੭੮
ਰਾਜਸੀ ਸਮੱਸਿਆਵਾਂ ਹਿੰਦੂਆਂ ਦੇ ਪੁਰਾਣੇ ਰਿਵਾਜਾਂ ਵਿਚਾਰਾਂ ਨਾਲ ਚੰਬੜੇ ਰਹਿਣ ਕਰ ਕੇ ਹੀ ਪੈਦਾ ਹੋਈਆਂ ਹਨ। ਇਸੇ ਕਰ ਕੇ ਭਾਰਤ ਨੇ ਆਪਣੀ ਸੁਤੰਤਰਤਾ ਗੁਆ ਲਈ ਸੀ। ਆਪਣੇ ਹੀ ਭਰਾਵਾਂ ਨੂੰ ਆਪਣਾ ਦੁਸ਼ਮਨ ਬਣਾ ਲਿਆ ਸੀ ਅਤੇ ਇਸੇ ਕਾਰਨ ਅਜ ਸਾਡੇ ਦੇਸ ਦੇ ਅੰਦਰ ਕਈ ਘਰੇਲੂ ਝਗੜੇ ਚਲ ਰਹੇ ਹਨ ਜਿਨ੍ਹਾਂ ਦਾ ਲਾਭ ਵਿਦੇਸ਼ੀ ਲੋਕ ਉਠਾਉਂਦੇ ਹਨ। ਭਾਰਤ ਦੀ ਕੋਈ ਜਾਤੀ ਜਦ ਇੰਨੀ ਤਾਕਤਵਰ ਹੋ ਜਾਂਦੀ ਕਿ ਉਹ ਵਿਦੇਸ਼ੀਆਂ ਬਾਰੇ ਆਪਣੇ ਵਿਚ ਬਗਾਵਤ ਦਾ ਜਜ਼ਬਾ ਪੈਦਾ ਕਰ ਲੈਂਦੀ ਹੈ ਤਾਂ ਵਿਦੇਸੀ ਤਾਕਤ ਝਟ ਕਿਸੇ ਹੋਰ ਜਾਤੀ ਨੂੰ, ਜਿਸ ਦੇ ਰਿਵਾਜ ਅਤੇ ਵਿਚਾਰ ਬਗਾਵਤ ਕਰਨ ਵਾਲੀ ਜਾਤ ਦੇ ਉਲਟ ਹੁੰਦੇ, ਪਹਿਲੀ ਜਾਤੀ ਵਿਰੁਧ ਖੜਾ ਕਰ ਦਿੰਦੀ। ਫਿਰ ਦੋਵੇਂ ਜਾਤਾਂ ਆਪਸ ਵਿਚ ਲੜ ਝਗੜ ਕੇ ਆਪਣੀ ਤਾਕਤ ਦਾ ਨਾਸ ਕਰ ਲੈਂਦੀਆਂ। ਇਸ ਹਾਲਤ ਦੇ ਬਦਲਣ ਦਾ ਇਕ ਹੀ ਢੰਗ ਹੈ ਕਿ ਜਨ ਸਧਾਰਨ ਵਿਚ ਵਿਹਾਰਿਕ ਅਤੇ ਵਿਗਿਆਨਿਕ ਸਿਖਿਆ ਦਾ ਪਰਚਾਰ ਕੀਤਾ ਜਾਵੈ। ਅੰਧ-ਵਿਸ਼ਵਾਸ਼ ਦਾ ਅਨ੍ਹੇਰਾ ਵਿਗਿਆਨ ਦੇ ਚਾਨਣ ਨਾਲ ਹੀ ਦੂਰ ਹੋ ਸਕਦਾ ਹੈ। ਇਸ ਲਈ ਜਿੱਨਾ ਇਸ ਦੇਸ ਵਿਚ ਵਿਗਿਆਨਿਕ ਸਿਖਿਆ ਦਾ ਵਾਧਾ ਹੋਵੇਗਾ, ਉੱਨੀ ਹੀ ਮਨੁਖਾਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਆਵੇਗੀ। ਫਿਰ ਉਹ ਆਪਣੇ ਪੁਰਾਣੇ ਤੇ ਬੰਦੇ ਰਸਮਾਂ ਰਿਵਾਜ਼ਾਂ ਨੂੰ ਛੱਡ ਕੇ ਅਜਿਹੇ ਕੰਮਾਂ ਵਿਚ ਲਗ ਜਾਣਗੇ ਜਿਹੜੇ ਸਮੇਂ ਦੇ ਅਨਕੂਲ ਹੋਣਗੇ। ਫਿਰ ਸਾਡੀਆਂ ਸਮਾਜਿਕ ਅਤੇ ਰਾਜਸੀ ਸਮੱਸਿਆਵਾਂ ਇਨੀਆਂ ਜਟੀਲ ਨਹੀਂ ਹੋਣਗੀਆਂ ਜਿੰਨੀਆਂ ਹੁਣ ਪਰਤੀਤ ਹੁੰਦੀਆਂ ਹਨ। ਇਸ ਲਈ ਦੇਸ਼ ਦੀ ਹਾਲਤ ਉਤੇ ਗੰਭੀਰ ਸੋਚ ਵਿਚਾਰ ਕਰਨ ਵਾਲੇ ਅਤੇ ਉਸ ਦੀ ਸੁਤੰਤਰਤਾ ਲਈ ਕੁਰਬਾਨੀ ਦੇਣ ਵਾਲੇ ਸਾਰੇ ਦੇਸ਼ ਭਗਤਾਂ ਨੇ ਭਾਰਤ ਵਿਚ ਵਿਗਿਆਨਿਕ ਸਿਖਿਆ ਦੇ ਪਰਚਾਰ ਨੂੰ ਉਤਸ਼ਾਹ ਦੇਣ ਦੀ ਸਲਾਹ ਦਿਤੀ ਹੈ।[1]
ਆਦਰਸ਼ਵਾਦੀ ਸਿਖਿਆ
ਅਸੀਂ ਪਹਿਲੇ ਪਰਕਰਨ ਵਿਚ ਸਿਖਿਆ ਦਾ ਆਦਰਸ਼ ਦਸਦਿਆਂ ਆਦਰਸ਼ਵਾਦੀ ਸਿਖਿਆ ਬਾਰੇ ਕਾਫੀ ਚਰਚਾ ਕਰ ਆਏ ਹਾਂ ਅਤੇ ਇਹ ਵੀ ਦਸ ਚੁਕੇ ਹਾਂ ਕਿ ਆਦਰਸ਼ਵਾਦੀ ਲੋਕ ਆਦਰਸ਼ ਪਰਾਪਤੀ ਲਈ ਕਿਹੜੇ ਪਾਠ-ਵਿਸ਼ਿਆਂ ਦਾ ਪੜ੍ਹਾਉਣਾ ਠੀਕ ਸਮਝਦੇ ਹਨ। ਜਰਮਨੀ ਦੇ ਇਕ ਪਰਸਿਧ ਆਦਰਸ਼ ਸਿੱਖਿਆ-ਵਿਗਿਆਨੀ ਹਰਬਰਟ ਨੇ ਆਦਰਸ਼ਵਾਦੀ ਸਿਖਿਆ ਦਾ ਨਿਸ਼ਾਨਾ ਚਲਣ ਦੀ ਪਕਿਆਈ ਦਸਿਆ ਹੈ। ਮਨੁਖ ਦਾ ਚਲਣ ਉਸ ਦੇ ਆਚਰਨ ਅਤੇ ਉਸ ਦੀਆਂ ਰੁਚੀਆਂ ਉਤੇ ਨਿਰਭਰ ਹੁੰਦਾ ਹੈ। ਮਨੁਖ ਦੀ ਰੁਚੀ ਉਸ ਦੇ ਵਿਚਾਰਾਂ ਉਤੇ ਨਿਰਭਰ ਹੁੰਦੀ ਹੈ। ਇਸ ਲਈ ਜਿਸ ਤਰ੍ਹਾਂ ਦੇ ਮਨੁਖ ਦੇ ਵਿਚਾਰ ਹਨ ਉਸ ਤਰ੍ਹਾਂ ਦੀਆਂ ਹੀ ਉਸ ਦੀਆਂ ਰੁਚੀਆਂ ਹਨ। ਅਤੇ ਫਿਰ ਉਸ ਤਰ੍ਹਾਂ ਦਾ ਹੀ ਉਸ ਦਾ ਆਚਰਨ ਅਤੇ ਚਲਣ ਹੁੰਦਾ ਹੈ। ਇਸ ਲਈ ਜੇ ਕਿਸੇ ਮਨੁਖ ਦੇ ਵਿਚਾਰਾਂ ਵਿਚ ਸੁਧਾਰ ਕਰ ਦਿੱਤਾ ਜਾਵੇ ਤਾਂ ਉਸ ਦੇ ਚਲਣ ਵਿਚ ਵੀ ਸੁਧਾਰ
- ↑ ਮੰਨ ੧੯੨੬ ਦੀ ਮਰਾਠਾ ਯੁਵਕ ਕਾਨਫ੍ਰੰਸ ਪੂਨਾ ਦੀ ਸਭਾ ਵਿਚ ਭਾਸ਼ਨ ਦਿੰਦਿਆਂ ਬਾਬੂ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ਸਾਡੇ ਅੰਧ-ਵਿਸ਼ਵਾਸ ਅਤੇ ਪੁਰਾਣੇ ਵਿਚਾਰਾਂ ਦਾ ਅੰਤ ਕਰਨ ਲਈ ਦੇਸ਼ ਵਿਚ ਵਿਹਾਰਿਕ ਅਤੇ ਵਿਗਿਆਨਿਕ ਸਿਖਿਆ ਦਾ ਪਰਚਾਰ ਕਰਨਾ ਬੜਾ ਲੋੜੀਂਦਾ ਹੈ। ਕਿਉਂਜੁ ਇਹੋ ਇਸ ਰੋਗ ਦੀ ਦਵਾ ਹੈ।