ਪੰਨਾ:ਸਿੱਖ ਤੇ ਸਿੱਖੀ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਚਾਰ ਲਈ, ਬਣਾਈ ਇਕੱਠੀ ਕਰਾਈ। ਏਸ ਵੇਲੇ ਦੂਜੇ ਜਾਂ ਤੀਜੇ ਗੁਰੂ ਦੀ ਜਨਮ ਸਾਖੀ ਲਿਖਣ ਵਾਲਾ ਕੋਈ ਨ ਨਿੱਤਰਿਆ । ਨਸਰ ਨਾਲ ਜ਼ਬਾਨ ਨੇ ਵਧਣਾ ਸੀ, ਓਹ ਗਲ ਨ ਬਣੀ।
ਚੌਥੇ ਤੇ ਪੰਜਵੇਂ ਪਾਤਸ਼ਾਹ ਦਾ ਗੁਰਬਾਣੀ ਦੀ ਬੋਲੀ ਵਲ ਖਿਆਲ ਸੀ । ਏਹ ਬੋਲੀ ਆਤਮਿਕ ਗੁੰਝਲਾਂ ਨੂੰ ਖੋਲ੍ਹਣ ਵਾਲੀ ਹੁੰਦੀ ਜਾਂਦੀ ਸੀ ਤੇ ਕੁਝ ਔਖੀ ਵੀ ਸੰਗਤਾਂ ਨੂੰ ਲੱਗਣ ਲਗ ਪਈ ਹੋਵੇਗੀ ।
ਭਾਈ ਗੁਰਦਾਸ ਨੇ ਲਗਦੀ ਵਾਹ ਲੋਕ ਭਾਸ਼ਾ ਨੂੰ ਵਰਤਿਆ। ਲੋੜ ਅਨੁਸਾਰ ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਲਫਜ਼ ਵੀ ਲਏ, ਭਾਈ ਸਾਹਿਬ ਕਾਂਸ਼ੀ ਰਾਏ; ਤਾਂ ਨਰੋਲ ਬ੍ਰਿਜ ਭਾਸ਼ਾ ਵਿਚ ਕਬਿੱਤ ਕਹੇ । ਮਹਾਂ ਵਿਦਵਾਨ ਸਨ, ਬੋਲੀਆਂ ਅਧੀਨ ਸਨ । ਏਸੇ ਸਮੇਂ ਲਾਹੌਰ ਵਿਚ ਸ਼ਾਹ ਹੁਸੈਨ ਜੀ ਹੋਏ । ਆਪ ਨੇ ਮਿੱਠੀ ਕੇਂਦਰੀ ਬੋਲੀ ਵਰਤੀ । ਇਹਨਾਂ ਦੋਹਾਂ ਦੇ ਉਦਮ ਤੋਂ ਸਿਖਾਂ ਨੇ ਫਾਇਦਾ ਨ ਉਠਾਇਆ।
ਛੇਵੇਂ ਸਤਵੇਂ ਤੇ ਅਠਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ । ਗੁਰਬਾਣੀ ਦੇ ਟੀਕੇ ਵੀ ਨ ਹੋਏ । ਦਸਮੇਸ਼ ਜੀ ਮਹਾਂ ਵਿਦਵਾਨ ਸਨ। ਪੜ੍ਹੇ ਹੋਏ ਲੋਕ ਕੋਲ ਰਖੇ । ਸਾਡੀ ਬੋਲੀ ਅਜੇ ਖਾਸ ਠੁਕਦੀ ਬਣੀ ਨਹੀਂ ਸੀ । ਏਸ ਲਈ ਓਹਨਾਂ ਬ੍ਰਿਜ ਭਾਸ਼ਾ ਵਿਚ ਗ੍ਰੰਥ ਉਲਟਾਏ ਤੇ ਉਲਥਵਾਏ। ਏਸ ਤਰ੍ਹਾਂ ਸਾਡਾ ਇਲਮੀ ਪੈਂਡਾਂ ਅੱਧਾ ਕੀਤਾ । ਅਗੋਂ ਅਸੀਂ ਆਪਣੀ ਬੋਲੀ ਵਲ ਨ ਆਏ, ਸਗੋਂ ਬ੍ਰਿਜ ਭਾਸ਼ਾ ਵਲ ਹੀ ਹੋ ਤੁਰੇ।

ਮਿਸਲਾਂ ਵੇਲੇ ਲੜਾਈਆਂ ਹੀ ਰਹੀਆਂ । ਏਹਨਾਂ ਤੋਂ ਪਹਿਲਾਂ ਵੀ ਭੈੜਾ ਹੀ ਹਾਲ ਸੀ । ਮਹਾਰਾਜਾ ਰਣਜੀਤਸਿੰਘ ਫਾਰਸੀ ਉੱਤੇ ਮੋਹਿਤ ਹੋ ਗਏ । ਹੁਣ ਅਸੀਂ ਭਾਸ਼ਾ ਵਲੋਂ ਫਾਰਸੀ ਵਲ ਉਲਟੇ । ਬ੍ਰਾਹਮਣਾਂ ਆਪ ਸੰਸਕ੍ਰਿਤ ਨੂੰ ਚੁਕਿਆ । ਬੋਧਾਂ ਆਪ ਹੀ ਪਾਲੀ ਨੂੰ ਅਪਣਾਇਆ । ਪਰ ਅਸੀਂ ਏਧਰ ਓਧਰ ਹੀ ਭੋਂਦੇ ਰਹੇ । ਗ਼ੈਰ ਜ਼ਬਾਨਾਂ ਠੁਕ ਨਾਲ ਪੜ੍ਹਦੇ ਨਹੀਂ ਸਾਂ । ਜੇ ਕਿਸੇ ਸੱਜਣ ਨੂੰ ਆਈਆਂ ਵੀ, ਤਾਂ ਓਸੇ ਨੇ

੧੧੯