ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾਉਂਦੇ ਹਨ। ਹੁਨਰ ਨਾਂ ਹੈ, ਅਸਲ ਦੀ ਨਕਲ ਦਾ। ਕੋੜ੍ਹ ਕਿਰਲੀ ਦੇਖੀਏ ਤਾਂ ਸਾਡਾ ਦਿਲ ਮਿਚਕਦਾ ਹੈ, ਪਰ ਮੁਸੱਵਰ ਦੀ ਕੋੜ੍ਹ ਕਿਰਲੀ ਦੇਖ ਕੇ ਅਸੀਂ ਖਾਣਾ ਖਾ ਸਕਦੇ ਹਾਂ । ਇਨਸਾਨ ਦੀ ਤਬੀਅਤ ਨਕਲ ਪਸੰਦ ਹੈ। ਸਾਨੂੰ ਓਹੋ ਐਕਟਰ ਸੋਹਣਾ ਲਗਦਾ ਹੈ, ਜਿਹੜਾ ਹੂ-ਬਹੂ ਸਾਂਗ ਧਾਰੇ । ਏਸੇ ਤਰ੍ਹਾਂ ਸਾਡੇ ਚਿਤਰਕਾਰ ਨੇ ਹੁਨਰ ਮੁਤਾਬਿਕ ਕਈ ਚਿਹਰੇ ਸੋਹਣੇ ਬਣਾਏ ਹਨ ।
ਸਰਦਾਰ ਸਾਹਿਬ ਦਾ ਹੁਨਰ, ਅਸਲੀਅਤ ਦਾ ਨਕਸ਼ਾ ਹੈ। ਏਸੇ ਲਈ ਕੁਦਰਤੀ ਨਜ਼ਾਰੇ ਇਨ ਬਿੰਨ ਮੁਸੱਵਰੇ ਗਏ ਹਨ । ਕਈਆਂ ਸਜਣਾਂ ਨੂੰ ਯੂਰਪੀ ਰੰਗਤ ਦਾ ਝਲਕਾਰਾ ਦਿਸਦਾ ਹੈ, ਕਿਤੇ ਕਿਤੇ ਸਥਾਨਕ ਰੰਗਤ ਘੱਟ ਹੋਣ ਕਰਕੇ ਵੀ, ਸ਼ਕ ਪੈਂਦਾ ਹੈ । ਦਰਿਆਵਾਂ ਦੇ ਕੰਢਿਆਂ ਤੋਂ ਖ਼ਾਸ ਹਿੰਦੁਸਤਾਨੀ ਰੰਗਤ ਮਿਲਦੀ ਹੈ। 'ਚਪਾਟੀ' ਯੂਰਪੀ ਨਜ਼ਾਰੇ ਦੀ ਨਕਲ ਨਹੀਂ । ਏਹ ਠੀਕ ਹੈ, ਆਪ ਨੇ ਗਿੜਦਾ ਖੂਹ, ਝੂਮਦਾ ਕਮਾਦ, ਅਲਗੋਜਾ ਵਜਾਉਂਦਾ ਅਯਾਲੀ ਨਹੀਂ ਬਣਾਇਆ, ਪਰ ਦਰਖ਼ਤ ਹੁਨਰ ਨਾਲ ਫਬਣ ਵਾਲੇ ਜਾਂ ਚੁਗਿਰਦੇ ਵਿਚ ਸਜਣ ਵਾਲੇ ਬਣਾਏ,ਪਰਪਿਪਲਾਂ ਤੇ ਬੋਹੜਾਂ ਦਾ ਮਾਨ ਘੱਟ ਹੀ ਕੀਤਾ ਹੈ । ਆਪ ਨੇ ਹਿੰਦੁਸਤਾਨੀ ਗਹਿਣਿਆਂ ਤੇ ਹਰ ਸੂਬੇ ਪੁਸ਼ਾਕ ਨੂੰ ਚਿਤਰਿਆ, ਹਰ ਸੂਬੇ ਦੇ ਹੁਸਨ ਨੂੰ ਦਿਖਾਇਆ ਹੈ, ਜਿਸ ਦਾ ਸਦਕਾ, ਆਪ ਹਿੰਦੁਸਤਾਨੀ ਆਰਟਿਸਟ ਕਹਾਉਣ ਦਾ ਪੂਰਾ ਹੱਕ ਰਖਦੇ ਹਨ ।

ਜਿਵੇਂ ਕਵਿਤਾ ਦੇ ਪ੍ਰਾਣ ਅਰਥ ਹੋਂਦੇ ਹਨ, ਤਿਵੇਂ ਚਿਤ੍ਰਕਾਰੀ ਦੀ ਜਿੰਦ ਰੰਗਾਂ ਵਿਚ ਹੋਂਦੀ ਹੈ । ਰੰਗਾਂ ਦੇ ਮੇਲ ਦਾ ਹੁਨਰ ਸਾਡੇ ਚਿਤ੍ਰਕਾਰ ਨੂੰ ਖ਼ੂਬ ਆਉਂਦਾ ਹੈ। ਆਪ ਨੇ ਉਜੜੇ ਮਾਰਤੰਡ ਦੇ ਮੰਦਚ, ਐਲੀਫੈਟਾ ਗੁਫਾ ਦੇ ਭੱਜੇ ਤੇ ਭੁਰੇ ਹੋਏ ਬੁੱਤ, ਭੁਪਾਲ ਵਿਚ ਥੇਹ ਹੋਇਆ ਸ਼ੰਕਰਾਚਾਰੀਆ ਦਾ ਮੰਦਰ,ਗ਼ਜ਼ਬ ਦੇ ਮਟਿਆਲੇ ਰੰਗਾਂ ਨਾਲ ਬਣਾਏ ਹਨ। ਰੰਗਾਂ ਨਾਲ, ਕਰਣਾ-ਰਸ ਦਾ ਖ਼ੂਬ ਜਾਮਾ ਪਵਾਇਆ ਹੈ । ਰੰਗਾਂ ਵਿਚੋਂ ਇਕ ਲਿਸ਼ਕ, ਨੈਣਾਂ ਵਿਚ ਆਉਂਦੀ ਤੇ ਹੰਝੂ ਬਣ ਕੇ ਡਲਕਦੀ ਹੈ । ਰੰਗਾਂ ਕਰਕੇ ਹੀ, ਚਿਹਰਿਆਂ ਉਤੇ ਭਾਵ ਪੂਰੀ ਉਸਤਾਦੀ ਨਾਲ ਆਏ ਹਨ।

੧੭੪