ਪੰਨਾ:ਸਿੱਖ ਤੇ ਸਿੱਖੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲੀ ਨਹੀਂ ਬੋਲਦੇ,ਪਰ ਜਨਤਾ ਦੀ ਨਾੜ ਫੜਦੇ ਨਹੀਂ ਜਨਮ ਸਾਖੀ ਦੀਆਂ ਸਾਖੀਆਂ ਵਾਂਗ ਸਾਖੀ ਉੱਤੇ ਸਾਖੀ ਬੀੜੀ ਜਾਂਦੇ ਹਨ। ਸਾਖੀਆਂ ਦਾ ਤੱਤ ਕੱਢਕੇ ਨਹੀਂ ਦੱਸਦੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਓਹਨਾਂ ਦਾ ਦਿਲ ਅੰਦਰ ਬੈਠਣ ਵਾਲਾ ਭਾਵ ਨਹੀਂ ਸੁਝਾਂਦੇ । ਏਹ ਕੁਝ ਸਿਰਫ ਇਲਮੀ ਥੋੜ ਦਾ ਚਮਤਕਾਰਾ ਹੈ। ਥੋੜੀ ਜਿਹੀ ਬਾਣੀ ਦੇ ਅਰਥ ਤੇ ਥੋੜਾ ਜਿਹਾ ਇਤਿਹਾਸ ਪੜ੍ਹਨ ਦਾ ਰਵਾਜ ਪੈ ਰਿਹਾ ਹੈ । ਏਸ ਤੋਂ ਬਹੁਤੇ ਫਾਇਦੇ ਦੀ ਆਸ ਰਖਣੀ ਸਿਆਣਪ ਨਹੀ,ਸਾਡੀ ਬੋਲੀਵਿਚ ਏਨਾ ਮਸਾਲਾ ਨਹੀਂ, ਜਿਸ ਤੋਂ ਉਪਦੇਸ਼ਕ ਮੱਦਦ ਲੈ ਸਕਣ ਦੂਜੀਆਂ ਬੋਲੀਆਂ ਤੋਂ ਇਹ ਲੋਕ ਕੋਰੇ ਹੋਂਦੇ ਹਨ । ਗੈਰ ਜ਼ਬਾਨ ਤੇ ਗੈਰ ਮਜ਼੍ਹਬਾਂ ਦੇ ਜਾਣੂ ਪ੍ਰਚਾਰਕ ਉਂਗ਼ਲੀਆਂ ਉੱਤੇ ਗਿਣੇ ਜਾ ਸਕਦੇ ਹਨ । ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਕੁਝ ਉਦਮ ਹੋਇਆ ਹੈ, ਪਰ ਏਸ ਪਾਸੇ ਉਦਮ ਕਰਨ ਦੀ ਹੱਦੋਂ ਵਧ ਲੋੜ ਹੈ । ਸਾਡੇ ਬਹੁਤੇ ਪ੍ਰਚਾਰਕ ਉਰਦੂ ਦੀਆਂ ਕਿਤਾਬਾਂ ਪੜ੍ਹ ਕੇ ਵੀ ਆਪਣੀ ਇਲਮੀ ਵਾਕਫੀ ਦਾ ਘੇਰਾ ਖੁਲ੍ਹਾ ਕਰਨੋਂ ਝਪੀੜ ਵਟਦੇ ਹਨ । ਜੇ ਏਹ ਵੀਰ ਮੌਲਾਨਾ ਆਜ਼ਾਦ ਵਾਲੀ ਕੁਰਾਨ ਦੀ ਤਫਸੀਰ ਵੀ ਦੇਖ ਲੈਣ ਤਾਂ ਵਕਤ ਮੁਤਾਬਿਕ ਬਾਣੀ ਨੂੰ ਸਮਝਾਣਾ ਤਾਂ ਆ ਜਾਵੇ । ਸਾਡੇ ਪ੍ਰਚਾਰਕ ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ ਤੋਂ ਅਨਜਾਣ ਰਹਿੰਦੇ ਹਨ । ਮੌਲਾਨਾ ਸ਼ਿਬਲੀ ਦੀ ਸੀਰਤੁਲਨਬੀ ਦੇਖੀ ਨਹੀਂ ਹੋਂਦੀ । ਦੇਖਣਤਾਂਪਤਾ ਲਗੇਗਾ,ਕਿ ਕਿਵੇਂ ਸਾਹਿਬ ਗੁਰੂ ਨਾਨਕ ਦੀ ਜਨਮ ਸਾਖੀ ਲਿਖਣੀ ਚਾਹੀਦੀ ਹੈ ਤੇ ਕਿਹੜੀਆਂ ਗੱਲਾਂ ਤੇ ਜ਼ੋਰ ਦੇ ਕੇ ਸਤਿਗੁਰ ਦਾ ਅਮਿਟ ਪਰਭਾਵ ਦਿਲਾਂ ਉੱਤੇ ਪਵੇਗਾ । ਮੋਲਾਨਾ ਸਿਬਲੀ ਦੀਆਂ ਕਿਤਾਬਾਂ ਖਲੀਫਿਆਂ ਦੇ ਜੀਵਨ ਉਤੇ ਵੀ ਹਨ ।ਜੇ ਏਹਨਾਂ ਨੂੰ ਸਾਡੇ ਪ੍ਰਚਾਰਕ ਪੜ੍ਹਨ ਤੇ ਗੁੜ੍ਹਨ ਤਾਂ ਆਪਣਿਆਂ ਸੂਰਬੀਰਾਂ ਦੀ ਬੀਰਤਾ ਤੋਂ ਛੁਟ ਹਰ ਮਨੁੱਖੀ ਗੁਣ ਨੂੰ ਸਮਝਾਉਣ ਦੀ ਜਾਚ ਆ ਜਾਵੇ।

ਸਾਡੇ ਪ੍ਰਚਾਰਕ ਹਿੰਦੀ ਪੜ੍ਹਨ ਦੀ ਵੀ ਖੇਚਲ ਨਹੀਂ ਕਰਦੇ ।

੧੩੮