੭੩
ਵਿਕਸਤ ਹੋਈ ਹੁੰਦੀ ਹੈ, ਉਹ ਪੜ੍ਹਾਈ ਦੇ ਆਮ ਕਰਕੇ ਸਾਰੇ ਔਖੇ ਨਿਯਮਾਂ ਵਿਚ, ਅਰਥਾਤ ਜਿਨ੍ਹਾਂ ਵਿਚ ਸੂਖਮ ਵਿਚਾਰ ਦੀ ਲੋੜ ਹੁੰਦੀ ਹੈ, ਸੌਖ ਨਾਲ ਚਲ ਨਿਕਲਦੇ ਹਨ।
ਮਨੋਵਿਗਿਆਨੀਆਂ ਨੇ ਆਪਣੇ ਪਰਯੋਗਾਂ ਰਾਹੀਂ ਇਹ ਨਿਸਚਾ ਕਰ ਲਿਆ ਹੈ ਕਿ ਕਿਹੜੇ ਵਿਸ਼ੇ ਵਿਚ ਕਿੰਨੀ ਸਧਾਰਨ ਬੁਧੀ ਦੀ ਲੋੜ ਹੁੰਦੀ ਹੈ ਅਤੇ ਕਿੰਨੀ ਵਿਸ਼ੇਸ਼ ਬੁਧੀ ਦੀ। ਸਧਾਰਨ ਅਤੇ ਵਿਸ਼ੇਸ਼ ਬੁਧੀ ਦੇ ਅਨੁਪਾਤ ਅਨੁਸਾਰ ਭਾਸ਼ਾ ਗਣਿਤ, ਪਦਾਰਥ ਵਿਗਿਆਨ, ਇਤਿਹਾਸ, ਸਾਹਿੱਤ, ਭੂਗੋਲ, ਸੰਗੀਤ, ਦਸਤਕਾਰੀ ਅਤੇ ਡਰਾਇੰਗ ਕਰਮਵਾਰ ਆਉਂਦੇ ਹਨ। ਮੰਨ ਲੌ ਭਾਸ਼ਾ ਵਿਚ ਪਚਾਸੀ ਪ੍ਰਤੀ ਸੈਂਕੜਾ ਸਧਾਰਨ ਬੁਧੀ ਦੀ ਅਤੇ ਪੰਦਰਾਂ ਪ੍ਰਤੀ ਸੈਂਕੜਾ ਵਿਸ਼ੇਸ਼ ਬੁਧੀ ਦੀ ਲੋੜ ਹੁੰਦੀ ਹੈ ਤਾਂ ਅੱਟਾ ਸੱਟਾ ਇਸ ਦਾ ਉਲਟਾ ਅਨੁਪਾਤ ਸਧਾਰਨ ਅਤੇ ਵਿਸ਼ੇਸ ਬੁਧੀ ਦਾ ਡਰਾਇੰਗ ਅਤੇ ਦਸਤਕਾਰੀ ਵਿਚ ਹੈ। ਜਦ ਰਾਸ਼ਟਰ ਦੇ ਪਰਾਰੰਭਕ ਸਕੂਲਾਂ ਦਾ ਪਰੋਗਰਾਮ ਬਣਾਇਆ ਜਾਵੇ ਤਾਂ ਸਾਨੂੰ ਇਸ ਮਨੋਵਿਗਿਆਨਿਕ ਸਚਾਈ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਬਾਲਕਾਂ ਦੀ ਬੌਧਿਕ ਵਿਕਾਸ ਦੀ ਦ੍ਰਿਸ਼ਟੀ ਤੋਂ, ਉਨ੍ਹਾਂ ਦੀ ਜੀਵਨ ਵਿਚ ਸਫਲਤਾ ਦੀ ਦ੍ਰਿਸ਼ਟੀ ਤੋਂ ਅਤੇ ਉਨ੍ਹਾਂ ਦੀ ਰਾਸ਼ਟਰ ਲਈ ਲਾਭਕਾਰੀ ਹੋਣ ਦੀ ਦ੍ਰਿਸ਼ਟੀ ਤੋਂ ਇਹ ਜ਼ਰੂਰੀ ਹੈ ਕਿ ਸਕੂਲ ਦੇ ਸਾਰੇ ਬਚਿਆਂ ਨੂੰ ਭਾਸ਼ਾ, ਗਣਿਤ ਅਤੇ ਪਦਾਰਥ ਵਿਗਿਆਨ ਦੇ ਪੜ੍ਹਾਉਣ ਲਈ ਜਿੰਨਾ ਜ਼ੋਰ ਲਾਇਆ ਜਾਵੇ ਉੱਨਾ ਜ਼ੋਰ ਸੰਗੀਤ, ਦਸਤਕਾਰੀ ਅਤੇ ਡਰਾਇੰਗ ਪੜ੍ਹਾਉਣ ਲਈ ਨਹੀਂ ਲਾਉਣਾ ਚਾਹੀਦਾ। ਜੇ ਮੁਢਲੀਆਂ ਜਮਾਤਾਂ ਵਿਚ ਸੰਗੀਤ, ਦਸਤਕਾਰੀ ਅਤੇ ਡਰਾਇੰਗ ਸਾਰੇ ਬਾਲਕਾਂ ਨੂੰ ਸਕੂਲ ਦਾ ਕੰਮ ਸੁਆਦਲਾ ਬਣਾਉਣ ਲਈ ਸਿਖਾਏ ਵੀ ਜਾਣ ਤਾਂ ਜਿਵੇਂ ਜਿਵੇਂ ਉਹ ਅਗੇ ਵਧਣ, ਉਨ੍ਹਾਂ ਦੀ ਪੜ੍ਹਾਈ ਵਿਚ ਸਧਾਰਨ ਬੁਧੀ ਵਾਲੇ ਵਿਸ਼ਿਆਂ ਉਤੇ ਹੀ ਵਧੇਰੇ ਜ਼ੋਰ ਦਿੱਤਾ ਜਾਵੇ। ਜਮਾਤ ਦੇ ਸਾਰੇ ਬਾਲਕਾਂ ਨੂੰ ਕਈ ਸਾਲ ਤਕ ਇਕ ਹੀ ਤਰ੍ਹਾਂ ਦੇ ਵਿਸ਼ੇਸ਼ ਬੁਧੀ ਵਾਲੇ ਵਿਸ਼ਿਆਂ ਨੂੰ ਪੜ੍ਹਾਉਣਾ ਉਨ੍ਹਾਂ ਦੀ ਬੁਧੀ ਦੇ ਵਿਕਾਸ ਨੂੰ ਰੋਕਣਾ ਹੈ ਅਤੇ ਉਨ੍ਹਾਂ ਨੂੰ ਅਸਫਲ ਨਾਗਰਿਕ ਬਣਾਉਣਾ ਹੈ। ਉਦਾਹਰਣ ਵਜੋਂ, ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਿਸੇ ਕੰਮ ਵਿਚ ਪੰਜ ਸਤ ਸਾਲ ਤਕ ਦੋ ਘੰਟੇ ਰੋਜ਼ ਲਾਉਣਾ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਹਾਨੀਕਾਰਕ ਹੈ। ਇਹ ਸਿਰ ਭਾਰ ਚਲਣ ਬਰਾਬਰ ਹੈ। ਦਸਤਕਾਰੀ ਦੇ ਕੰਮਾਂ ਦੀ ਉਪਯੋਗਤਾ ਬੱਚੇ ਦੇ ਬੌਧਿਕ ਵਿਕਾਸ ਲਈ ਬੜਾ ਘੱਟ ਹੈ, ਉਸ ਦਾ ਵੱਡਾ ਲਾਭ ਪਾਠ-ਵਿਸ਼ੇ ਨੂੰ ਸੁਆਦਲਾ ਬਣਾਉਣਾ ਹੈ। ਬਚਿਆਂ ਨੂੰ ਰੋਟੀ ਕਮਾਉਣ ਦੀ ਦ੍ਰਿਸ਼ਟੀ ਤੋਂ ਹੱਥ ਦੇ ਕੰਮ ਦੀ ਸਿਖਿਆ ਲਾਭਕਾਰੀ ਹੋ ਸਕਦੀ ਹੈ, ਪਰ ਇਹ ਸਿਖਿਆ ਮੁਢਲੀ ਅਵਸਥਾ ਵਿਚ ਹੀ ਦੇਣੀ ਚਾਹੀਦੀ ਹੈ। ਸਿਖਿਆ ਦਾ ਮੁਖ ਨਿਸ਼ਾਨਾ ਬੱਚਿਆਂ ਵਿਚ ਰੋਟੀ ਕਮਾਉਣ ਦੀ ਯੋਗਤਾ ਪੈਦਾ ਕਰਨਾ ਹੀ ਨਹੀਂ ਸਗੋਂ ਉਨ੍ਹਾਂ ਦੀ ਬੁਧੀ ਅਤੇ ਆਚਰਨ ਦਾ ਸਮੁੱਚਾ ਵਿਕਾਸ ਕਰਨਾ ਹੈ।
ਜੀਵਨ ਵਿਚ ਕੰਮ ਆਉਣ ਵਾਲੀ ਸਿਖਿਆ
ਇੰਗਲੈਂਡ ਦੇ ਪਰਸਿੱਧ ਵਿਦਿਵਾਨ ਹਰਬਰਟ ਸਪੈਂਸਰ ਦਾ ਕਥਨ ਹੈ ਕਿ ਬੱਚੇ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਜਿਹੜੀ ਉਸ ਨੂੰ ਜੀਵਨ ਵਿਚ ਸਫਲ ਬਨਾਉਣ ਵਿਚ ਸਹਾਈ ਹੋਵੇ। ਸੁਹਣੀ ਸਿਖਿਆ ਉਹ ਹੀ ਹੈ ਜਿਸ ਨਾਲ ਬਾਲਕ ਸੰਪੂਰਨ ਜੀਵਨ ਪਰਾਪਤ ਕਰ ਸਕੇ। ਸੰਪੂਰਨ ਜੀਵਨ ਉਹ ਮਨੁਖ ਹੀ ਪਾ ਸਕਦਾ ਹੈ ਜਿਸ ਕੋਲ ਅੱਡ ਅੱਡ ਕੰਮਾਂ ਦੇ ਕਰਨ ਦੀ ਯੋਗਤਾ ਹੋਵੇ। ਹਰਬਰਟ ਸਪੈਂਸਰ ਨੇ ਇਨ੍ਹਾਂ ਕੰਮਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਹੈ—-(੧) ਆਪਣੇ ਸਰੀਰ ਦੀ ਰਖਿਆ ਲਈ ਕੰਮ,(੨) ਰੋਟੀ ਕਮਾਉਣ ਦੇ ਕੰਮ, (੩) ਬਾਲ