ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੯

ਵਿਅਕਤੀ ਨੂੰ ਕਰਨੀ ਪੈਂਦੀ ਹੈ ਉਸ ਨਾਲ ਉਹ ਬਕਦਾ ਨਹੀਂ। ਬੱਚਾ ਜਦ ਆਪਣੀ ਰੁਚੀ ਅਨੁਸਾਰ ਪਾਠ ਵਿਸ਼ੇ ਨੂੰ ਪੜ੍ਹਦਾ ਹੈ ਤਾਂ ਉਸ ਦਾ ਧਿਆਨ ਉਸ ਵਿਚ ਲਗਦਾ ਹੈ, ਨਹੀਂ ਤਾਂ ਉਹ ਪੜ੍ਹਾਈ ਵਿਚ ਬੇਦਿਲਾ ਹੋ ਜਾਂਦਾ ਹੈ। ਜਦ ਬੱਚੇ ਦੀ ਕਿਸੇ ਵਿਸ਼ੇ ਵਿਚ ਰੁਚੀ ਹੁੰਦੀ ਹੈ ਤਾਂ ਉਹ ਉਸ ਬਾਰੇ ਘੜੀ ਮੁੜੀ ਸੋਚਦਾ ਹੈ। ਇਸ ਤਰ੍ਹਾਂ ਕਿਸੇ ਵਿਸ਼ੇ ਨੂੰ ਘੜੀ ਮੁੜੀ ਸੋਚਣ ਨਾਲ, ਉਹ ਠੀਕ ਤਰ੍ਹਾਂ ਯਾਦ ਹੋ ਜਾਂਦਾ ਹੈ। ਇਸ ਢੰਗ ਨਾਲ ਪੜ੍ਹਾਉਣ ਨਾਲ ਬੱਚੇ ਦੀ ਯਾਦ ਸ਼ਕਤੀ ਉਤੇ ਬੇਲੋੜਾ ਬੋਝ ਨਹੀਂ ਲੱਦਿਆ ਜਾਂਦਾ। ਉਸ ਦਾ ਦਮਾਗ ਸੁਤੰਤਰ ਸੋਚ ਵਿਚਾਰ ਲਈ ਵੀ ਖਾਲੀ ਰਹਿੰਦਾ ਹੈ। ਹਰ ਵੇਲੇ ਦੂਜੇ ਲੋਕਾਂ ਦੇ ਵਿਚਾਰ ਦਮਾਗ ਵਿਚ ਚਲਦੇ ਰਹਿਣ ਨਾਲ ਮਨੁਖ ਦੀ ਸੁਤੰਤਰ ਸੋਚ ਵਿਚਾਰ ਕਰਨ ਦੀ ਸ਼ਕਤੀ ਜਾਂਦੀ ਰਹਿੰਦੀ ਹੈ। ਆਪਣੀਆਂ ਸਮੱਸਿਆਵਾਂ ਨੂੰ ਦੂਜਿਆਂ ਕੋਲੋਂ ਹਲ ਕਰਾਉਣ ਦੀ ਆਦਤ ਪੈ ਜਾਣ ਨਾਲ ਮਨੁਖ ਵਿਚ ਆਪਣੇ ਨਿੱਜੀ ਸਹਾਰੇ ਤੇ ਖੜਾ ਹੋਣ ਦੇ ਭਾਵ ਪੈਦਾ ਹੀ ਨਹੀਂ ਹੁੰਦੇ। ਬਚਿਆਂ ਵਿਚ ਨਿਜੀ ਸਹਾਰੇ ਦੀ ਆਦਤ ਪਾਉਣ ਦੇ ਖਿਆਲ ਨਾਲ ਡਯੂਵੀ ਦਾ ਸਿਖਿਆ ਸਿਧਾਂਤ ਬੜਾ ਲਾਭਦਾਇਕ ਹੈ।

ਪਰ ਡਯੂਵੀ ਨੇ ਆਪਣੀ ਸਿਖਿਆ ਦਾ ਨਿਸ਼ਾਨਾ ਨਿਰਾ ਅਮਲੀ ਗਿਆਨ ਵਿਚ ਵਾਧਾ ਕਰਨਾ ਜਾਂ ਵਿਅਕਤੀ ਨੂੰ ਅਮਲੀ ਕੰਮ ਕਰਨ ਦੀ ਯੋਗਤਾ ਦੇਣਾ ਹੀ ਬਣਾਇਆ ਹੈ। ਸਿਖਿਆ ਦਾ ਇਸ ਤਰ੍ਹਾਂ ਦਾ ਉਦੇਸ਼ ਬੜਾ ਸੌੜਾ ਹੈ। ਸਿਖਿਆ ਦਾ ਉਦੇਸ਼ ਬਾਲਕ ਨੂੰ ਅਮਲੀ ਗਿਆਨ ਦੀ ਯੋਗਤਾ ਦੇਣ ਦੇ ਨਾਲ ਨਾਲ ਉਸ ਦੀ ਅਧਿਆਤਮਿਕ ਉਨਤੀ ਵੀ ਹੋਣੀ ਚਾਹੀਦਾ ਹੈ। ਜਦ ਸਿਖਿਆ ਵਿਚ ਸੰਸਾਰਿਕ ਸਫਲਤਾ ਵਲ ਹੀ ਧਿਆਨ ਰਖਿਆ ਜਾਵੇ ਅਤੇ ਵਿਅਕਤੀ ਦੀ ਅੰਤਰਮੁਖੀ ਉੱਨਤੀ ਦਾ ਖਿਆਲ ਨਾ ਕੀਤਾ ਜਾਵੇ, ਤਾਂ ਉਸ ਦੀ ਸਿੱਖਿਆ ਇਕ-ਪੱਖੀ ਰਹ ਜਾਂਦੀ ਹੈ। ਇਸ ਤਰ੍ਹਾਂ ਦੀ ਸਿਖਿਆ ਪਰਾਪਤ ਕੀਤਾ ਵਿਅਕਤੀ ਸੰਸਾਰਿਕ ਜੀਵਨ ਵਿਚ ਸਫਲ ਤਾਂ ਹੋ ਜਾਂਦਾ ਹੈ ਪਰ ਉਸ ਦੇ ਮਨ ਵਿਚ ਅੰਦਰਲੀ ਸ਼ਾਂਤੀ ਨਹੀਂ ਆਉਂਦੀ। ਉਹ ਸਦਾ ਆਪਣੇ ਆਪ ਤੋਂ ਅਸੰਤੁਸ਼ਟ ਰਹਿੰਦਾ ਹੈ। ਇਸੇ ਕਾਰਨ ਉਹ ਸਹਿਜੇ ਹੀ ਅਨੇਕ ਅਜਿਹੇ ਕੰਮਾਂ ਵਿਚ ਪੈ ਜਾਂਦਾ ਹੈ ਜਿਸ ਨਾਲ ਮਨੁਖੀ ਸਮਾਜ ਦੀ ਭਾਰੀ ਹਾਨੀ ਹੁੰਦੀ ਹੈ। ਜਿਹੜਾ ਮਨੁਖ ਆਪਣੇ ਆਪ ਵਿਚ ਦੁਖੀ ਹੈ ਉਹ ਦੂਜੇ ਵਿਅਕਤੀਆਂ ਨੂੰ ਸੁਖੀ ਬਨਾਉਣ ਵਿਚ ਕਦੇ ਵੀ ਸਮਰੱਥ ਨਹੀਂ ਹੋ ਸਕਦਾ। ਇਸ ਤਰ੍ਹਾਂ ਸਭ ਤਰ੍ਹਾਂ ਦੀਆਂ ਸ਼ੁਭ ਕਾਮਨਾਵਾਂ ਰਖਦਿਆਂ ਹੋਇਆਂ ਵੀ ਵਿਅਕਤੀ ਦੁਨੀਆਂ ਦੇ ਲੋਕਾਂ ਦੇ ਦੁਖਾਂ ਵਿਚ ਵਾਧਾ ਹੀ ਕਰਦਾ ਹੈ।

ਡਯੂਵੀ ਆਪੂੰ ਪਦਾਰਥਵਾਦੀ ਹੈ। ਉਹ ਇੰਦਰੀਆਂ, ਮਨ ਅਤੇ ਬੁਧੀ ਰਾਹੀਂ ਪਰਤੀਤ ਕੀਤੀ ਚੀਜ਼ ਤੇ ਪਰੇ ਕਿਸੇ ਹੋਰ ਅਸਲੀਅਤ ਦੀ ਹੋਂਦ ਵਿਚ ਵਿਸ਼ਵਾਸ਼ ਨਹੀਂ ਸੀ ਰਖਦਾ। ਇਸ ਲਈ ਉਹ ਸਿਖਿਆ ਦਾ ਨਿਸ਼ਾਨਾ ਕਿਸੇ ਅਜਿਹੀ ਅਸਲੀਅਤ ਦੀ ਪਰਾਪਤੀ ਕਰਨਾ ਨਾ ਬਣਾ ਸਕਿਆ। ਡਯੂਵੀ ਰਾਹੀਂ ਪਰਚਲਤ ਸਿਖਿਆ ਪਰਨਾਲੀ ਵਿਚ ਕਿਸੇ ਪਰਕਾਰ ਦੇ ਅਧਿਆਤਮਵਾਦ ਨੂੰ ਥਾਂ ਨਹੀਂ।

ਆਤਮ-ਪਛਾਣ (ਸਾਖਿਆਤਕਾਰ) ਦਾ ਸਿਧਾਂਤ

ਆਦਰਸ਼ਵਾਦੀ ਸਿਖਿਆ ਪਰਬੀਨਾਂ ਅਨੁਸਾਰ ਸਿਖਿਆ ਦਾ ਪਰਮ ਉਦੇਸ਼ ਆਤਮ-ਪਛਾਣ (ਸਾਖਿਆਤਕਾਰ) ਹੈ। ਆਤਮ-ਪਛਾਣ (ਸਾਖਿਆਤਕਾਰ) ਦਾ ਅਰਥ ਆਪਣੇ ਆਪ ਦਾ ਪੂਰਨ ਗਿਆਨ ਅਤੇ ਕਾਰਜ ਦੀਆਂ ਸ਼ਕਤੀਆਂ ਨੂੰ ਵਿਕਸਤ ਕਰਨਾ ਹੈ। ਪਰ