ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਪਰਕਰਨ

ਸਿਖਿਆ ਵਿਚ ਜ਼ਬਤ

ਜ਼ਬਤ ਦਾ ਸਿਖਿਆ ਵਿਚ ਸਥਾਨ

ਸਿਖਿਆ ਦੀਆਂ ਦੋ ਵੱਡੀਆਂ ਸਮੱਸਿਆਵਾਂ ਹਨ- ਪੜ੍ਹਾਉਣ ਦੀ ਸਮੱਸਿਆ ਅਤੇ ਜ਼ਬਤ ਦੀ ਸਿਖਿਆ। ਜ਼ਬਤ ਬਚਿਆਂ ਦੀ ਸਿਖਿਆ ਲਈ ਬੜਾ ਜ਼ਰੂਰੀ ਹੈ। ਚੰਗੇ ਜ਼ਬਤ ਤੋਂ ਬਿਨਾ ਪਰਭਾਵ-ਸ਼ਾਲੀ ਸਿਖਿਆ ਅਸੰਭਵ ਹੈ, ਇਸ ਲਈ ਸਕੂਲ ਵਿਚ ਉਤਮ ਕਿਸਮ ਦੇ ਜ਼ਬਤ ਦਾ ਅਰਥ ਪੜ੍ਹਾਈ ਦੇ ਕੰਮ ਵਿਚ ਭਰੋਸੇ ਯੋਗ ਸਫਲਤਾ ਪਰਾਪਤ ਕਰਨਾ ਹੈ। ਜ਼ਬਤ ਤੋਂ ਬਿਨਾਂ ਸਿਖਿਆ ਵਿਚ ਕਾਫੀ ਸਫਲਤਾ ਨਹੀਂ ਮਿਲ ਸਕਦੀ ਅਤੇ ਜ਼ਬਤ ਭਰਪੂਰ ਸਿਖਿਆ ਸਦਾ ਸਫਲ ਹੁੰਦੀ ਹੈ। ਸਿਖਿਆ ਦਾ ਜ਼ਬਤ, ਫੌਜੀ ਜ਼ਬਤ ਨਾਲੋਂ ਵਖਰਾ ਹੁੰਦਾ ਹੈ। ਇਹ ਜ਼ਬਤ ਸਰੀਰਕ ਜ਼ਬਤ ਦੀ ਥਾਂ ਵਧੇਰੇ ਰੂਪ ਵਿਚ ਮਾਨਸਿਕ ਹੁੰਦਾ ਹੈ। ਸਕੂਲ ਦੇ ਜ਼ਬਤ ਦਾ ਇਹ ਨਿਸ਼ਾਨਾ ਨਹੀਂ ਕਿ ਬੱਚੇ ਸਕੂਲ ਵਿਚ ਬਿਨਾਂ ਹਿਲਜੁਲ, ਸ਼ਾਂਤੀ ਨਾਲ ਪਥਰ ਦੀਆਂ ਮੂਰਤੀਆਂ ਬਣੇ ਬੈਠੇ ਰਹਿਣ। ਇਸ ਦਾ ਨਿਸ਼ਾਨਾ ਹੈ ਬੱਚਿਆਂ ਨੂੰ ਉਹ ਸਿਖਿਆ ਦੇਣਾ ਜਿਸ ਨਾਲ ਉਹ ਸਕੂਲ ਦੇ ਨਾਲ ਨਾਲ ਬਾਹਰ ਵੀ ਨਿਯਮ ਅਨੁਸਾਰ ਜੀਵਨ ਬਤੀਤ ਕਰਨ। ਉਨ੍ਹਾਂ ਦਾ ਜੀਵਨ ਬੇ-ਨਿਯਮਾ ਨਾ ਹੋਵੇ। ਬਚਿਆਂ ਨੂੰ ਅਜਿਹੀ ਸਿਖਿਆ ਉਨ੍ਹਾਂ ਦੀਆਂ ਆਪਹੁਦਰੀਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਨਿਯਮਾਂ ਦੇ ਪਾਲਣ ਕਰਨ ਦੀ ਰੋਕ ਲਾਕੇ ਹੀ ਦਿਤੀ ਜਾ ਸਕਦੀ ਹੈ। ਬਾਲ-ਅਵਸਥਾ ਵਿਚ ਹੀ ਇਨ੍ਹਾਂ ਨਿਯਮਾਂ ਦਾ ਗਿਆਨ ਬੱਚੇ ਲਈ ਗੁਣਕਾਰੀ ਹੁੰਦਾ ਹੈ। ਪਲੈਟੋ ਦੇ ਕਥਨ ਅਨੁਸਾਰ ਕਿਸੇ ਕੰਮ ਦਾ ਪ੍ਰਾਰੰਭਕ ਸਮਾਂ ਉਸ ਦਾ ਸਭ ਤੋਂ ਮਹੱਤਾ ਵਾਲਾ ਸਮਾਂ ਹੁੰਦਾ ਹੈ। ਇਸ ਲਈ ਬਚਿਆਂ ਨੂੰ ਮੁਢਲੀ ਉਮਰ ਵਿਚ ਹੀ ਜ਼ਬਤ ਦੇ ਅਸਰ ਹੇਠ ਲੈ ਆਉਣਾ ਬੜੀ ਮਹੱਤਾ ਰਖਦਾ ਹੈ। ਉਸ ਸਮੇਂ ਬੱਚੇ ਦੀ ਮਨ-ਬਿਰਤੀ ਬੜੀ ਕੋਮਲ ਹੁੰਦੀ ਹੈ। ਉਸ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ ਜਾ ਸਕਦਾ ਹੈ। ਉਸ ਸਮੇਂ ਦੀ ਹਰ ਘਟਨਾ ਬੱਚੇ ਦੇ ਹਿਰਦੇ ਵਿਚ ਘਰ ਕਰ ਲੈਂਦੀ ਹੈ। ਇਹੋ ਕਾਰਨ ਹੈ ਕਿ ਜ਼ਬਤ ਦੇ ਨਿਯਮਾਂ ਦਾ ਪਾਲਣ ਕਰਾਉਂਦੇ ਰਹਿਣ ਨਾਲ ਬੱਚੇ ਦਾ ਸਮੁਚਾ ਜੀਵਨ ਹੀ ਜ਼ਬਤ ਭਰਪੂਰ ਬਣਾਇਆ ਜਾ ਸਕਦਾ ਹੈ।

ਪਰ ਜ਼ਬਤ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਮੰਗਿਆਂ ਮਿਲ ਜਾਂਦੀ ਹੋਵੇ। ਜ਼ਬਤ ਦੀ ਸਫਲਤਾ ਨਿਰੀ ਦਲੀਲ ਉਤੇ ਨਿਰਭਰ ਨਹੀਂ ਹੁੰਦੀ। ਜ਼ਬਤ ਕੋਈ ਸਿਖਾਇਆ ਜਾਣ ਵਾਲਾ ਵਿਸ਼ਾ ਨਹੀਂ, ਇਹ ਤਾਂ ਸਿਖਿਆ ਦੀ ਮੁਢਲੀ ਅਵਸਥਾ ਹੈ। ਇਹ ਸਕੂਲ ਦੇ ਵਾਤਾਵਰਨ ਦਾ ਅਨਿਖੜਵਾਂ ਅੰਗ ਹੈ। ਇਸ ਲਈ ਜ਼ਬਤ ਦੀਆਂ ਆਦਤਾਂ ਅਪਰਤੱਖ ਰੂਪ ਵਿਚ ਸਕੂਲ ਦੇ ਵਾਤਾਵਰਨ ਦੀ ਸਹਾਇਤਾ ਨਾਲ ਬਚਿਆਂ ਵਿਚ ਪਾਈਆਂ ਜਾ ਸਕਦੀਆਂ ਹਨ। ਪਾਠ-ਪੁਸਤਕਾਂ ਵਾਂਗ ਜ਼ਬਤ ਦੀ ਸਿਖਿਆ ਪਰਾਪਤ ਨਹੀਂ ਕੀਤੀ ਜਾ ਸਕਦੀ। ਜ਼ਬਤ ਦੀ ਪਰਤੀਤੀ ਵਿਚਾਰ ਵਰਤਾਰੇ ਤੋਂ ਹੁੰਦੀ ਹੈ ਅਤੇ ਵਰਤਾਰਾ ਅੰਦਰਲੀਆਂ

੮੪