੮੫
ਇੱਛਾਵਾਂ ਦਾ ਹੀ ਪਰਕਾਸ਼ ਹੁੰਦਾ ਹੈ। ਇਸ ਲਈ ਵਿਅਕਤੀ ਦੀ ਦ੍ਰਿੜ੍ਹ-ਇੱਛਾ-ਸ਼ਕਤੀ ਉਤੇ ਹੀ ਜ਼ਬਤ ਰਾਹੀਂ ਵਰਤਾਰੇ ਦਾ ਕਾਬੂ ਨਿਰਭਰ ਹੁੰਦਾ ਹੈ। ਅਰਥਾਤ ਜ਼ਬਤ ਦੀ ਸਿਖਿਆ ਜ਼ਬਤ ਭਰਪੂਰ ਕੰਮ ਕਰਨ ਦੀ ਆਦਤ ਪਾਉਣ ਅਤੇ ਆਪਣੇ ਆਪ ਨੂੰ ਆਲੇ ਦੁਆਲੇ ਦੇ ਵਾਤਾਵਰਨ ਦੇ ਅਨਕੂਲ ਬਨਾਉਣ ਨਾਲ ਪਰਾਪਤ ਹੋ ਸਕਦੀ ਹੈ। ਨਿਯਮਾਂ ਆਦਿ ਦਾ ਪਾਲਣ ਕਰਨ ਨਾਲ ਵੀ ਬਚਿਆਂ ਨੂੰ ਜ਼ਬਤ ਦੀ ਸਿਖਿਆ ਦਿਤੀ ਜਾ ਸਕਦੀ ਹੈ। ਇਸ ਲਈ ਬੱਚੇ ਦੇ ਆਲੇ ਦੁਆਲੇ ਦਾ ਵਾਤਾਵਰਨ ਅਤੇ ਸਿਖਿਆ ਦੋਵੇਂ ਉਸ ਦੇ ਚਲਣ ਦੀ ਉਸਾਰੀ ਦੀ ਨੀਂਹ ਹਨ। ਜਦ ਕੋਈ ਵਿਅਕਤੀ ਬਾਹਰਲੇ ਨਿਯਮਾਂ ਦੇ ਪਾਲਣ ਕਰਨ ਦੀ ਆਪਣੇ ਆਪ ਵਿਚ ਆਦਤ ਪਾ ਲੈਂਦਾ ਹੈ ਤਾਂ ਉਹੋ ਨਿਯਮ ਅੰਦਰਲੇ ਨਿਯਮਾਂ ਵਿੱਚ ਬਦਲ ਜਾਂਦੇ ਹਨ। ਇਸ ਤਰ੍ਹਾਂ ਅਸੀਂ ਵਿਚਾਰਾਂ, ਆਦਤਾਂ, ਵਾਤਾਵਰਨ ਅਤੇ ਜ਼ਬਤ ਦੀ ਸਹਾਇਤਾ ਨਾਲ ਬਾਹਰਲੇ ਨਿਯਮਾਂ ਨੂੰ ਹੀ ਅੰਦਰਲੇ ਜ਼ਬਤ ਵਿਚ ਬਦਲ ਸਕਦੇ ਹਨ।
ਸੁਭਾਵਕ ਜ਼ਬਤ
ਛੋਟੇ ਛੋਟੇ ਬਚਿਆਂ ਵਿਚ ਜ਼ਬਤ ਦੀ ਸਿਖਿਆ ਉਨ੍ਹਾਂ ਦੇ ਬੁਰੇ ਵਿਹਾਰ ਤੋਂ ਨਿਕਲੇ ਸੁਭਾਵਕ ਬੁਰੇ ਸਿੱਟਿਆ ਤੋਂ ਜਾਣੂ ਕਰਾਉਣ ਮਾਤਰ ਤੋਂ ਹੀ ਦਿਤੀ ਜਾ ਸਕਦੀ ਹੈ। ਸਕੂਲ ਵਿੱਚ ਲਾਏ ਜਾਣ ਵਾਲੇ ਨਿਸਚਤ ਸਮੇਂ ਦੇ ਮੁਢਲੇ ਸਾਲਾਂ ਵਿੱਚ ਬਚਿਆਂ ਨੂੰ ਆਪਣੇ ਭੈੜੇ ਵਿਹਾਰ ਦੇ ਭੈੜੇ ਨਤੀਜਿਆਂ ਤੋਂ ਜਾਣੂ ਹੋਣ ਲਈ ਸੁਤੰਤਰ ਰਹਿਣ ਦੇਣਾ ਚਾਹੀਦਾ ਹੈ। ਰੂਸੋ ਅਤੇ ਸਪੈਂਸਰ ਨੇ ਜ਼ਬਤ ਦੀ ਸਿਖਿਆ ਲਈ ਇਸੇ ਢੰਗ ਨੂੰ ਸਭ ਤੋਂ ਵੱਧੀਆ ਦਸਿਆ ਹੈ। ਸੁਭਾਵਕ ਤੌਰ ਤੇ ਕੁਦਰਤ ਇਸ ਤਰ੍ਹਾਂ ਕੰਮ ਚਲਾਉਂਦੀ ਹੈ ਕਿ ਜਿਹੜਾ ਵਿਅਕਤੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਦਾ ਉਸ ਨੂੰ ਫਲ ਵੀ ਭੋਗਣਾ ਪੈਂਦਾ ਹੈ। ਕੁਦਰਤੀ ਨਤੀਜਿਆਂ ਰਾਹੀਂ ਜ਼ਬਤ ਦੀ ਸਿਖਿਆ ਵਿੱਚ ਇਹੋ ਸਿਧਾਂਤ ਵਰਤੋਂ ਵਿੱਚ ਆਉਂਦਾ ਹੈ। ਜੇ ਕੋਈ ਅੱਗ ਦੇ ਬਹੁਤ ਹੀ ਨੇੜੇ ਪਹੁੰਚਦਾ ਹੈ ਤਾਂ ਉਸ ਦਾ ਸੜਨਾ ਸੁਭਾਵਕ ਹੈ। ਜੋ ਕੋਈ ਬੱਚਾ ਚਾਕੂ ਨਾਲ ਖੇਡਦਾ ਹੈ ਤਾਂ ਉਸ ਦਾ ਹਥ ਕਟਿਆ ਜਾਣਾ ਸੁਭਾਵਕ ਹੈ। ਇਸੇ ਤਰ੍ਹਾਂ ਜਦ ਕੋਈ ਬੱਚਾ ਕੋਈ ਚੀਜ਼ ਗੁਆ ਦਿੰਦਾ ਹੈ ਤਾਂ ਉਸ ਦੇ ਭੈੜੇ ਨਤੀਜਿਆਂ ਤੋਂ ਉਹ ਛੇਤੀ ਜਾਣੂ ਹੋਣ ਲੱਗ ਜਾਂਦਾ ਹੈ। ਸਕੂਲ ਬਾਰੇ ਵੀ ਇਹ ਗੱਲ ਠੀਕ ਹੈ। ਜੋ ਬੱਚਾ ਦੇਰ ਨਾਲ ਸਕੂਲ ਆਉਂਦਾ ਹੈ, ਜੇ ਉਹ ਸਕੂਲ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੰਦਾ ਹੈ, ਤਾਂ ਉਸ ਨੂੰ ਢੁਕਵਾਂ ਕੰਮ ਕਰਨ ਦੇਣਾ ਚਾਹੀਦਾ ਹੈ। ਟੁੱਟੇ ਸ਼ੀਸ਼ੇ ਵਾਲੀ ਬਾਰੀ ਕੋਲ ਉਸ ਨੂੰ ਸੌਣ ਜਾਂ ਬਹਿਣ ਦੇਣਾ ਚਾਹੀਦਾ ਹੈ ਠੰਡ ਲਗਣ ਨਾਲ ਉਸ ਨੂੰ ਛੇਤੀ ਆਪਣੀ ਭੁਲ ਪਰਤੀਤ ਹੋ ਜਾਵੇਗੀ। ਜੇ ਉਹ ਘਰ ਦੀ ਕੋਈ ਚੀਜ਼ ਤੋੜਦਾ ਹੈ ਤਾਂ ਉਸ ਨੂੰ ਆਪਣੇ ਪੈਸਿਆਂ ਨਾਲ ਫਿਰ ਖਰੀਦਨ ਦੀ ਸ਼ਰਤ ਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਦਿਤੀ ਗਈ ਜ਼ਬਤ ਦੀ ਸਿਖਿਆ ਨਾਲ ਬੱਚੇ ਨਾਲ ਕੋਈ ਅਨਿਆਇ ਨਹੀਂ ਹੁੰਦਾ ਅਤੇ ਨਾ ਉਸ ਦੇ ਹਿਰਦੇ ਵਿੱਚ ਇਸ ਕਿਸਮ ਦੇ ਵਿਹਾਰ ਬਾਰੇ ਕੋਈ ਸ਼ਕਾਇਤ ਹੀ ਰਹਿੰਦੀ ਹੈ। ਇਸ ਵਿਧੀ ਵਿੱਚ ਵੱਖ ਵੱਖ ਤਰ੍ਹਾਂ ਦੇ ਨਿਯਮਾਂ ਰਾਹੀਂ ਬੱਚੇ ਦੀ ਸੁਤੰਤਰਤਾ ਨੂੰ ਸੱਟ ਨਹੀਂ ਵੱਜਦੀ ਅਤੇ ਉਸ ਨੂੰ ਡੰਨ ਵੀ ਸੁਭਾਵਕ ਰੂਪ ਵਿੱਚ ਛੇਤੀ ਮਿਲਦਾ ਰਹਿੰਦਾ ਹੈ। ਪਰ ਇਹ ਧਿਆਨ ਰਖਣਾ ਚਾਹੀਦਾ ਹੈ ਕਿ ਇਹ ਡੰਨ ਬਹੁਤ ਜ਼ਿਆਦਾ ਜਾਂ ਮਾਰੂ ਨਹੀਂ ਹੋਣਾ ਚਾਹੀਦਾ।