ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਦੇ ਕਾਰਨ ਸਾਡੀਆਂ ਸ਼ਿਖਿਆ—ਸੰਸਥਾਵਾਂ ਵਿਚ ਬਿਦੇਸੀ ਬੋਲੀ ਨੂੰ ਮੁਖ ਥਾਂ ਮਿਲਿਆ। ਇਸ ਕਰਕੇ ਸਾਡਾ ਦ੍ਰਿਸ਼ਟੀ ਕੋਣ ਵੀ ਬਿਦੇਸ਼ੀ ਹੋ ਗਿਆ ਹੈ। ਹੁਣ ਭਾਰਤ ਦੇ ਲੋਕਾਂ ਨੂੰ ਆਪਣੇ ਦੇਸ਼ ਦਾ ਰਾਜ ਆਪ ਸੰਭਾਲਣ ਦਾ ਮੌਕਾ ਮਿਲਿਆ ਹੈ, ਅਤੱ ਬੜੀ ਤੇਜ਼ੀ ਨਾਲ ਸਾਡੇ ਸਿਖਿਆ ਢੰਗ ਵਿਚ ਮੌਲਿਕ ਤਬਦੀਲੀਆਂ ਆ ਰਹੀਆਂ ਹਨ। ਹੁਣ ਅੰਗਰੇਜ਼ੀ ਦੀ ਮਹਾਨਤਾ ਜਲਦੀ ਘਟ ਜਾਵੇਗੀ।

ਵਰਤਮਾਨ ਸਮੇਂ ਵਿਚ ਜਿਹੜੀਆਂ ਸਿਖਿਆ-ਸੁਧਾਰ ਲਈ ਲਹਿਰਾਂ ਚਲ ਰਹੀਆਂ ਹਨ ਉਨ੍ਹਾਂ ਦਾ ਉਦੇਸ਼ ਸਾਡੀ ਵਰਤਮਾਨ ਸਿਖਿਆ-ਢੰਗ ਦੇ ਦੋਸ਼ ਦੂਰ ਕਰਨਾ ਹੈ। ਸਿਖਿਆ ਨੂੰ ਕੌਮੀ ਬਨਾਉਣ ਅਤੇ ਉਸ ਦਾ ਮਾਧਿਅਮ ਉੱਚੀ ਤੋਂ ਉੱਚੀ ਜਮਾਤ ਤਕ ਦੇਸੀ ਬੋਲੀ ਨੂੰ ਬਨਾਉਣ ਤੋਂ ਬਿਨਾਂ ਸਿਖਿਆ-ਸੁਧਾਰਕ ਇਸ ਗਲ ਦੀ ਚਿੰਤਾ ਵਿਚ ਵੀ ਹਨ ਕਿ ਬਚਿਆਂ ਨੂੰ ਸਕੂਲਾਂ ਵਿਚ ਇਸ ਤਰ੍ਹਾਂ ਦਾ ਗਿਆਨ ਦਿੱਤਾ ਜਾਵੇ ਜਿਹੜਾ ਉਨ੍ਹਾਂ ਨੂੰ ਜੀਵਨ ਵਿਚ ਵਧ ਤੋਂ ਵਧ ਕੰਮ ਆਵੇ। ਹੁਣ ਸੁਆਲ ਇਹ ਹੈ ਕਿ ਕਿਹੜਾ ਗਿਆਨ ਜੀਵਨ ਵਿਚ ਵਧੇਰੇ ਕੰਮ ਆਉਣ ਵਾਲਾ ਹੈ-ਸਾਹਿੱਤ ਦਾ ਗਿਆਨ, ਉਦਯੋਗ ਧੰਧਿਆਂ ਦਾ ਗਿਆਨ, ਜਾਂ ਵਿਗਿਆਨ ਦਾ ਗਿਆਨ।

ਹਰਬਰਟ ਸਪੈਂਸਰ ਅਨੁਸਾਰ ਸਾਹਿੱਤ ਦਾ ਗਿਆਨ ਜੀਵਨ ਵਿਚ ਇੱਨਾ ਕੰਮ ਆਉਣ ਵਾਲਾ ਨਹੀਂ ਹੈ ਜਿੱਨਾ ਵਿਗਿਆਨ ਦਾ ਗਿਆਨ। ਉੱਨਤ ਹੋ ਰਹੇ ਉਦਯੋਗ ਧੰਦਿਆਂ ਵਿਚ ਸਫਲਤਾ ਵਿਗਿਆਨਿਕ ਗਿਆਨ ਉਤੇ ਹੀ ਨਿਰਭਰ ਹੁੰਦੀ ਹੈ; ਇਸ ਲਈ ਬਾਲਕ ਦੀ ਸਿਖਿਆ ਵਿਚ ਪਰਮੁਖ ਥਾਂ ਵਿਗਿਆਨਿਕ ਗਿਆਨ ਦਾ ਹੋਣਾ ਚਾਹੀਦਾ ਹੈ। ਸਭ ਤਰ੍ਹਾਂ ਦੀ ਕੌਮੀ ਉੱਨਤੀ ਵਿਗਿਆਨ ਦੇ ਵਾਧੇ ਉਤੇ ਨਿਰਭਰ ਹੁੰਦੀ ਹੈ। ਵਿਗਿਆਨ ਦਾ ਗਿਆਨ ਜਿੱਨਾ ਵਧ ਹੋਵੇਗਾ ਉੱਨੀ ਹੀ ਵਧੇਰੇ ਕਾਰਗਰੀ ਆਵੇਗੀ। ਹਰਬਰਟ ਸਪੈਂਸਰ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਵਿਚ "ਇਕ ਆਦਮੀ ਦਾ, ਜਿਸਦਾ ਕਿਸੇ ਤਰ੍ਹਾਂ ਦਾ ਉਦਯੋਗ ਧੰਧਿਆਂ ਨਾਲ ਥੋੜਾ ਬਹੁਤ ਵੀ ਸਬੰਧ ਹੋਵੇ, ਕਿਸੇ ਨਾ ਕਿਸੇ ਤਰ੍ਹਾਂ ਗਣਿਤ ਸ਼ਾਸਤਰ, ਪਦਾਰਥ ਵਿਗਿਆਨ ਅਤੇ ਰਸਾਇਣ ਸ਼ਾਸਤਰ ਦੀਆਂ ਗਲਾਂ ਨਾਲ ਜਰੂਰ ਵਾਹ ਪੈਂਦਾ ਹੈ। ਕਿਉਂ ਜੁ ਜਿਨੇ ਕੰਮ ਕਾਰ ਹਨ ਉਨ੍ਹਾਂ ਵਿਚ ਕੰਮ ਆਉਣ ਵਾਲੀ ਇਕ ਵੀ ਗਲ ਅਜਿਹੀ ਨਹੀਂ ਜਿਸਦਾ ਸਬੰਧ ਇਨ੍ਹਾਂ ਸ਼ਾਸਤਰਾਂ ਨਾਲ ਨਾ ਹੋਵੇ......ਵਿਗਿਆਨ ਸ਼ਾਸਤਰ ਦੀ ਸਿਖਿਆ ਦੇ ਕਾਰਨਾਂ ਕਰਕੇ ਬੜੀ ਜ਼ਰੂਰੀ ਹੈ-ਇਕ ਤਾਂ ਲੋਕ ਵਿਗਿਆਨਿਕ ਕੰਮ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਂਦੇ ਹਨ, ਦੂਜੇ ਤਜਰਬੇ ਰਾਹੀਂ ਪਰਾਪਤ ਹੋਏ ਵਿਗਿਆਨਿਕ ਗਿਆਨ ਦੇ ਟਾਕਰੇ ਸ਼ਾਸਤਰੀ ਰੀਤ ਨਾਲ ਪਰਾਪਤ ਹੋਏ ਵਿਗਿਆਨਿਕ ਗਿਆਨ ਦੀ ਮਹੱਤਾ ਵਧੇਰੇ ਹੈ।" ਭਵਿਖ ਵਿਚ ਵਿਗਿਆਨਿਕ ਗਿਆਨ ਦੀ ਮਹੱਤਾ ਹੋਰ ਵੀ ਵਧੇਗੀ। ਜਿਸ ਦੇਸ਼ ਵਿਚ ਵਿਗਿਆਨਿਕ ਗਿਆਨ ਦੀ ਘਾਟ ਹੁੰਦੀ ਹੈ ਉਸ ਦੇ ਉਦਯੋਗ ਧੰਧਿਆਂ ਵਿਚ ਕਿਸੇ ਤਰ੍ਹਾਂ ਦਾ ਵਿਕਾਸ ਹੋਣਾ ਸੰਭਵ ਨਹੀਂ। ਅਜਿਹਾ ਦੇਸ਼ ਸਦਾ ਗਰੀਬ ਹੀ ਰਹੇਗਾ, ਅਤੇ ਗਰੀਬ ਦੇਸ ਦਾ ਗੁਲਾਮ ਰਹਿਣਾ ਆਪਣੇ ਆਪ ਪਰਤੱਖ ਹੈ। ਜਿਸ ਦੇਸ਼ ਦੇ ਲੋਕ ਆਪਣੀ ਗੁੱਲੀ ਜੁੱਲੀ ਲਈ ਵੀ ਦੂਜੇ ਦੇਸ਼ ਦੇ ਹਥਾਂ ਵਲ ਤਕਦੇ ਹੋਣ ਉਹ ਅਸਲ ਸੁਤੰਤਰਤਾ ਕਿਵੇਂ ਪਰਾਪਤ ਕਰ ਸਕਦੇ ਹਨ। ਹੁਣ ਗੁੱਲੀ ਜੁੱਲੀ ਦੀ ਪਰਾਪਤੀ ਕੋਈ ਸਧਾਰਨ ਸਮੱਸਿਆ ਨਹੀਂ ਰਹਿ ਗਈ। ਜਿਹੜੇ ਲੋਕ ਆਪਣੀ ਵਾਹੀ ਖੇਤੀ ਲਈ ਦੋ ਹਜ਼ਾਰ ਸਾਲ ਪੁਰਾਣੇ ਢੰਗ ਉਤੇ ਹੀ ਆਸਰਾ ਲਾਈ ਬੈਠੇ ਹੋਣ ਅਤੇ ਜਿਹੜੇ ਚਰਖੇ ਤੋਂ ਹੀ ਆਪਣੇ ਬਸਤਰਾਂ ਦੀ ਲੋੜ ਪੂਰੀ ਕਰਨਾ ਠੀਕ ਸਮਝਦੇ ਹੋਣ, ਉਹ ਆਧੁਨਿਕ ਵਿਗਿਆਨਿਕ ਯੁਗ ਵਿਚ ਨਾ ਤੇ ਆਪਣੇ ਪੈਰਾਂ ਤੇ ਖੜੋ ਸਕਦੇ ਹਨ ਅਤੇ ਨਾ ਉਨ੍ਹਾਂ ਦੀਆਂ ਲੋੜਾਂ ਹੀ ਪੂਰੀਆਂ ਹੋ ਸਕਦੀਆਂ ਹਨ।