ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੭

ਅਰਥ ਸਕੂਲ ਦੇ ਜ਼ਬਤ ਵਿਚ ਤਬਦੀਲੀ ਹੈ। ਜ਼ਬਤ ਸਖਤ ਨਿਯਮਾਂ ਅਨੁਸਾਰ ਆਦਤ ਬਨਾਉਣ ਨਾਲ ਬਚਿਆਂ ਵਿਚ ਪੈਦਾ ਕੀਤਾ ਜਾ ਸਕਦਾ ਹੈ ਪਰ ਸਕੂਲੀ ਮਨ-ਬਿਰਤੀ ਦੀ ਉਤਪਤੀ ਲਈ ਸੁਹਣਾ ਪਿਆਰ-ਭਰਿਆ ਵਰਤਾਉ, ਉੱਚੇ ਸੁੱਚੇ ਵਿਚਾਰ ਅਤੇ ਉੱਚੇ ਆਦਰਸ਼ ਦੀ ਲੋੜ ਹੁੰਦੀ ਹੈ। ਇਨ੍ਹਾਂ ਤੋਂ ਬਿਨਾਂ ਬਚਿਆਂ ਵਿਚ ਸਕੂਲੀ ਮਨ-ਬਿਰਤੀ ਉਤਪਨ ਨਹੀਂ ਕੀਤੀ ਜਾ ਸਕਦੀ।

ਸਕੂਲੀ ਮਨ-ਬਿਰਤੀ:- ਸਕੂਲੀ ਮਨ-ਬਿਰਤੀ ਦੀ ਪਰਿਭਾਸ਼ਾ ਕਰਨਾ ਬੜਾ ਔਖਾ ਹੈ। ਬਚਿਆਂ ਵਿਚ ਸਕੂਲੀ ਮਨ-ਬਿਰਤੀ ਦੀ ਉਤਪਤੀ ਲਈ ਉਨ੍ਹਾਂ ਵਿਚ ਸਹਿਯੋਗ ਦੀ ਭਾਵਨਾ ਦਾ ਹੋਣਾ ਜ਼ਰੂਰੀ ਹੈ। ਜੋ ਬੱਚੇ ਵਿਚ ਸਕੂਲ ਦੇ ਦੂਜੇ ਬਚਿਆਂ ਨਾਲ ਮਿਲਵਰਤਨ (ਸਹਿਯੋਗ) ਦੀ ਭਾਵਨਾ, ਸਕੂਲ ਉਤੇ ਮਾਨ ਕਰਨ ਦਾ ਜਜ਼ਬਾ, ਅਤੇ ਸਕੂਲ ਦੇ ਨਿਯਮਾਂ ਲਈ ਸ਼ਰਧਾ ਹੈ ਤਾਂ ਉਸ ਵਿਚ ਵਧੀਆ ਸਕੂਲੀ ਮਨ-ਬਿਰਤੀ ਪੈਦਾ ਹੋਵੇਗੀ। ਇਸ ਲਈ ਸਕੂਲੀ ਮਨ-ਬਿਰਤੀ ਦਾ ਅਰਥ ਬਚਿਆਂ ਵਿਚ ਸਕੂਲ ਲਈ ਮਾਨ ਆਦਰ ਦੇ ਭਾਵ, ਸੁਤੰਤਰਤਾ ਨਾਲ ਆਗਿਆ ਦਾ ਪਾਲਣ; ਕੰਮ ਵਿਚ ਲਗਣ, ਅਵਾਰਗੀ ਰਹਿਤ ਸੁਤੰਤਰਤਾ ਅਤੇ ਸਹਿਯੋਗ ਆਦਿ ਭਾਵਾਂ ਦਾ ਪੈਦਾ ਹੋਣਾ ਹੀ ਹੈ। ਸਕੂਲੀ ਮਨ-ਬਿਰਤੀ ਦੀ ਉਸਾਰੀ ਵਿਚ ਹੈਡਮਾਸਟਰ ਦਾ ਬੜਾ ਹੱਥ ਹੁੰਦਾ ਹੈ। ਜੇ ਉਹ ਬਚਿਆਂ ਵਿਚ ਵਧੀਆ ਸਹਿਯੋਗ ਦੀ ਭਾਵਨਾ ਦੀ ਉਸਾਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪੱਕੇ ਨਿਸ਼ਚੇ ਵਾਲਾ, ਕਰਤੱਵ ਪਾਲਣ ਵਾਲਾ ਅਤੇ ਕੰਮ ਵਿਚ ਸਿਆਣਾ ਵਿਅਕਤੀ ਹੋਣਾ ਚਾਹੀਦਾ ਹੈ। ਉਸ ਨੂੰ ਸਕੂਲ ਦੇ ਹਰ ਵਿਭਾਗ, ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਵੀ ਸਹਾਇਤਾ ਲੈਣੀ ਚਾਹੀਦੀ ਹੈ। ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚੇ ਕੱਪ ਅਤੇ ਟ੍ਰਾਫੀਆਂ ਇਨਾਮ ਵਿਚ ਜਿੱਤਣ ਦੀ ਪ੍ਰੇਰਣਾ ਨਾਲ ਸਕੂਲ ਦਾ ਮਾਨ ਵਧਾਉਣ ਵਿਚ ਉਸ ਦੀ ਮਨਚਾਹੀ ਸਹਾਇਤਾ ਕਰ ਸਕਦੇ ਹਨ। ਪੜ੍ਹਨ ਵਾਲੇ ਲੜਕੇ ਆਪਣੀ ਯੋਗਤਾ ਅਤੇ ਵਜ਼ੀਫੇ ਜਿਤ ਕੇ ਸਕੂਲ ਦੇ ਜ਼ਬਤ ਅਤੇ ਮਾਨ ਆਦਰ ਦੇ ਵਾਧੇ ਵਿਚ ਉਸਦੀ ਸਹਾਇਤਾ ਕਰ ਸਕਦੇ ਹਨ। ਸਧਾਰਨ ਲੜਕੇ ਆਪਣੇ ਚੰਗੇ ਵਰਤਾਉ ਸਦਕਾ ਜਨ-ਸਧਾਰਨ ਦੇ ਹਿਰਦੇ ਵਿਚ ਸਕੂਲ ਬਾਰੇ ਆਦਰ ਦੀ ਭਾਵਨਾ ਪੈਦਾ ਕਰ ਸਕਦੇ ਹਨ।

ਪ੍ਰਾਇਮਰੀ ਸਕੂਲਾਂ ਵਿਚ ਤਾਂ ਜ਼ਬਤ ਦੀ ਸਿਖਿਆ ਲਈ ਸਕੂਲੀ ਮਨ-ਬਿਰਤੀ ਅਤੇ ਵਾਤਾਵਰਨ ਦੀ ਲੋੜ ਅਨੁਸਾਰ ਸਹਾਇਤਾ ਲਈ ਜਾ ਸਕਦੀ ਹੈ। ਲੜਕਿਆਂ ਨੂੰ ਸਕੂਲ ਦੇ ਵਧੀਆ ਕੰਮਾਂ ਅਤੇ ਰਿਵਾਜਾਂ ਤੋਂ ਜਾਣੂ ਕਰਾਕੇ ਉਨ੍ਹਾਂ ਨੂੰ ਸਕੂਲ ਦੀਆਂ ਪਰਾਣੀਆਂ ਕਰਨੀਆਂ ਦਾ ਵੀ ਗਿਆਨ ਕਰਵਾ ਦੇਣਾ ਚਾਹੀਦਾ ਹੈ ਜਿਸ ਤੋਂ ਉਨ੍ਹਾਂ ਨੂੰ ਉਤਸ਼ਾਹ ਮਿਲੇ ਅਤੇ ਉਹ ਲਗਣ ਨਾਲ ਜ਼ਬਤ ਭਰਿਆ ਵਾਤਾਵਰਨ ਉਸਾਰਨ ਵਿੱਚ ਸਾਥ ਦੇਣ। ਜੇ ਪੁਰਾਣਾ ਇਤਿਹਾਸ ਚੰਗਾ ਨਾ ਹੋਵੇ ਤਾਂ ਬਚਿਆਂ ਨੂੰ ਉਸ ਨੂੰ ਵੱਧੀਆ ਬਣਾਉਣ ਦਾ ਉਪਦੇਸ਼ ਦੇਣਾ ਠੀਕ ਹੋਵੇਗਾ। ਇਸ ਤਰ੍ਹਾਂ ਸਾਂਝੀ ਜ਼ਿੰਮੇਵਾਰੀ ਰਾਹੀਂ ਵਧੀਆ ਜ਼ਬਤ-ਭਰੀ ਸਕੂਲੀ ਮਨ-ਬਿਰਤੀ ਅਤੇ ਵਾਤਾਵਰਨ ਉਸਾਰਿਆ ਜਾ ਸਕਦਾ ਹੈ।

ਉਦਾਹਰਨ:- ਬਚਿਆਂ ਦੇ ਜੀਵਨ ਵਿਚ ‘ਨਾ ਕਰੋ' ਦੇ ਉਪਦੇਸ਼ਾਂ ਦੀ ਭਰਮਾਰ ਨਹੀਂ ਹੋਣੀ ਚਾਹੀਦੀ। ਬਚਿਆਂ ਨੂੰ ਜੋ ਕੁਝ ਕਿਹਾ ਜਾਏ ਉਸ ਦੀ ਉਦਾਹਰਨ ਉਨ੍ਹਾਂ ਦੇ ਸਾਹਮਣੇ ਰਖਣੀ ਚਾਹੀਦੀ ਹੈ। ਜਦ ਬਚਿਆਂ ਨੂੰ ਭਲੇ ਵਰਤਾਰੇ ਬਾਰੇ ਵਧੇਰੇ ਉਪਦੇਸ਼ ਦਿੱਤਾ