ਪੰਨਾ:ਸਿੱਖ ਤੇ ਸਿੱਖੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧ, ਆਪਣੇ ਸਿੱਖਾਂ ਨੂੰ ਸੋਗ ਦੀ ਭੇਟਾ ਕਰਕੇ ਆਪ ਸੋਗ-ਭਗਤੀ ਨਹੀਂ ਡਿੱਗੇ । ਜਿਹੜਾ ਗੁਰੂ ਸੋਗ ਨੂੰ ਕੀ, ਸੋਗਾਂ ਦੇ ਸੋਗ ਨੂੰ ਵੀ ਯਾਦ ਕਰਦਾ ਹੈ, ਓਹ ਭਲਾ ਕਿਹੜੇ ਸੋਗ ਤੋਂ ਨਸ ਸਕਦਾ ਹੈ ? ਗੁਰੂ ਗੋਬਿੰਦ ਸਿੰਘ ਨੇ ਬ੍ਰਹਮ ਦੀ ਪੂਜਾ ਕੀਤੀ, ਓਹਦੀ ਹਰ ਸਿਫਤ ਨੂੰ ਸਲਾਹਿਆ । ਓਹਦੇ ਹਰ ਗੁਣ ਨੂੰ ਤੱਕਿਆ ਤੇ ਨਮਸਕਾਰਿਆ । ਬ੍ਰਹਮ ਰੋਗਾਂ ਦਾ ਰੋਗ ਦਿੱਸਿਆ, ਸੀਸ ਨਿਵਾਇਆ, ਬ੍ਰਹਮ ਸੋਗਾਂ ਦਾ ਸੋਗ ਪਛਾਣ ਕੇ, ਮਸਤਕ ਨਿਹੁੜਾਇਆ, ਤਾਕਿ ਸਿਖ ਸੋਗ, ਦੀ ਪੂਜਾ ਕਰਨ ਸ਼ਹੀਦੀਆਂ ਦੇਣ, ਕਿਸੇ ਤੋਂ ਡਰਨ ਨਾ, ਨਾ ਹੀ ਚਿੰਤਾ ਤੇ ਭਰਮ ਨੂੰ ਫਟਕਣ ਦੇਣ । ਗੁਰੂ ਜੀ ਚਾਹੁੰਦੇ ਸਨ ਕਿ ਸਿਖ ਸੋਗ ਨੂੰ ਰੱਬ ਸਮਝਕੇ, ਹਿੱਕੇ ਲਾਉਣ, ਸੋਗ ਨੂੰ ਹਿੱਕੇ ਲਾਉਣ ਵਾਲਾ ਹੀ ਸੂਰਮਾ ਕਹਾਉਂਦਾ ਹੈ । ਆਪ ਨੂੰ ਸੂਰਮਿਆਂ ਦੀ ਲੋੜ ਸੀ । ਜੰਗ ਵਿਚ ਤੀਰ, ਤੁਪਕ, ਤਲਵਾਰ ਤੇ ਤੋਪ ਵਗੈਰਾ ਆਪਣੇ ਢੰਗ ਨਾਲ ਸੋਗ ਵਰਤਾ ਰਹੇ ਹਨ, ਪਰ ਹਜ਼ੂਰ ਸੋਗਾਂ ਦੇ ਸੋਗ ਨੂੰ ਸਿਰ ਨਿਵਾ ਰਹੇ ਹਨ, ਤਾਂ ਜੋ ਸਿਖ ਦੁਖਾਂ ਤੋਂ ਭੱਜ ਨਾ ਜਾਣ। ਦੁੱਖਾਂ ਦੇ ਦੁੱਖ ਦਾ ਖਿਆਲ ਕਰਕੇ, ਜੀਵਨ-ਪੰਧ ਉਤੇ ਤੁਰੇ ਰਹਿਣ, ਡਟੇ ਰਹਿਣ । ਸਿਖਾਂ ਏਸ ਤੁੱਕ ਦਾ ਸਹੀ ਭਾਵ ਜਾਤਾ । ਸੋਗ ਤੇ ਦੁਖ ਆਏ । ਜਾਣਿਆ, ਪਿਆਰੇ ਨੇ ਪਿਆਰੀ ਚੀਜ਼ ਹੀ ਨਹੀਂ ਘੱਲੀ, ਸਗੋਂ ਓਹ ਆਪ ਆਇਆ ਹੈ । ਓਹਨੂੰ ਸਿਰ ਮੱਥੇ ਤੇ ਚੁੱਕਿਆ, ਚੁਕ ਕੇ ਇਤਿਹਾਸ, ਕਾਮਯਾਬੀਆਂ ਦੀ ਕਿਤਾਬ ਬਣਾ ਦਿੱਤਾ ।
'ਨਮੋ ਸੋਗ ਸੋਗੇ' ਵਿਚ ਇਕ ਸਪਿਰਿਟ ਹੈ, ਜਿਹੜੀ ਜੀਵਨ ਲਈ ਉਭਾਰਦੀ ਹੈ । ਇਕ ਇਸ਼ਾਰਾ ਹੈ, ਜਿਹੜਾ ਦੁਖ ਦਾ ਰੰਗ ਦਸ ਕੇ, ਸੁਖ ਲਭਾਉਂਦਾ ਹੈ ।

'ਨਮੋ ਸੋਗ ਸੋਗੇ' ਇਕ ਅਟੱਲ ਸਚਾਈ ਹੈ, ਜਿਹੜੀ ਭੁਲਾਈ ਨਹੀਂ ਜਾ ਸਕਦੀ । ਜਦੋਂ ਇਨਸਾਨ ਉੱਤੇ ਦੁਖਾਂ ਦੇ

੧੦੫