ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਸ਼ਖਸ਼ੀਅਤ ਦਾ ਵਿਕਾਸ ਸਮਾਜ ਦੀ ਸਹਾਇਤਾ ਬਿਨਾਂ ਸੰਭਵ ਹੀ ਨਹੀਂ ਹੈ। ਮਨੁਖ ਸਮਾਜ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੁਕ ਕੇ ਹੀ ਵਿਕਸਤ ਜੀਵਨ ਪਰਾਪਤ ਕਰਦਾ ਹੈ। ਉਸ ਦੇ ਜੀਵਨ ਦੇ ਆਦਰਸ਼ ਅਤੇ ਜੀਵਨ ਦੇ ਕਾਰ ਵਿਹਾਰਾਂ ਲਈ ਵਿਉਤਸਾਰ ਦੂਸਰਿਆਂ ਕੋਲੋਂ ਹੀ ਮਿਲਦਾ ਹੈ। ਇੱਨਾ ਹੁੰਦਿਆਂ ਵੀ ਇਹ ਗੱਲ ਸੱਚ ਹੈ ਕਿ ਹਰ ਮਨੁਖ ਦੇ ਜੀਵਨ ਦਾ ਵਿਸ਼ੇਸ਼ ਮੁੱਲ ਹੈ। ਉਸਦਾ ਜੀਵਨ ਦੂਜਿਆਂ ਦੇ ਜੀਵਨ ਨਾਲੋਂ ਵਿਲੱਖਣ ਹੈ ਅਤੇ ਉਸ ਦੇ ਜੀਵਨ ਦੇ ਆਦਰਸ਼ ਉਸ ਦੇ ਆਪਣੇ ਆਦਰਸ਼ ਹਨ। ਜਿਸ ਸਮਾਜ ਵਿਚ ਵਿਅਕਤੀ ਦੇ ਇਨ੍ਹਾਂ ਆਦਰਸ਼ਾਂ ਦੀ ਪੂਰਤੀ ਲਈ ਲੋੜੀਂਦਾ ਵਾਤਾਵਰਨ, ਸਿਖਿਆ ਅਤੇ ਉਤਸ਼ਾਹ ਨਹੀਂ ਮਿਲਦਾ, ਉਹ ਸਮਾਜ ਵਿਅਕਤੀ ਦੀ ਵਿਸ਼ੇਸ਼ ਕਿਸਮ ਦੀ ਭਲਿਆਈ ਕਰਨ ਦੀ ਯੋਗਤਾ ਤੋਂ ਵਾਂਜਿਆ ਰਹਿੰਦਾ ਹੈ।

ਸਮਾਜ ਨੂੰ ਹਰ ਵਿਅਕਤੀ ਤੋਂ ਸੇਵਾ ਲੈਣ ਦਾ ਅਧਿਕਾਰ ਹੈ। ਇਕ ਤਰ੍ਹਾਂ ਵੇਖਿਆ ਜਾਵੇ ਤਾਂ ਵਿਅਕਤੀ ਦਾ ਜੀਵਨ ਸਮਾਜ ਦਾ ਦਿਤਾ ਹੋਇਆ ਹੈ। ਜਦ ਅਸੀਂ ਸੰਸਾਰ ਵਿਚ ਆਉਂਦੇ ਹਾਂ ਤਾਂ ਸਾਡਾ ਮਨ ਨੰਗਾ ਹੁੰਦਾ ਹੈ ਜਿਵੇਂ ਕਿ ਸਾਡਾ ਸਰੀਰ। ਜਿਸ ਤਰ੍ਹਾਂ ਸਮਾਜ ਸਾਡੇ ਸਰੀਰ ਨੂੰ ਰੋਕਦਾ ਤੇ ਉਸ ਦੀ ਪਾਲਣਾ ਕਰਦਾ ਹੈ, ਉਸੇ ਤਰ੍ਹਾਂ ਸਾਡੇ ਮਨ ਵਿਚ ਅਨੇਕ ਤਰ੍ਹਾਂ ਦੇ ਸੰਸਕਾਰ ਸਮਾਜ ਵਿਚੋਂ ਹੀ ਪੈਂਦੇ ਹਨ ਅਤੇ ਇਸ ਵਿਚ ਸਭ ਤਰ੍ਹਾਂ ਦੀਆਂ ਯੋਗਤਾਵਾਂ ਦਾ ਵਾਧਾ ਸਮਾਜ ਰਾਹੀਂ ਹੀ ਹੁੰਦਾ ਹੈ। ਇਸ ਲਈ ਸਮਾਜ ਦੇ ਉਪਕਾਰ ਦਾ ਬਦਲਾ ਲਾਹੁਣਾ ਹਰ ਇਕ ਵਿਅਕਤੀ ਦਾ ਕਰਤੱਵ ਹੈ। ਪਰ ਇਸ ਦਾ ਇਹ ਅਰਥ ਨਹੀਂ ਸਮਝ ਲੈਣਾ ਚਾਹੀਦਾ ਕਿ ਸਮਾਜ ਨੂੰ ਅਧਿਕਾਰ ਹੈ ਕਿ ਉਹ ਜਿਸ ਵਿਅਕਤੀ ਨੂੰ ਜਿਸ ਕੰਮ ਵਿਚ ਲਾਉਣਾ ਚਾਹੇ, ਲਾਵੇ। ਔਕੜ ਸਮੇਂ ਇਸ ਤਰ੍ਹਾਂ ਦਾ ਪਰਬੰਧ ਬੇਲੋੜਾ ਨਹੀਂ; ਪਰ ਸਧਾਰਨ ਸਮੇਂ ਵਿਚ ਇਸ ਤਰ੍ਹਾਂ ਦਾ ਪਰਬੰਧ ਹੋ ਜਾਣਾ ਵਿਅਕਤੀ ਨਾਲ ਅਨਿਆਇ ਕਰਨਾ ਹੈ। ਸਮਾਜ ਦੀ ਸਭ ਤੋਂ ਅੱਛੀ ਸੇਵਾ ਤਾਂ ਹੀ ਵਿਅਕਤੀ ਕਰ ਸਕਦਾ ਹੈ ਜੇ ਉਸ ਦੀਆਂ ਵਿਸ਼ੇਸ਼ ਯੋਗਤਾਵਾਂ ਦਾ ਚੰਗੀ ਤਰ੍ਹਾਂ ਵਿਕਾਸ ਹੋਵੇ ਅਤੇ ਉਨ੍ਹਾਂ ਯੋਗਤਾਵਾਂ ਨਾਲ ਉਹ ਸਮਾਜ ਦੀ ਸੇਵਾ ਕਰੇ।

ਮਨੁਖ ਦੇ ਜੀਵਨ ਦਾ ਆਦਰਸ਼ ਹੀ ਸੁਤੰਤਰਤਾ ਪਰਾਪਤ ਕਰਨਾ ਹੈ। ਸੁਤੰਤਰਤਾ ਤੋਂ ਬਿਨਾਂ 'ਭਲਾ' ‘ਬੁਰਾ' ਅਖਲਾਕ ਦੀਆਂ ਨਜ਼ਰਾਂ ਵਿਚ ਕੋਈ ਅਰਥ ਨਹੀਂ ਰਖਦੇ। ਪਰ-ਅਧੀਨ ਮਨੁਖ ਦਾ ਕੋਈ ਅਖਲਾਕੀ ਜੀਵਨ ਨਹੀਂ। ਜਿਸ ਮਨੁਖ ਨੇ ਆਪਣੀ ਸੁਤੰਤਰਤਾ ਗੁਆ ਲਈ ਉਸ ਨੇ ਸਭ ਕੁਝ ਗੁਆ ਲਿਆ। ਸੁਤੰਤਰ ਮਨੁਖ ਹੀ ਆਪਣੇ ਜੀਵਨ ਨੂੰ ਭਲਾ ਜਾਂ ਬੁਰਾ ਬਣਾ ਸਕਦਾ ਹੈ। ਅਜੇਹੇ ਹੀ ਮਨੁਖ ਨੂੰ ਚੰਗੇ ਜਾਂ ਬੁਰੇ ਗੁਣਾਂ ਵਾਲਾ ਕਿਹਾ ਜਾ ਸਕਦਾ ਹੈ। ਪਰ-ਅਧੀਨ ਹੋਕੇ ਜਿਹੜਾ ਮਨੁਖ ਭਲੇ ਕੰਮ ਵੀ ਕਰਦਾ ਹੈ ਉਸ ਨਾਲ ਉਸ ਦੀ ਕੋਈ ਅਧਿਆਤਮਿਕ ਉਨਤੀ ਨਹੀਂ ਹੁੰਦੀ। ਆਚਰਨ ਦੀ ਉਸਾਰੀ ਜਾਂ ਅਧਿਆਤਮਿਕ ਉੱਨਤੀ ਲਈ ਸੁਤੰਤਰਤਾ ਬੜੀ ਜ਼ਰੂਰੀ ਹੈ।

ਸਮਾਜ ਨੂੰ ਚਾਹੀਦਾ ਹੈ ਕਿ ਉਹ ਵਿਅਕਤੀ ਦੇ ਅਧਿਆਤਮਿਕ ਜੀਵਨ ਦੀ ਇਸ ਲੋੜ ਉਤੇ ਸੱਟ ਨਾ ਮਾਰੇ। ਜਿੱਨੇ ਕਿਸੇ ਸਮਾਜ ਦੇ ਵਿਅਕਤੀ ਸੁਤੰਤਰ ਹਨ ਸਾਨੂੰ ਉਸ ਨੂੰ ਉੱਨਾ ਹੀ ਵਿਕਸਤ ਮੰਨਣਾ ਪਵੇਗਾ। ਅਜਿਹੇ ਹੀ ਸਮਾਜ ਵਿਚ ਅਸਲ ਸੁੱਚੇ ਆਚਰਨ ਵਾਲੇ ਵਿਅਕਤੀ ਹੋ ਸਕਦੇ ਹਨ। ਜਦ ਵਿਅਕਤੀ ਸੁੱਚੇ ਆਚਰਨ ਦਾ ਹੁੰਦਾ ਹੈ ਤਾਂ ਉਹ ਸੁਭਾਵਕ ਹੀ ਆਪਣੇ ਕੰਮਾਂ ਨਾਲ ਸਮਾਜ ਦਾ ਭਲਾ ਕਰਦਾ ਹੈ। ਉਸ ਦਾ ਹਰ