ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੧

ਰਖਣਾ ਚਾਹੀਦਾ ਹੈ।

(੪) ਬੱਚੇ ਦੀ ਰੁਚੀ ਅਤੇ ਯੋਗਤਾ ਨੂੰ ਵੀ ਧਿਆਨ ਵਿਚ ਰਖਣਾ ਚਾਹੀਦਾ ਹੈ।

ਹੁਣ ਅਸੀਂ ਇਨ੍ਹਾਂ ਚਾਰ ਨਿਯਮਾਂ ਉਤੇ ਵਾਰੀ ਵਾਰੀ ਵਿਚਾਰ ਕਰਾਂਗੇ।

ਜੀਵਨ ਵਿਚ ਕੰਮ ਆਉਣ ਵਾਲੀਆਂ ਗੱਲਾਂ ਸਿਖਾਉਣਾ:- ਇਸ ਸਿਧਾਂਤ ਅਨੁਸਾਰ ਬੱਚੇ ਨੂੰ ਉਹ ਸਾਰੀਆਂ ਗਲਾਂ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਉਸਦੇ ਜੀਵਨ ਨੂੰ ਸਫਲ ਬਨਾਉਣ ਲਈ ਕਿਸੇ ਤਰ੍ਹਾਂ ਕੰਮ ਆਉਂਦੀਆਂ ਹਨ। ਪਾਇਮਰੀ ਅਤੇ ਮਿਡਲ ਸਕੂਲਾਂ ਵਿਚ ਇਨ੍ਹਾਂ ਵਿਚੋਂ ਮੋਟੀਆਂ ਮੋਟੀਆਂ ਗਲਾਂ ਹੀ ਸਿਖਾਈਆਂ ਜਾ ਸਕਦੀਆਂ ਹਨ; ਇਸ ਲਈ ਉਨ੍ਹਾਂ ਨੂੰ ਚੁਣਨਾ ਜ਼ਰੂਰੀ ਹੈ। ਸਰੀਰਕ ਕਸਰਤ, ਸਵਾਸਥ ਦੇ ਨਿਯਮ, ਬੋਲੀ, ਸਾਹਿੱਤ, ਇਤਿਹਾਸ, ਗਣਿਤ, ਪਦਾਰਥ ਵਿਗਿਆਨ, ਭੂਗੋਲ, ਡਰਾਇੰਗ ਅਤੇ ਸੰਗੀਤ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਬੱਚੇ ਦੀ ਸਿਖਿਆ ਵਿਚੋਂ ਛਡਿਆ ਨਹੀਂ ਜਾ ਸਕਦਾ। ਇਨ੍ਹਾਂ ਵਿਚੋਂ ਕੁਝ ਵਿਸ਼ੇ ਬੱਚੇ ਦੇ ਜੀਵਨ-ਘੋਲ ਦੀ ਤਿਆਰੀ ਲਈ ਬੜੇ ਜ਼ਰੂਰੀ ਹਨ ਅਤੇ ਕੁਝ ਉਸਨੂੰ ਸਮਾਜਿਕ ਕੰਮਾਂ ਵਿਚ ਭਾਗ ਲੈਣ ਦੀ ਯੋਗਤਾ ਦਿੰਦੇ ਹਨ ਅਰਥਾਤ ਉਸ ਦੀ ਸੰਸਕ੍ਰਿਤੀ ਅਤੇ ਵਰਤਮਾਨ ਅਤੇ ਭਵਿਖ ਦੇ ਆਦਰਸ਼ਾਂ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿਸ਼ਿਆਂ ਨੂੰ ਸਿਖਣ ਨਾਲ ਬੱਚੇ ਦੀ ਨਿਰੀ ਬੁਧੀ ਦਾ ਹੀ ਵਿਕਾਸ ਨਹੀਂ ਹੁੰਦਾ ਸਗੋਂ ਉਸਦਾ ਚਲਣ ਵੀ ਪੱਕਦਾ ਹੈ। ਡਰਾਇੰਗ ਅਤੇ ਸੰਗੀਤ ਬੱਚੇ ਦੇ ਭਵਿਖ ਦੇ ਜੀਵਨ ਵਿਚ ਵਿਹਲ ਵੇਲੇ ਨੂੰ ਠੀਕ ਤਰ੍ਹਾਂ ਬਤੀਤ ਕਰਨ ਲਈ ਲੋੜੀਂਦੇ ਹਨ। ਸਿਖਿਆ ਦਾ ਨਿਸ਼ਾਨਾ ਨਿਰਾ ਬੱਚੇ ਨੂੰ ਕਾਰ ਵਿਹਾਰ ਲਈ ਤਿਆਰ ਕਰਨਾ ਹੀ ਨਹੀਂ ਹੋਣ ਚਾਹੀਦਾ ਸਗੋਂ ਉਸਨੂੰ ਯੋਗ ਢੰਗ ਨਾਲ ਆਪਣੀ ਵਿਹਲ ਜਾਂ ਅਰਾਮ ਕਰਨ ਦੇ ਸਮੇਂ ਨੂੰ ਬਤੀਤ ਕਰਨ ਦੀ ਜਾਚ ਦੇਣਾ ਵੀ ਹੋਣਾ ਚਾਹੀਦਾ ਹੈ। ਬਚਿਆਂ ਦੀ ਅਖਲਾਕੀ ਅਤੇ ਧਾਰਮਕ ਸਿਖਿਆ ਨੂੰ ਪਾਠ-ਕਰਮ ਵਿਚ ਵਖਰੀ ਥਾਂ ਦੇਣ ਦੀ ਥਾਂ ਸੰਗੀਤ ਅਤੇ ਸਾਹਿੱਤ ਰਾਹੀਂ ਇਨ੍ਹਾਂ ਦੀ ਸਿਖਿਆ ਦੇਣਾ ਸੌਖਾ ਸਮਝਿਆ ਗਿਆ ਹੈ।

ਬਚਿਆਂ ਦਾ ਸਕੂਲ ਵਿਚ ਕਟਣ ਦਾ ਸਮਾਂ:-ਕਿੱਨੇ ਹੀ ਬੱਚੇ ਉੱਨੀ ਸਿਖਿਆ ਹੀ ਪਰਾਪਤ ਕਰ ਸਕਦੇ ਹਨ ਜਿੱਨੀ ਕਿ ਸਰਕਾਰ ਉਨ੍ਹਾਂ ਉਤੇ ਜ਼ਰੂਰੀ ਲਾਗੂ ਕਰਕੇ ਦਿੰਦੀ ਹੈ। ਸੰਸਾਰ ਦੇ ਸਾਰੇ ਸਭਯ ਦੇਸਾਂ ਵਿਚ ਜ਼ਰੂਰੀ ਸਿਖਿਆ ਦਾ ਸਮਾਂ ਆਮ ਕਰਕੇ ਚੌਦਾਂ ਸਾਲ ਦੀ ਉਮਰ ਦੇ ਨੇੜੇ ਤੇੜੇ ਹੁੰਦਾ ਹੈ। ਕੁਝ ਅਮੀਰ ਘਰਾਂ ਅਥਵਾ ਖਾਂਦੇ ਪੀਂਦੇ ਘਰਾਂ ਦੇ ਬੱਚੇ ਚੌਦਾਂ ਸਾਲ ਦੀ ਉਮਰ ਪਿਛੋਂ ਵੀ ਸਕੂਲ ਵਿਚ ਪੜ੍ਹ ਸਕਦੇ ਹਨ ਅਤੇ ਕੁਝ ਵਿਸ਼ਵ-ਵਿਦਿਆਲਿਆਂ ਵਿਚ ਵੀ ਸਿਖਿਆ ਪਰਾਪਤ ਕਰਨ ਜਾਂਦੇ ਹਨ। ਕੁਝ ਸਮਾਂ ਅਰਥਾਤ ਛੇ ਤੋਂ ਗਿਆਰਾਂ ਸਾਲ ਦੀ ਉਮਰ ਤਕ ਤਾਂ ਕੌਮ ਦੇ ਸਾਰੇ ਬੱਚਿਆਂ ਨੂੰ ਇਕੋ ਜਹੀ ਸਿਖਿਆ ਦੇਣੀ ਚਾਹੀਦੀ ਹੈ। ਮੁਢਲੀਆਂ ਜਮਾਤਾਂ ਦੇ ਬਚਿਆਂ ਨੂੰ ਮਾਤ- ਬੋਲੀ, ਆਪਣੇ ਦੇਸ਼ ਦਾ ਇਤਿਹਾਸ, ਅੰਕਗਣਿਤ, ਅਤੇ ਕੁਝ ਵਿਹਾਰ ਕਾਰ ਵਿਚ ਕੰਮ ਆਉਣ ਵਾਲੀ ਰੇਖਾ ਗਣਿਤ, ਕੁਝ ਪਦਾਰਥ ਵਿਗਿਆਨ ਦੀ ਸਿਖਿਆ ਦੇਣੀ ਚਾਹੀਦੀ ਹੈ। ਇਸ ਪਿਛੋਂ ਜਿਨ੍ਹਾਂ ਬਚਿਆਂ ਦੀ ਸਿਖਿਆ ਚੌਦਾਂ ਸਾਲ ਦੀ ਉਮਰ ਵਿਚ ਖਤਮ ਹੋਣੀ ਹੈ ਉਨ੍ਹਾਂ ਨੂੰ ਇਕ ਤਰ੍ਹਾਂ ਦੀ ਸਿਖਿਆ ਦੇਣੀ ਚਾਹੀਦੀ ਹੈ, ਅਤੇ ਜਿਨ੍ਹਾਂ ਦੀ ਪੜ੍ਹਾਈ ਅੱਗੇ ਵੀ ਹੋਣੀ ਹੈ ਉਨ੍ਹਾਂ ਨੂੰ ਦੂਜੀ ਤਰ੍ਹਾਂ ਦੀ ਸਿਖਿਆ ਦੇਣੀ ਚਾਹੀਦੀ ਹੈ। ਚੌਦਾਂ ਸਾਲ ਦੀ ਉਮਰ ਵਿਚ ਸਿਖਿਆ ਖਤਮ ਕਰਨ ਵਾਲੇ ਬਚਿਆਂ ਨੂੰ ਥੋੜਾ ਸਾਹਿੱਤ, ਕੁਝ ਮੁਢਲਾ ਵਿਗਿਆਨ ਅਤੇ ਕੁਝ ਗਣਿਤ ਦਾ ਗਿਆਨ ਕਰਾਉਣਾ ਚਾਹੀਦਾ ਹੈ।