ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੭

ਭਾਰਤ ਦੀ ਵਰਤਮਾਨ ਹਾਲਤ ਵਿਚ ਇਸ ਗਲ ਨੂੰ ਚੰਗੀ ਤਰ੍ਹਾਂ ਪਰਤੀਤ ਕੀਤਾ ਜਾ ਸਕਦਾ ਹੈ। ਦੂਜੇ ਵਿਗਿਆਨ ਦੀਆਂ ਕਾਢਾਂ ਦੇ ਗਿਆਨ ਬਿਨਾਂ ਸੰਸਾਰ ਦੇ ਉੱਨਤ ਦੇਸ਼ਾਂ ਦੇ ਹੱਲਿਆਂ ਦਾ ਸਫਲਤਾ ਨਾਲ ਟਾਕਰਾ ਨਹੀਂ ਕੀਤਾ ਜਾ ਸਕਦਾ। ਦੇਸ਼ ਵਾਸੀ ਕਿੰਨੇ ਹੀ ਬਹਾਦਰ ਕਿਉਂ ਨਾ ਹੋਣ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਕਿੱਨਾ ਹੀ ਕੁੱਟ ਕੁੱਟ ਕੇ ਕਿਉਂ ਨਾ ਭਰਿਆ ਹੋਵੇ, ਉਹ ਸਾਇੰਸ ਦੀਆਂ ਕਾਢਾਂ ਦੀ ਵਰਤੋਂ ਕਰਨ ਵਾਲੇ ਮੁਲਕ ਦਾ ਲੜਾਈ ਵਿਚ ਟਾਕਰਾਂ ਨਹੀਂ ਕਰ ਸਕਦੇ। ਐਬੀਸੀਨੀਆਂ ਅਤੇ ਇਟਲੀ, ਜਪਾਨ ਅਤੇ ਅਮਰੀਕਾ ਦੀ ਲੜਾਈ ਦੇ ਸਿੱਟੇ ਉਪਰ ਕਹੇ ਕਥਨ ਦੀ ਸਚਿਆਈ ਦਾ ਪੂਰਾ ਸਬੂਤ ਹਨ। ਇਸ ਲਈ ਨਿਰੀ ਉਦਯੋਗ ਧੰਧਿਆਂ ਦੀ ਦ੍ਰਿਸ਼ਟੀ ਤੋਂ ਹੀ ਨਹੀਂ, ਸਗੋਂ ਕੌਮੀ ਰਖਿਆ ਦੀ ਦ੍ਰਿਸ਼ਟੀ ਤੋਂ ਵੀ ਬਚਿਆਂ ਦੀ ਸਿਖਿਆ ਵਿਚ ਵਿਗਿਆਨਿਕ ਸਿਖਿਆ ਦਾ ਪਹਿਲਾ ਥਾਂ ਹੋਣਾ ਚਾਹੀਦਾ ਹੈ।

ਵਿਗਿਆਨਿਕ ਸਿਖਿਆ ਦੀ ਇਕ ਵਿਸ਼ੇਸ਼ ਮੌਲਕਿਤਾ ਉਤੇ ਆਮ ਕਰਕੇ ਲੋਕਾਂ ਦਾ ਧਿਆਨ ਨਹੀਂ ਜਾਂਦਾ, ਪਰ ਮਨੁਖ ਦੇ ਜੀਵਨ ਨੂੰ ਸੁਖੀ ਬਨਾਉਣ ਦੀ ਦ੍ਰਿਸ਼ਟੀ ਤੋਂ ਉਸਦਾ ਇਹ ਪੱਖ ਸਭ ਤੋਂ ਵਧ ਮੌਲਿਕ ਹੈ। ਵਿਗਿਆਨਿਕ ਸਿਖਿਆ ਸੁਤੰਤਰਤਾ ਨਾਲ ਸੋਚਣ ਦੀ ਸ਼ਕਤੀ ਵਧਾਉਂਦੀ ਹੈ ਅਤੇ ਅੰਧ-ਵਿਸ਼ਵਾਸ ਨੂੰ ਢਾਹ ਕੇ ਢੇਰੀ ਕਰਦੀ ਹੈ। ਸਾਹਿੱਤਕ ਸਿਖਿਆ ਜਾਂ ਪੁਰਾਣੀ ਬੋਲੀ ਦੀ ਸਿਖਿਆ ਮਨੁਖ ਵਿਚ ਦੂਜਿਆਂ ਦੀ ਕਹੀ ਗਲ ਉਤੇ ਵਿਸ਼ਵਾਸ਼ ਕਰਨ ਦੀ ਬਿਰਤੀ ਵਧਾਉਂਦੀ ਹੈ। ਇਸ ਦੇ ਉਲਟ ਵਿਗਿਆਨਿਕ ਸਿਖਿਆ ਨਾਲ ਮਨੁਖ ਵਿਚ ਅਜ਼ਾਦੀ ਨਾਲ ਸੋਚਣ ਦੀ ਸ਼ਕਤੀ ਆਉਂਦੀ ਹੈ। ਉਸਨੂੰ ਆਪਣੇ ਵਿਚਾਰਾਂ ਉਤੇ ਭਰੋਸਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਤੇ ਨਿਰਭਰ ਹੋਣ ਦਾ ਸਬਕ ਸਿਖਦਾ ਹੈ। ਹਰਬਰਟ ਸਪੈਂਸਰ ਦਾ ਹੇਠ ਲਿਖਿਆ ਕਥਨ ਇਸ ਪਰਸੰਗ ਵਿਚ ਧਿਆਨ ਦੇਣ ਯੋਗ ਹੈ। “ਸੱਚੀ ਖੋਜ ਪੜਤਾਲ ਦੀ ਸ਼ਕਤੀ ਤਾਂ ਹੀ ਆਉਂਦੀ ਹੈ ਜਦ ਆਦਮੀ ਕਿਸੇ ਗਲ ਨੂੰ ਲੈ ਕੇ ਉਸ ਤੋਂ ਸਿਧਾਂਤ ਕੱਢਣ ਅਤੇ ਤਜਰਬੇ ਅਤੇ ਵੇਖ ਭਾਲ ਰਾਹੀਂ ਉਸ ਸਿਧਾਂਤ ਦੀ ਸਚਾਈ ਸਾਬਤ ਕਰਨ ਦੀ ਆਦਤ ਪਾਉਂਦਾ ਹੈ। ਇਸ ਆਦਤ ਸਦਕਾ ਮਨੁਖ ਯਥਾਰਥ ਗਿਆਨ ਪਰਾਪਤ ਕਰਨ ਦੇ ਯੋਗ ਹੁੰਦਾ ਹੈ, ਨਹੀਂ ਤਾਂ ਨਹੀਂ। ਵਿਗਿਆਨ ਸ਼ਾਸਤਰ ਦੇ ਅਭਿਆਸ ਨਾਲ ਇਸ ਤਰ੍ਹਾਂ ਦੀ ਆਦਤ ਜ਼ਰੂਰ ਪੈ ਜਾਂਦੀ ਹੈ। ਵਿਗਿਆਨ ਸਿਖਿਆ ਨਾਲ ਅਣਗਿਣਤ ਲਾਭ ਹੁੰਦੇ ਹਨ, ਉਨ੍ਹਾਂ ਵਿਚੋਂ ਇਕ ਇਹ ਵੀ ਹੈ”।[1]

ਸਾਡੇ ਦੇਸ਼ ਵਿਚ ਅੰਧ-ਵਿਸ਼ਵਾਸ਼ ਦੀ ਜਿੱਨੀ ਬਹੁਲਤਾ ਹੈ ਉੱਨੀ ਸੰਸਾਰ ਦੇ ਕਿਸੇ ਹੋਰ ਸਭਯ ਦੇਸ਼ ਵਿਚ ਨਹੀਂ। ਅੰਧ-ਵਿਸ਼ਵਾਸ ਹੀ ਸਮਾਜ ਦੇ ਹੱਡ ਖੋਰਨੇ ਰਿਵਾਜਾਂ ਅਤੇ ਭੈੜੀਆਂ ਪਰਥਾਵਾਂ ਦਾ ਅਧਾਰ ਹੁੰਦਾ ਹੈ। ਇਨ੍ਹਾਂ ਰਿਵਾਜਾਂ ਅਤੇ ਪਰਥਾਵਾਂ ਸਦਕਾ ਜਿੰਨੀ ਸਮਾਜ ਦੀ ਹਾਨੀ ਹੁੰਦੀ ਹੈ ਉੱਨੀ ਕਿਸੇ ਹੋਰ ਕਾਰਨ ਤੋਂ ਨਹੀਂ ਹੁੰਦੀ। ਉੱਚੀਆਂ ਜਾਤਾਂ ਦੇ ਹਿੰਦੂ, ਮੁਸਲਮਾਨਾਂ ਅਤੇ ਹੋਰ ਨੀਵੀਆਂ ਜਾਤਾਂ ਦਾ ਛੂਹਿਆ ਪਾਣੀ ਤਕ ਨਹੀਂ ਪੀ ਸਕਦੇ। ਜਿਨ੍ਹਾਂ ਲੋਕਾਂ ਨੂੰ ਕਈਆਂ ਕਾਰਨਾਂ ਕਰਕੇ ਘਟੀਆ ਜਾਤਾਂ ਦੇ ਲੋਕਾਂ ਦੇ ਹਥਾਂ ਦਾ ਖਾਣਾ ਪੀਣਾ ਪੈਂਦਾ ਹੈ ਜਾਂ ਜਿਹੜੇ ਲੋਕ ਇਕ ਵਾਰ ਮੁਸਲਮਾਨਾਂ ਦੇ ਘਰ ਦੀ ਰੋਟੀ ਖਾ ਲੈਂਦੇ ਹਨ ਉਹ ਸਦਾ ਜਾਤ ਤੋਂ ਛੇਕ ਦਿਤੇ ਜਾਂਦੇ ਹਨ। ਭਾਰਤ ਦੀਆਂ ਸਭ ਤੋਂ ਜਟੀਲ, ਸਮਾਜਿਕ ਅਤੇ


  1. ਸਿਖਿਆ (ਸਪੈਂਸਰ ਦੀ ‘ਐਜੂਕੇਸ਼ਨ' ਦਾ ਮਹਾਂ ਵੀਰ ਪਰਸਾਦ ਦਿਵਵੇਦੀ ਰਾਹੀਂ ਅਨੁਵਾਚੀ, ਸਫਾ ੧੦੯।