ਪੰਨਾ:ਸਿੱਖ ਤੇ ਸਿੱਖੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗਾਂ ਕਰਕੇ ਹੀ ਭਿੱਜਿਆਂ ਤਨਾਂ ਤੇ ਕਿਤੇ ਕਿਤੇ ਧੋਤੀਆਂ ਚਮੜੀਆਂ ਬਹਾਰ ਦੇ ਗਈਆਂ ਹਨ। ਰੰਗਾਂ ਦੇ ਕੋਮਲ ਮੇਲ ਨੇ ਚਿੱਤ ਨੂੰ ਨਰਮ ਕਰ ਦਿੱਤਾ ਹੈ । ਚਿਤ੍ਰਕਾਰੀ ਵੀ ਸੈਆਂ ਇਖ਼ਲਾਕੀ ਕਿਤਾਬਾਂ ਤੋਂ ਵਧ ਕੰਮ ਕਰ ਜਾਂਦੀ ਹੈ । ਆਪ ਦੇ ਸਭਾ ਵਿਚ ਅਗਲੇ ਦੀ ਆਉ-ਭਗਤ ਦਾ ਰੰਗ, ਰੰਗਾਂ ਨੇ ਭਰਿਆ ਹੈ । ਜ਼ਬਾਨ ਵਿਚ ਮਿਠਾਸ ਪਾਈ ਹੈ। ਜਿਸ ਤਰ੍ਹਾਂ ਚਿਤ੍ਰਕਾਰੀ ਵਿਚ ਦਿਲ ਨੂੰ ਚਿਹਰੇ ਤੇ ਲਿਆ ਬਹਾਈਦਾ ਹੈ, ਕੋਈ ਲੁਕਾ ਛਿਪਾ ਨਹੀਂ ਕਰੀਦਾ, ਤਿਵੇਂ ਠਾਕਰ ਸਿੰਘ ਹੋਰੀਂ ਹਰ ਬੰਦੇ ਦੇ ਸਾਮ੍ਹਣੇ ਉਹਲਾ ਪੜਦਾ ਕੀਤੇ ਬਿਨਾਂ, ਰੰਗਾਂ ਨੂੰ ਇਕ ਦੂਜੇ ਨਾਲ ਮੇਲ ਕੇ ਲਾਈ ਜਾਂਦੇ ਹਨ । ਏਹ ਗੁਣ ਰੰਗਾਂ ਦੇ ਮੇਲ ਨੇ ਹੀ ਦਿੱਤਾ ਹੈ, ਜੋ ਪ੍ਰੋਫ਼ੈਸਰੀ ਤੇ ਪੀ. ਐਚ ਡੀ ਦੀ ਡਿਗਰੀ ਨਾਲ ਵੀ ਨਸੀਬ ਨਹੀਂ ਹੋਂਦਾ ।
ਰੰਗਾਂ ਦਾ ਸਿਰ ਸਦਕਾ, ਟੈਗੋਰ ਜਿਹਾ ਸ਼ਾਇਰ ਤੇ ਰਸੀਆ, ਰੰਗੀਨ ਡੂੰਘਾਈਆਂ ਦੇਖ ਕੇ ਝੂਮਦਾ ਰਿਹਾ । ਰੰਗਾਂ ਕਰ ਕੇ ਇਰਵਨ ਜਿਹਾ ਸਿਆਸੀ ਇਨਸਾਨ, ਰਸ ਮਾਣਦਾ ਰਿਹਾ । ਰੰਗਾਂ ਨੇ ਹੀ ਰਿਸ਼ੀ ਤੇ ਮਹਾਂ ਚਿਤ੍ਰਕਾਰ ਪ੍ਰੋਫੈਸਰ ਨਿਕਲਸ ਰੋਰਿਕ ਨੂੰ ਬੁੱਤ ਬਣਾਇਆ । ਰੰਗਾਂ ਨੇ ਹੀ ਮਹਾਂ ਪੁਰਖੁ ਡਾਕਟਰ ਜੇਮਜ਼ ਐਨਜ਼ਨ ਨੂੰ ਸਰਦਾਰ ਸਾਹਿਬ ਦੀ ਤਾਰੀਫ਼ ਕਰਨ ਲਈ,ਮਜਬੂਰ ਕੀਤਾ। ਰੰਗਾਂ ਦੀ ਬਦੌਲਤ ਸਾਦੀ ਬੁੱਧੀਵਾਲਾ ਇਨਸਾਨ ਵੀ,ਆਪ ਦੇ ਹੁਨਰ ਦਾ ਆਸ਼ਕ ਹੈ । ਇਹਨਾਂ ਦੀ ਮੁਸੱਵਰੀ ਮੀਆਂ ਵਾਰਸ ਦੀ ਹੀਰ ਵਾਂਗ ਹਰਮਨ-ਪਿਆਰੀ ਤੇ ਸਭ ਨੂੰ ਅਪੀਲ ਕਰਦੀ ਹੈ ।

੧੭੫