੫੮
ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਦੀ ਸਿਖਿਆ ਨੂੰ ਡਯੂਵੀ ਅਧੂਰੀ ਸਿਖਿਆ ਜਾਂ ਵਿਅਰਥ ਸਿਖਿਆ ਮੰਨਦਾ ਹੈ। ਸੱਚੀ ਸਿਖਿਆ ਉਹ ਹੈ ਜਿਹੜੀ ਬੱਚੇ ਨੂੰ ਆਪਣੇ ਅਨੁਭਵ ਰਾਹੀਂ ਪਰਾਪਤ ਹੁੰਦੀ ਹੈ, ਅਰਥਾਤ ਜਿਹੜੀ ਉਸ ਨੂੰ ਅਮਲੀ ਔਕੜਾਂ (ਸਮੱਸਿਆਵਾਂ) ਹਲ ਕਰਦਿਆਂ ਮਿਲਦੀ ਹੈ ਅਤੇ ਜਿਹੜੀ ਉਸ ਨੂੰ ਅਮਲੀ ਜੀਵਨ ਵਿਚ ਸਿਆਣਾ ਬਣਾਉਂਦੀ ਹੈ।
ਡਯੂਵੀ ਸਕੂਲ ਦੀ ਸਿਖਿਆ ਅਤੇ ਸਕੂਲ ਤੋਂ ਬਾਹਰ ਦੀ ਸਿਖਿਆ ਦਾ ਫਰਕ ਮਿਟਾ ਦੇਣਾ ਚਾਹੁੰਦਾ ਹੈ। ਜਿਸ ਤਰ੍ਹਾਂ ਬੱਚਾ ਘਰ ਵਿਚ ਅਤੇ ਸਮਾਜ ਵਿਚ ਸਿਖਿਅਤ ਹੁੰਦਾ ਹੈ ਉਸੇ ਤਰ੍ਹਾਂ ਉਸ ਨੂੰ ਸਕੂਲ ਵਿਚ ਵੀ ਸਿਖਿਅਤ ਕਰਨਾ ਚਾਹੁੰਦਾ ਹੈ। ਉਹ ਸਕੂਲ ਨੂੰ ਇਕ ਅਜਿਹੀ ਦੁਨੀਆਂ ਬਣਾ ਦੇਣਾ ਚਾਹੁੰਦਾ ਹੈ ਜਿਸ ਵਿਚ ਬੱਚੇ ਨੂੰ ਉਹੋ ਅਨੁਭਵ ਸੁਤੰਤਰਤਾ ਨਾਲ ਪਰਾਪਤ ਹੋਣ ਜਿਹੜੇ ਉਸ ਨੂੰ ਬਾਹਰਲੀ ਦੁਨੀਆਂ ਤੋਂ ਮਿਲਦੇ ਹਨ। ਸਕੂਲ ਅਤੇ ਬਾਹਰਲੀ ਦੁਨੀਆਂ ਦਾ ਫਰਕ ਡਯੂਵੀ ਮਿਟਾ ਦੇਣਾ ਚਾਹੁੰਦਾ ਹੈ। ਜਿਨ੍ਹਾਂ ਤਰੀਕਿਆਂ ਨਾਲ ਇਕ ਸਧਾਰਨ ਵਿਅਕਤੀ ਆਪਣੀ ਸਮੱਸਿਆਵਾਂ ਹੱਲ ਕਰਦਾ ਹੈ ਉਨ੍ਹਾਂ ਹੀ ਤਰੀਕਿਆਂ ਨਾਲ ਉਹ ਬਾਲਕ ਵਿਚ ਆਪਣੀਆਂ ਔਕੜਾਂ ਹਲ ਕਰਨ ਦੀ ਯੋਗਤਾ ਪੈਦਾ ਕਰਨ ਦਾ ਉਪਦੇਸ਼ ਦੇਂਦਾ ਹੈ। ਇਸ ਤਰ੍ਹਾਂ ਉਹ ਬੱਚੇ ਦੀ ਸਮੁਚੀ ਸਿਖਿਆ ਨੂੰ ਅਮਲੀ ਬਣਾ ਦੇਣਾ ਚਾਹੁੰਦਾ ਹੈ।
‘ਅਮਲੀਪੁਣੇ’ ਦਾ ਪਾਠ ਕਰਮ ਅਤੇ ਸਿਖਿਆ ਢੰਗ ਉਤੇ ਪ੍ਰਭਾਵ:- ਡਯੂਵੀ ਦੇ ਵਿਚਾਰਾਂ ਨੇ ਸਿਖਿਆ ਦੀ ਢਾਲ ਢਾਲ ਵਿਚ ਹਿਲਜੁਲ ਪੈਦਾ ਕਰ ਦਿਤੀ ਹੈ। ਉਨ੍ਹਾਂ ਨੇ ਬੱਚੇ ਦੀ ਸਿਖਲਾਈ ਦੇ ਇਕ ਨਵੇਂ ਢੰਗ ਦੀ ਕਾਢ ਕਢੀ ਹੈ। ਇਸ ਢੰਗ ਨੂੰ ‘ਪ੍ਰਾਜੈਕਟ ਮੈਥਡ' ਆਖਦੇ ਹਨ। ਇਸ ਢੰਗ ਵਿਚ ਬੱਚੇ ਦੀ ਸਿਖਿਆ ਉਸ ਦੀਆਂ ਸਮੱਸਿਆਵਾਂ ਹਲ ਕਰਨ ਦੇ ਹੀਲਿਆਂ ਦੇ ਨਾਲ ਨਾਲ ਹੁੰਦੀ ਹੈ। ਇਸ ਤਰ੍ਹਾਂ ਬੱਚਾ ਸਿਖਿਆ ਦੇਣ ਵਾਲੇ ਤੋਂ ਉੱਨੀ ਹੀ ਸਹਾਇਤਾ ਲੈਂਦਾ ਹੈ ਜਿੱਨੀ ਉਹ ਲੋੜੀਂਦੀ ਸਮਝਦਾ ਹੈ। ਸਿਖਿਆ ਦੇਣ ਵਾਲਾ ਬਾਲਕਾਂ ਦੀਆਂ ਸਧਾਰਨ ਸਮੱਸਿਆਵਾਂ ਦਾ ਅਧਿਅਨ ਕਰਦਾ ਹੈ ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਅਨੁਸਾਰ ਹਰ ਜਮਾਤ ਦੇ ਬਚਿਆਂ ਲਈ ਕੁਝ ਸਮੱਸਿਆਵਾਂ ਅਰਥਾਤ ਪ੍ਰਾਜੈਕਟਸ ਪਹਿਲਾਂ ਹੀ ਸੋਚ ਰਖਦਾ ਹੈ। ਬੱਚੇ ਆਪਣੀ ਸੌਖ ਨਾਲ ਉਨ੍ਹਾਂ ਸਮੱਸਿਆਵਾਂ ਨੂੰ ਹਲ ਕਰਦੇ ਹਨ।
ਪ੍ਰਾਜੈਕਟ ਢੰਗ ਨਾਲ ਪੜ੍ਹਨ ਵਾਲੇ ਬੱਚੇ, ਇਤਿਹਾਸ, ਭੂਗੋਲ, ਗਣਿਤ ਆਦਿ ਵਿਸ਼ੇ ਵਖ ਵਖ ਨਹੀਂ ਪੜ੍ਹਦੇ। ਉਹ ਇਨ੍ਹਾਂ ਵਿਸ਼ਿਆਂ ਦਾ ਉਤਨਾ ਹੀ ਗਿਆਨ ਪਰਾਪਤ ਕਰਨ ਦੀ ਲਾਲਸਾ ਰਖਦੇ ਹਨ ਜਿੱਨਾ ਉਨ੍ਹਾਂ ਨੂੰ ਆਪਣੀ ਅਮਲੀ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦਾ ਹੈ। ਇਸ ਢੰਗ ਦਾ ਅੱਗੇ ਚਲ ਕੇ ਅਸੀਂ ਵਿਸਥਾਰ ਨਾਲ ਵਰਣਨ ਕਰਾਂਗੇ।
ਡਯੂਵੀ ਦੇ ਸਿਧਾਂਤ ਦੀ ਅਲੋਚਨਾ
ਡਯੂਵੀ ਨੇ ਸਿਖਿਆ ਦੇ ਕੰਮ ਨੂੰ ਸਹਿਲ ਬਨਾਉਣ ਦਾ ਭਰਪੂਰ ਯਤਨ ਕੀਤਾ ਹੈ। ਉਨ੍ਹਾਂ ਦੀ ਸਿਖਿਆ ਵਿਧੀ ਵਿਚ ਸਿਖਿਆ ਦੇਣ ਵਾਲੇ ਦਾ ਕੰਮ ਕੁਝ ਔਖਾ ਭਾਵੇਂ ਹੋ ਜਾਵੇ ਪਰ ਵਿਦਿਆਰਥੀ ਦਾ ਕੰਮ ਸੌਖਾ ਅਤੇ ਪਿਆਰਾ ਹੋ ਜਾਂਦਾ ਹੈ। ਜਦ ਬੱਚਾ ਆਪਣੀ ਰੁਚੀ ਦੇ ਕੰਮ ਵਿਚ ਲਗਦਾ ਹੈ ਤਾਂ ਉਹ ਕੰਮ ਕਿੰਨਾ ਹੀ ਔਖਾ ਕਿਉਂ ਨਾ ਹੋਵੇ, ਉਸ ਨੂੰ ਸੌਖਾ ਹੀ ਪਰਤੀਤ ਹੋਵੇਗਾ। ਆਪਣੇ ਉਦੇਸ਼ ਨੂੰ ਪਰਾਪਤ ਕਰਨ ਲਈ ਜਿਹੜੀ ਮਿਹਨਤ ਕਿਸੇ