੮੨
ਇਨ੍ਹਾਂ ਤੋਂ ਬਿਨਾਂ ਅਜਿਹੀਆਂ ਗਲਾਂ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਦੇ ਭਵਿਖ ਵਿਚ ਰੋਜ਼ਗਾਰ ਸਬੰਧੀ ਧੰਧਿਆਂ ਨਾਲ ਸਬੰਧ ਰਖਦੀਆਂ ਹੋਣ ਤਾਂ ਜੁ ਉਨ੍ਹਾਂ ਨੂੰ ਕਿਸੇ ਰੁਜ਼ਗਾਰ ਨਾਲ ਰੁਚੀ ਹੋਵੇ ਅਤੇ ਉਹ ਉਸਨੂੰ ਸੌਖ ਨਾਲ ਕਰ ਸਕਣ। ਪਰ, ਇਥੇ ਇਹ ਧਿਆਨ ਰਖਣਾ ਚਾਹਦਾ ਹੈ ਕਿ ਜਿਨ੍ਹਾਂ ਬਚਿਆਂ ਨੂੰ ਰੁਜ਼ਗਾਰ ਕਰਨ ਮਾਤਰ ਹੀ ਸਿਖਿਆ ਨਾ ਦਿਤੀ ਜਾਣ ਲਗ ਜਾਵੇ। ਜਿਨ੍ਹਾਂ ਬਚਿਆਂ ਨੇ ਚੌਦਾ ਸਾਲ ਦੀ ਉਮਰ ਤੋਂ ਅੱਗੇ ਪੜ੍ਹਨਾ ਹੈ ਉਨ੍ਹਾਂ ਨੂੰ ਰੁਜ਼ਗਾਰ ਬਾਰੇ ਵਧੇਰਾ ਦਸਣ ਦੀ ਥਾਂ ਸਧਾਰਨ ਸਿਖਿਆ ਉਤੇ ਹੀ ਵਧੇਰੇ ਜ਼ੋਰ ਦਿਤਾ ਜਾਵੇ। ਇਨ੍ਹਾਂ ਦਾ ਸਾਹਿੱਤ, ਇਤਿਹਾਸ ਗਣਿਤ, ਅਤੇ ਪਦਾਰਥ ਵਿਗਿਆਨ ਦਾ ਗਿਆਨ ਹੋਰ ਵਧੇਰੇ ਚੌੜਾ ਕੀਤਾ ਜਾਵੇ। ਪਿਛੋਂ ਜਿਨ੍ਹਾਂ ਬਚਿਆਂ ਦੀ ਰੁਚੀ ਟੈਕਨੀਕਲ, ਵਿਹਾਰਿਕ ਜਾਂ ਖੇਤੀ ਬਾੜੀ ਦੇ ਕੰਮ ਵਲ ਹੋਵੇ ਉਨ੍ਹਾਂ ਨੂੰ ਉਨ੍ਹਾਂ ਦੇ ਯੋਗ ਸਿਖਿਆ ਦੇਣੀ ਚਾਹੀਦੀ ਹੈ। ਜਿਹੜੇ ਵਿਸ਼ਵ-ਵਿਦਿਆਲੇ ਵਲ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਮ ਸਿਖਿਆ ਹੋਰ ਵਧੇਰੇ ਦੇਣੀ ਚਾਹੀਦੀ ਹੈ। ਬੱਚੇ ਦੀ ਸਿਖਿਆ ਵਿਚ ਗਿਆਰਾਂ, ਚੌਦਾਂ, ਸਤਾਰਾਂ ਵਰ੍ਹੇ ਦੀ ਉਮਰ ਅਜਿਹੇ ਸਮੇਂ ਹਨ ਜਦ ਉਸਦੇ ਪਾਠ-ਵਿਸ਼ੇ ਦੀ ਚੋਣ ਉਤੇ ਵਿਚਾਰ ਕਰਨਾ ਪੈਂਦਾ ਹੈ।
ਵਿਸ਼ੇਸ਼ ਰੁਜ਼ਗਾਰ ਸਬੰਧੀ ਲੋੜਾਂ ਉਤੇ ਵਿਚਾਰ:-ਪਾਠ-ਵਿਸ਼ੇ ਦੀ ਚੋਣ ਸਮੇਂ ਬਚਿਆਂ ਦੇ ਆਉਣ ਵਾਲੇ ਜੀਵਨ ਵਿਚ ਰੁਜ਼ਗਾਰ ਸਬੰਧੀ ਲੋੜਾਂ ਉਤੇ ਧਿਆਨ ਦੇਣਾ ਵੀ ਬੜਾ ਜ਼ਰੂਰੀ ਹੈ। ਬੱਚੇ ਦੀ ਮੁਢਲੀ ਸਿੱਖਿਆ ਵਿਚ ਇਨ੍ਹਾਂ ਵਿਹਾਰੀ ਲੋੜਾਂ ਨੂੰ ਇੰਨਾ ਮਹੱਤਾ ਵਾਲਾ ਥਾਂ ਨਹੀਂ ਦਿਤਾ ਜਾਵੇਗਾ, ਪਰ ਕੁਝ ਅੱਗੇ ਚਲ ਕੇ ਇਨ੍ਹਾਂ ਲੋੜਾਂ ਨੂੰ ਧਿਆਨ ਵਿਚ ਰਖਣਾ ਬੜਾ ਲੋੜੀਂਦਾ ਹੈ। ਕੁਝ ਬੱਚੇ ਪਿੰਡਾਂ ਵਿਚ ਰਹਿ ਕੇ ਖੇਤੀ ਕਰਨਗੇ, ਕੁਝ ਕਾਰੀਗਰ ਬਨਣਗੇ ਅਤੇ ਕੁਝ ਸ਼ਹਿਰਾਂ ਵਿਚ ਰਹਿ ਕੇ ਵਣਜ ਵਪਾਰ ਕਰਨਗੇ। ਇਨ੍ਹਾਂ ਵਖ ਵਖ ਕਿਸਮ ਦੇ ਬਚਿਆਂ ਵਿਚ ਵਖ ਵਖ ਤਰ੍ਹਾਂ ਦੀਆਂ ਰੁਚੀਆਂ ਪੈਦਾ ਕਰਨਾ ਜ਼ਰੂਰੀ ਹੈ। ਮੁਢਲੀ ਉਮਰ ਵਿਚ ਜਿਹੜੇ ਪਾਠ ਪੜ੍ਹਾਏ ਜਾਣ ਉਨ੍ਹਾਂ ਦਾ ਨਿਸ਼ਾਨਾ ਬੱਚੇ ਨੂੰ ਕਿਸੇ ਵਿਸ਼ੇਸ਼ ਰੁਜ਼ਗਾਰ ਲਈ ਤਿਆਰ ਕਰਨ ਦੀ ਥਾਂ ਰੁਜ਼ਗਾਰ ਦੇ ਕੰਮ ਕਰਨ ਦੀ ਯੋਗਤਾ ਦੇਣ ਮਾਤਰ ਹੀ ਹੋਣਾ ਚਾਹੀਦਾ ਹੈ। ਪਰ ਅੱਗੇ ਚਲ ਕੇ ਕੁਝ ਕੰਮ-ਧੰਧੇ ਦੀ ਸਿਖਿਆ ਦੇਣਾ ਜ਼ਰੂਰੀ ਹੋ ਜਾਂਦਾ ਹੈ। ਬੱਚੇ ਦੀ ਰੁਚੀ ਅਤੇ ਯੋਗਤਾਵਾਂ ਉਤੇ ਵਿਚਾਰ ਕਰ ਕੇ ਪਾਠ-ਵਿਸ਼ੇ ਦੀ ਚੋਣ ਵਿਚ ਉਨ੍ਹਾਂ ਨੂੰ ਧਿਆਨ ਵਿਚ ਰਖਣਾ ਬੜਾ ਜ਼ਰੂਰੀ ਹੈ। ਉਮਰ ਦੇ ਨਾਲ ਬੱਚੇ ਦੀਆਂ ਰੁਚੀਆਂ ਬਦਲਦੀਆਂ ਰਹਿੰਦੀਆਂ ਹਨ ਅਤੇ ਉਸ ਦੀਆਂ ਯੋਗਤਾਵਾਂ ਵਿਚ ਵੀ ਉਮਰ ਨਾਲ ਵਾਧਾ ਹੁੰਦਾ ਰਹਿੰਦਾ ਹੈ। ਪਰ ਵਾਤਾਵਰਨ ਅਤੇ ਜਨਮ ਜਾਤ ਉੱਤੇ ਵੀ ਬੱਚੇ ਦੀ ਰੁਚੀ ਨਿਰਭਰ ਹੁੰਦੀ ਹੈ। ਕੁਝ ਬਚਿਆਂ ਦੀ ਰੁਚੀ ਇਕ ਵਿਸ਼ੇ ਵਿਚ ਵਧੇਰੇ ਹੁੰਦੀ ਹੈ ਅਤੇ ਕੁਝ ਦੀ ਦੂਸਰੇ ਵਿਚ। ਜਿਵੇਂ ਜਿਵੇਂ ਬੱਚੇ ਉਮਰ ਵਿਚ ਵਧਦੇ ਹਨ, ਉਨ੍ਹਾਂ ਦੀਆਂ ਰੁਚੀਆਂ ਦਾ ਅਧਿਅਨ ਕਰ ਕੇ ਉਨ੍ਹਾਂ ਨੂੰ ਢੁਕਵੇਂ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ। ਫਿਰ ਸ਼ਹਿਰ ਦੇ ਬਚਿਆਂ ਦੀ ਰੁਚੀ ਪਿੰਡ ਦੇ ਬਚਿਆਂ ਤੋਂ ਵਖਰੀ ਹੁੰਦੀ ਹੈ। ਸ਼ਹਿਰ ਦੇ ਬਚਿਆਂ ਨੂੰ ਉਨ੍ਹਾਂ ਗਲਾ ਦਾ ਦੱਸਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਜਾਨਣ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ ਅਤੇ ਜਿਹੜੀਆਂ ਉਨ੍ਹਾਂ ਦੀ ਹਾਲਤ ਦੇ ਅਨੁਸਾਰੀ ਹਨ। ਇਸੇ ਤਰ੍ਹਾਂ ਪਿੰਡ ਦੇ ਬਚਿਆਂ ਨੂੰ ਆਪਣੇ ਆਲੇ ਦੁਆਲੇ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਬਾਰੇ ਵਧੇਰੇ ਜਾਣਕਾਰੀ ਕਰਾਉਣੀ ਚਾਹੀਦੀ ਹੈ ਅਤੇ ਇਸ ਗਲ ਲਈ ਉਨ੍ਹਾਂ ਨੂੰ ਢੁਕਵੇਂ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ।