ਤੀਸਰਾ ਪਰਕਰਨ
ਪਾਠ-ਕਰਮ
ਦੇਸ਼ ਕਾਲ ਅਨੁਸਾਰ ਪਾਠ-ਵਿਸ਼ਿਆਂ ਦਾ ਫਰਕ
ਪਾਠ-ਕਰਮ:—(ਕਰੀਕੁਲਮ) ਦੀ ਬਣਤਰ ਸਿਖਿਆ ਦੇ ਨਿਸ਼ਾਨੇ ਉਤੇ ਨਿਰਭਰ ਕਰਦੀ ਹੈ। ਕਿਸੇ ਕਿਸੇ ਸਮਾਜ ਦੇ ਲੋਕ ਆਪਣੇ ਬਾਲਕਾਂ ਦੀ ਸਿਖਿਆ ਦਾ ਵਿਸ਼ੇਸ਼ ਤਰ੍ਹਾਂ ਦਾ ਨਿਸ਼ਾਨਾ ਬਣਾ ਲੈਂਦੇ ਹਨ। ਇਸ ਨਿਸ਼ਾਨੇ ਦੀ ਪਰਾਪਤੀ ਲਈ ਉਨ੍ਹਾਂ ਨੂੰ ਵਿਸ਼ੇਸ਼ ਕਿਸਮ ਦਾ ਕਰੀਕੁਲਮ ਵੀ ਬਨਾਉਣਾ ਪੈਂਦਾ ਹੈ। ਕਰੀਕੁਲਮ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਸਮੁੱਚਾ ਨਾਂ ਹੈ। ਇਹ ਸਿਖਿਆ ਦੇ ਨਿਸ਼ਾਨੇ ਦੀ ਪਰਾਪਤੀ ਦਾ ਸਾਧਨ ਹੈ। ਜਿਵੇਂ ਜਿਵੇਂ ਸਮਾਜ ਦੀ ਸਿਖਿਆ ਦੇ ਨਿਸ਼ਾਨੇ ਬਦਲਦੇ ਜਾਂਦੇ ਹਨ ਤਿਵੇਂ ਹੀ ਉਸ ਦੇ ਕਰੀਕੁਲਮ ਬਦਲਦੇ ਰਹਿੰਦੇ ਹਨ। ਦੇਸ਼ ਅਤੇ ਕਾਲ ਅਨੁਸਾਰ ਕਰੀਕੁਲਮ ਬਦਲਦਾ ਰਹਿੰਦਾ ਹੈ। ਜਿਹੜਾ ਅਜ ਯੂਨਾਨ ਦੇ ਸਕੂਲਾਂ ਦਾ ਕਰੀਕੁਲਮ ਹੈ ਉਹ ਦੋ ਹਜ਼ਾਰ ਸਾਲ ਪਹਿਲਾਂ ਨਹੀਂ ਸੀ। ਅਜ ਜਿਹੜੇ ਵਿਸ਼ੇ ਇੰਗਲੈਂਡ ਦੇ ਸਕੂਲਾਂ ਵਿਚ ਪੜ੍ਹਾਏ ਜਾਂਦੇ ਹਨ ਉਹ ਪੰਜ ਸੌ ਸਾਲ ਪਹਿਲਾਂ ਨਹੀਂ ਸਨ ਪੜ੍ਹਾਏ ਜਾਂਦੇ। ਭਾਰਤ ਵਰਸ਼ ਵਿਚ ਜਿਹੜੇ ਵਿਸ਼ੇ ਪੁਰਾਣੇ ਗੁਰੂ ਕੁਲਾਂ ਵਿਚ ਪੜ੍ਹਾਏ ਜਾਂਦੇ ਸਨ ਉਹ ਅੱਜ ਦੇ ਸਕੂਲਾਂ ਵਿਚ ਨਹੀਂ ਪੜ੍ਹਾਏ ਜਾਂਦੇ। ਇਸ ਦਾ ਵੱਡਾ ਕਾਰਨ ਇਹੋ ਹੀ ਹੈ ਕਿ ਅੱਜ ਸਾਡੇ ਜੀਵਨ ਦਾ ਨਿਸ਼ਾਨਾ ਅਤੇ ਸਿਖਿਆ ਦਾ ਉਦੇਸ਼ ਪੁਰਾਣੇ ਰਿਸ਼ੀਆਂ ਤੋਂ ਵਖਰਾ ਹੈ। ਸਮੇਂ ਦੇ ਬਦਲਣ ਨਾਲ ਮਨੁਖ ਦੀ ਹਾਲਤ ਵੀ ਬਦਲ ਜਾਂਦੀ ਹੈ। ਹਾਲਤ ਬਦਲਣ ਨਾਲ ਨਵੀਆਂ ਨਵੀਆਂ ਸਮੱਸਿਆਵਾਂ ਆ ਖੜੀਆਂ ਹੁੰਦੀਆਂ ਹਨ। ਜਿਸ ਹਾਲਤ ਦਾ ਸਾਨੂੰ ਅੱਜ ਸਾਹਮਣਾ ਕਰਨਾ ਪੈਂਦਾ ਹੈ ਉਸਦਾ ਸਾਡੇ ਵਡੇਰਿਆਂ ਨੂੰ ਨਹੀਂ ਸੀ ਕਰਨਾ ਪੈਂਦਾ। ਇਸ ਲਈ ਜਿਹੜੇ ਲੋਕ ਆਪਣੇ ਰਾਸ਼ਟਰ ਨੂੰ ਅਗਾਂਹ-ਵਧੂ ਬਨਾਉਣਾ ਚਾਹੁੰਦੇ ਹਨ ਉਹ ਵਰਤਮਾਨ ਹਾਲਤ ਨੂੰ ਧਿਆਨ ਵਿਚ ਰਖਦਿਆਂ ਆਪਣੀ ਸਿਖਿਆ ਦੇ ਨਿਸ਼ਾਨੇ ਅਤੇ ਆਪਣੇ ਸਕੂਲਾਂ ਦੇ ਕਰਕੁਲਮ ਨੂੰ ਬਦਲਦੇ ਰਹਿੰਦੇ ਹਨ।
ਜਿਸ ਤਰ੍ਹਾਂ ਇਕ ਹੀ ਦੇਸ਼ ਦੇ ਸਕੂਲਾਂ ਦਾ ਵਖ ਵਖ ਸਮਿਆਂ ਵਿਚ ਵਖ ਵਖ ਕਰੀਕੁਲਮ ਹੁੰਦਾ ਹੈ, ਇਸੇ ਤਰ੍ਹਾਂ ਦੇਸ਼ਾਂ ਦੇ ਫਰਕ ਕਰਕੇ ਕਰੀਕੁਲਮ ਵਿਚ ਫਰਕ ਹੁੰਦਾ ਹੈ। ਇਕ ਹੀ ਸਮੇਂ ਵਿਚ ਵਖ ਵਖ ਰਾਸ਼ਟਰਾਂ ਦੇ ਜੀਵਨ ਦੇ ਅਤੇ ਸਿਖਿਆ ਦੇ ਉਦੇਸ਼ ਵਖ ਵਖ ਹੁੰਦੇ ਹਨ। ਆਪਣੇ ਉਦੇਸ਼ ਦੀ ਪਰਾਪਤੀ ਲਈ ਰਾਸ਼ਟਰਾਂ ਦੇ ਆਗੂ ਉਥੋਂ ਦੇ ਬਾਲਕਾਂ ਨੂੰ ਵਿਸ਼ੇਸ਼ ਤਰ੍ਹਾਂ ਦੀ ਸਿਖਿਆ ਦਿੰਦੇ ਹਨ ਅਤੇ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ ਪੜ੍ਹਾਉਂਦੇ ਹਨ। ਇੰਗਲੈਂਡ, ਰੂਸ ਅਤੇ ਭਾਰਤ ਦੇ ਸਕੂਲਾਂ ਦੇ ਕਰੀਕੁਲਮਾਂ ਨੂੰ ਜਦ ਅਸੀਂ ਵੇਖਦੇ ਹਾਂ ਤਾਂ ਉਪਰਲੇ ਸਿਧਾਂਤ ਦੀ ਸਚਾਈ ਪਰਤੱਖ ਹੋ ਜਾਂਦੀ ਹੈ। ਇੰਗਲੈਂਡ ਇਕ ਪੰਜੀ-ਵਾਦੀ ਦੇਸ਼
੬੧