ਗਲਾਂ ਬਾਰੇ ਪ੍ਰਸ਼ਨ ਕਰਦੇ ਹਨ ਜਿਹੜੀਆਂ ਉਨ੍ਹਾਂ ਨੂੰ ਕਦੇ ਦੱਸੀਆਂ ਹੀ ਨਹੀਂ ਗਈਆਂ ਅਤੇ ਨਾ ਉਨ੍ਹਾਂ ਨੂੰ ਉਹ ਆਪਣੀ ਸੁਤੰਤਰ ਸੋਚ ਤੋਂ ਪਰਾਪਤ ਕਰ ਸਕਦੇ ਹਨ। ਇਤਿਹਾਸ ਅਤੇ ਭੂਗੋਲ ਦੀਆਂ ਕਿੱਨੀਆਂ ਹੀ ਅਜਿਹੀਆਂ ਗਲਾਂ ਹਨ ਜਿਨ੍ਹਾਂ ਨੂੰ ਪੜਾਉਣ ਦਾ ਸਭ ਤੋਂ ਚੰਗਾ ਢੰਗ, ਉਨ੍ਹਾਂ ਨੂੰ ਸਿੱਧੀ ਤਰ੍ਹਾਂ ਹੀ ਬਚਿਆਂ ਨੂੰ ਦੱਸ ਦੇਣਾ ਹੈ। ਅਕਬਰ ਦੇ ਜਨਮ-ਸਥਾਨ ਜਾਂ ਤਾਰੀਖ ਬਾਰੇ ਪ੍ਰਸ਼ਨ ਕਰਨਾ ਬਿਅਰਥ ਹੀ ਨਹੀਂ ਸਗੋਂ ਬੱਚਿਆਂ ਦਾ ਸਮਾਂ ਗੁਆਉਣਾ ਹੈ। ਇਸੇ ਤਰ੍ਹਾਂ ਕਿਸੇ ਦੇਸ਼ ਦੀ ਉਪਜ ਬਾਰੇ ਬਚਿਆਂ ਨੂੰ ਪ੍ਰਸ਼ਨ ਕਰਨਾ ਬਿਅਰਥ ਹੈ। ਬਚਿਆਂ ਤੋਂ ਇੱਨਾ ਹੀ ਪੁਛਿਆ ਜਾ ਸਕਦਾ ਹੈ ਕਿ ਜੇ ਫਲਾਣੇ ਦੇਸ਼ ਦਾ ਜਲਵਾਯੂ ਫਲਾਣੀ ਕਿਸਮ ਦਾ ਹੋਵੇ ਤਾਂ ਉਸ ਦੇਸ਼ ਵਿਚ ਕਿਹੜੀ ਫਸਲ ਹੋਣ ਦੀ ਸੰਭਾਵਨਾ ਹੈ। ਫਿਰ ਉਸਤਾਦ ਨੂੰ ਚਾਹੀਦਾ ਹੈ ਕਿ ਅਸਲ ਉਪਜ ਦਾ ਗਿਆਨ ਕਰਵਾ ਦੇਵੇ। ਸਿਖਾਈ ਦੇ ਪ੍ਰਸ਼ਨਾਂ ਦਾ ਨਿਸ਼ਾਨਾ ਬੱਚਿਆਂ ਦੇ ਦਿਮਾਗ ਵਿਚੋਂ ਨਵੇਂ ਗਿਆਨ ਦਾ ਕਢਣਾ ਨਹੀਂ ਸਗੋਂ ਨਵੇਂ ਗਿਆਨ ਦਾ ਪੁਰਾਣੇ ਗਿਆਨ ਨਾਲ ਨਿਰਾ ਸਬੰਧ ਜੋੜਨ ਦਾ ਹੈ। ਨਵੀਆਂ ਚੀਜ਼ਾਂ ਦਾ ਗਿਆਨ ਉਸਤਾਦ ਆਪ ਹੀ ਕਰਾਏਗਾ, ਪਰ ਬੱਚੇ ਦੇ ਮਨ ਵਿਚ ਇਸ ਗਿਆਨ ਦੀ ਭੁਖ ਯੋਗ ਪ੍ਰਸ਼ਨਾਂ ਰਾਹੀਂ ਪੈਦਾ ਕੀਤੀ ਜਾ ਸਕਦੀ ਹੈ, ਅਤੇ ਇਸ ਗਿਆਨ ਨੂੰ ਪ੍ਰਸ਼ਨਾਂ ਰਾਹੀਂ ਬੱਚੇ ਦੀ ਬੁਧੀ ਵਿਚ ਪੱਕਾ ਕੀਤਾ ਜਾ ਸਕਦਾ ਹੈ। ਬੱਚਾ ਆਪਣੀ ਅਕਲ ਤੋਂ ਨਵੀਆਂ ਚੀਜ਼ਾਂ ਨੂੰ ਪੈਦਾ ਨਹੀਂ ਕਰ ਸਕਦਾ ਪਰ ਉਹ ਆਪਣੀ ਅਕਲ ਤੋਂ ਨਵੀਂ ਅਗਿਆਤ ਚੀਜ਼ ਅਤੇ ਪੁਰਾਣੀ ਗਿਆਤ ਚੀਜ਼ ਵਿਚ ਸਬੰਧ ਕਾਇਮ ਕਰ ਸਕਦਾ ਹੈ।

ਚੰਗੇ ਪ੍ਰਸ਼ਨ ਦੇ ਲੱਛਣ

ਚੰਗੇ ਪ੍ਰਸ਼ਨਾਂ ਦੇ ਹੇਠ ਲਿਖੇ ਲੱਛਣ ਹਨ:-

(੧) ਚੰਗੇ ਪ੍ਰਸ਼ਨ ਵਿਚਾਰਾਂ ਨੂੰ ਉਭਾਰਦੇ ਹਨ।

(੨) ਚੰਗੇ ਪ੍ਰਸ਼ਨ ਦੇ ਉੱਤਰ ਵਿਚ ਅਨੁਮਾਨ (ਅੰਦਾਜ਼ਾ) ਲਾਉਣ ਦੀ ਕੋਈ ਥਾਂ ਨਹੀਂ ਹੁੰਦੀ।