ਪੰਨਾ:ਸਿੱਖ ਤੇ ਸਿੱਖੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਅੰਮ੍ਰਿਤਸਰ ਨੂੰ ਮਾਨ ਹੈ ਕਿ ਜੇ ਏਥੇ ਗਿਆਨੀ ਘਰਾਣਾ ਕਾਇਮ ਹੋਇਆ ਤਾਂ ਉਚੀ ਵਿਦਿਆ ਨਾਲ ਪੰਥ ਦੀ ਤੇ ਹਰਿਮੰਦਰ ਦੀ ਸੇਵਾ ਕਰਦਾ ਰਿਹਾ। ਜੇ ਮੁਸੱਵਰ ਘਰਾਣਾ ਆਇਆ ਤਾਂ ਹਰਿਮੰਦਰ ਅੰਦਰ ਹੁਨਰ ਦੀ ਹੱਦ ਮੁਕਾ ਦਿਤੀ । ਜੋ ਤੀਜਾ ਕੋਮਲ ਹੁਨਰ-ਪ੍ਰੇਮੀ ਰਬਾਬੀਆ ਦਾ ਘਰਾਣ ਉਠਿਆ ਤੇ ਓਸ ਹਰਿਮੰਦਰ ਅੰਦਰ ਕੀਰਤਨ ਦੀ ਸੇਵਾ ਸੰਭਾਲੀ ਤੇ ਭਾਈ ਅਤਰਾ, ਭਾਈ ਮੋਤੀ ਕਈ ਉਸਤਾਦ, ਦੇਸ ਵਿਚ ਧੁੰਮਾਂ ਪਾ ਗਏ । ਜਿਸ ਥਾਂ ਤੇ ਕੋਮਲ ਹੁਨਰ ਪੁੰਗਰਨ, ਮੌਲਣ, ਮੌਲ ਕੇ ਮਹਿਕਣ,ਮਹਿਕ ਕੇ ਰਸੀਆਂ ਨੂੰ ਜੀਵਨ ਦਾਨ ਦੇਣ, ਓਹ ਥਾਂ ਤਾਂ ਆਪਣੇ ਆਪ ਹੀ ਮੰਦਰ ਬਣ ਜਾਣੀ ਹੋਈ । ਸੋ ਸਿਖ ਖਿਆਲ ਨੂੰ ਪਰੇਡੇ ਰਖ ਕੇ ਵੀ, ਅਸੀਂ ਹਰਿਮੰਦਰ ਨੂੰ ਕੋਮਲ ਹੁਨਰ ਅੰਦਰ ਅੰਦਰ ਕਹਿ ਸਕਦੇ ਹਾਂ ਤੇ ਏਹ ਦੀ ਪੂਜਾ ਆਰਟ ਪ੍ਰੇਮੀਆਂ ਪਾਸੋਂ ਕਰਾ ਸਕਦੇ ਹਾਂ।

ਮੁਸੱਵਰ ਘਰਾਣਾ ਹੋਰ ਹੁਨਰੀ ਘਰਾਣਿਆਂ ਤੋਂ ਹਾਲੀ ਵੀ ਜ਼ੋਰਾਂ ਵਿਚ ਹੈ । ਇਕ ਤਾਂ ਭਾਈ ਗਿਆਨ ਸਿੰਘ ਮੋਹਰਾ ਕਸ਼ੀ ਦੀ ਕਿਤਾਬ ਬਣਾ ਰਹੇ ਹਨ। ਦੂਜਾ ਭਾਈ ਸੋਹਣ ਸਿੰਘ ਵੀ ਨਮਾਇਸ਼ਾਂ ਵਿਚ ਇਨਾਮ ਲੈਣ ਲਗ ਪਏ ਹਨ ਤੇ ਕੁਝ ਚਿਰ ਤੋਂ ਸਿਖ ਸਕੂਲ ਦੀ ਸਟਡੀ ਕਰ ਕੇ ਨਿੱਗਰ ਸੇਵਾ ਕਰਨ ਦਾ ਇਰਾਦਾ ਬਣਾ ਚੁੱਕੇ ਹਨ । ਆਪ ਤੁਕਾਂ ਨੂੰ ਰੰਗਣ ਲੱਗ ਪਏ ਹਨ । ਪੰਜਾਬੀ ਦੇ ਕਈ ਮਸ਼ਹੂਰ ਸ਼ੇਅਰਾਂ ਨੂੰ ਰੰਗਾਂ ਦਾ ਜਾਮਾ ਪਵਾਇਆ ਹੈ । ਏਸ ਤਰ੍ਹਾਂ ਆਪ ਧਰਮ ਤੇ ਸਾਹਿਤ ਦੀ ਸੇਵਾ ਦਾ ਬੀੜਾ ਚੁੱਕ ਕੇ ਮੈਦਾਨ ਵਿਚ ਆ ਗੱਜੇ ਹਨ । ਯਕੀਨ ਹੈ, ਆਪ ਏਸ ਘਰਾਣੇ ਦੀ ਸ਼ਾਨ ਨੂੰ ਪੂਰੀ ਤਰਾਂ ਚਮਕਾਉਣਗੇ । ਵਾਹਿਗੁਰੂ, ਏਹਨਾਂ ਦੀ ਸੂਝ ਤੇ ਆਸ ਨੂੰ ਜਲਦੀ ਫਲ ਲਾਵੇ ।

੧੩੬