ਪੰਨਾ:ਸਿੱਖ ਤੇ ਸਿੱਖੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖਾਂ ਵਿਚ ਈਰਖਾ

ਈਰਖਾ ਇਨਸਾਨ ਦੇ ਸੁਭਾ ਨੂੰ ਇੰਜ ਵਿਗਾੜ ਦੇਂਦੀ ਹੈ, ਜਿਸ ਤਰ੍ਹਾਂ ਰੰਗਾਂ ਵਿਚ ਡਬ ਪੈ ਜਾਣ ਨਾਲ ਤਸਵੀਰ ਜਾਂ ਜਿਸ ਤਰ੍ਹਾਂ ਇਕ ਰਸ ਵਿਚ ਦੂਜਾ ਰਸ ਆਉਣ ਨਾਲ ਕਵਿਤਾ ਦਾ ਹੁਲੀਆ ਬਦਲ ਜਾਂਦਾ ਹੈ । ਮਹਾਨ ਚਿਤ੍ਰਕਾਰ-ਰੱਬ ਦੀ ਮਹਾ-ਕ੍ਰਿਤ (ਮਨੁਖ) ਨੂੰ ਈਰਖਾ ਕੁਕਲਮ ਕੋਝਾ ਕਰ ਦੇਂਦੀ ਹੈ । ਈਰਖਾ ਜਿਸ ਘਰ ਵਿਚੋਂ ਸਿਰ ਚੁਕੇ ਓਹਦਾ ਸਿਰ ਨਿਵਾ ਕੇ ਛਡਦੀ ਹੈ । ਮੰਦੇ ਕਰਮਾਂ ਨੂੰ ਜਿਸ ਕੌਮ ਦੇ ਖਹਿੜੇ ਪੈ ਜਾਏ ਓਹਦਾ ਸਤਿਆਨਾਸ ਕੀਤੇ ਬਿਨਾਂ ਸਾਹ ਨਹੀਂ ਲੈਂਦੀ । ਸਿਖਾਂ ਦਾ ਰਾਜ ਵੀ ਈਰਖਾ ਨੇ ਫੂਕਿਆ ਸੀ। ਹਾਲੀਂ ਤਕ ਏਹ ਅਗ ਆਪਣਾ ਜੌਹਰ ਦਿਖਾ ਰਹੀ ਹੈ । ਏਥੇ ਈਰਖਾ ਦਾ ਸਰਸਰੀ ਇਤਿਹਾਸ ਲਿਖਣਾ ਚਾਹੁੰਦਾ ਹਾਂ।

ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਨੇ ਲਹਿਣਾ ਜੀ ਨੂੰ ਸ੍ਰੀ ਅੰਗਦ ਬਣਾਇਆ । ਓਸ ਵਕਤ ਆਪ ਦੇ ਵਡੇ ਪੁਤਰ ਸ੍ਰੀ ਚੰਦ ਜੀ ਨੇ ਗੁਰੂ ਅੰਗਦ ਜੀ ਨੂੰ ਕਬੋਲ ਆਖੇ । ਸ੍ਰੀ ਚੰਦ ਜੀ ਗੱਦੀ ਨੂੰ, ਆਪਣਾ ਹੱਕ ਸਮਝਦੇ ਸਨ । ਓਹਨਾਂ ਗੁਰੂ ਅੰਗਦ ਦੇਵ ਜੀ ਨਾਲ ਈਰਖਾ ਕੀਤੀ । ਏਹ ਈਰਖਾ ਤਾਂ ਹੋਈ ਜਦ ਆਪਣੇ ਘਰ ਗੱਦੀ ਨਾ ਰਹੀ। ਈਰਖਾ ਇਨਸਾਨ ਨੂੰ ਤਾਂ ਹੀ ਆਉਂਦੀ ਹੈ ਜਦੋਂ ਓਸ ਨੂੰ ਆਪਾ ਘਟਾਊ ਬਿਰਤੀ ਦਾ ਝਲਕਾਰਾ ਦਿਸ । ਗੱਦੀ ਜਾਣ ਨਾਲ ਸ੍ਰੀ ਚੰਦ ਨੇ ਆਪਣੇ ਆਪ ਨੂੰ ਖਾਲੀ ਖਾਲੀ ਜਾਣਿਆ, ਸੁੰਜਾ ਸੁੰਜਾ ਬੰਦਾ ਸਮਝਿਆ। ਸਿਖ ਵੀ ਪ੍ਰੇਮੀ ਸਨ। ਓਹਨਾਂ ਗੁਰੂ ਦੀ ਰਜ਼ਾ ਨੂੰ ਸਾਹਵੇਂ ਰਖਿਆ ਨਾਲੇ ਸੇਵਾ ਤੋਂ ਮੇਵਾ ਮਿਲਣਾ ਸੀ ਤੇ ਏਹ ਹੱਕ ਲਹਿਣਾ ਜੀ ਦਾ ਸੀ,

੧੪੫