ਪੰਨਾ:ਸਿੱਖ ਤੇ ਸਿੱਖੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖਾਂ ਦੀ ਮੁੱਢਲੀ ਸਿਆਸਤ


ਸਿਆਸਤ ਦੇ ਮੋਟੇ ਅਰਥ, ਰਾਜ ਸੰਭਾਲਣ ਦੇ ਹੋ ਸਕਦੇ ਹਨ।
ਦੂਜਿਆਂ ਲਫਜ਼ਾਂ ਵਿਚ ਹਾਕਮ ਬਣਨਾ ਤੇ ਹਾਕਮ ਬਣਾਉਣਾ ਜਾਂ ਹਾਕਮ
ਦੇ ਜ਼ੁਲਮ ਤੋਂ ਬਚਣਾ ਵੀ ਸਿਆਸਤ ਹੈ ।
ਜਦੋਂ ਬਾਬਰ ਲੋਧੀਆਂ ਉੱਤੇ ਚੜ੍ਹਿਆ, ਤਦੋਂ ਪੰਜਾਬ ਤੇ ਡਾਢੀ
ਭੀੜ ਬਣੀ । ਗੁਰੂ ਨਾਨਕ ਦੇਵ ਦਾ ਦਿਲ ਪੰਘਰਿਆ,ਆਪਨੇ ਬਾਬਰਵਾਣੀ
ਵਿਰੁਧ ਆਵਾਜ਼ ਉਠਾਈ । ਆਵਾਜ਼ ਉਠਾਉਣੀ ਹੀ ਮੁੱਢਲੀ ਸਿਆਸਤ
ਸੀ । ਇਸ ਤੋਂ ਅਗਲੀ ਸਿਆਸਤ ਜ਼ੁਲਮ ਤੋਂ ਬਚਣ ਦਾ ਉਪਾ ਹੈ।
ਗੁਰੂ ਸਾਹਿਬਾਂ ਨੇ ਹਾਕਮਾਨਾ ਵਧੀਕੀਆਂ ਤੋਂ ਬਚਣ ਲਈ, ਸਭਾ ਦੀ
ਉਸਾਰੀ ਸ਼ੁਰੂ ਕੀਤੀ। ਸਿਆਸਤ ਵਿਚ ਜਿੰਨੀਆਂ ਬਾਹਵਾਂ ਜਾਂ ਜਿੰਨੇ
ਜਣੇ ਆਪਣੇ ਖਿਆਲਾਂ ਦੇ ਹੋਣ, ਓਨੀ ਹੀ ਸਫਲਤਾ ਓਦੀ ਹੈ। ਲੋਕਾਂ
ਨੂੰ ਆਪਣਿਆਂ ਖਿਆਲਾਂ ਦੇ ਕਰਨ ਲਈ, ਓਹਨਾਂ ਨਾਲ ਪਿਆਰ ਕਰਨਾ
ਜ਼ਰੂਰੀ ਹੁੰਦਾ ਹੈ। ਗੁਰਦੇਵ ਨੇ ਲੋਕਾਂ ਨਾਲ ਪੁਜ ਕੇ ਹਿਤ ਕੀਤਾ, ਜੀਊਣ
ਲਈ ਉਕਸਾਇਆ ਤੇ ਉਭਾਰਿਆ । ਸਭ ਨੂੰ ਸਮਝਾਇਆ ਪਈ
ਕੁਦਰਤ ਦੀ ਹਰ ਸ਼ੈ ਤੋਂ ਫਾਇਦਾ ਲੈਣਾ, ਹਰ ਬੰਦੇ ਦਾ ਹੱਕ ਹੈ । ਸਭ
ਬੰਦੇ ਭਰਾ ਹਨ। ਇਕ ਸਿਰਜਣਹਾਰ ਦੇ ਪੈਦਾ ਕੀਤੇ ਜੋ ਹੋਏ । ਭਰਾ
ਭਰਾ ਨੂੰ ਤੰਗ ਕਿਉਂ ਕਰੇ ? ਏਸ ਕਿਉਂ ਦਾ ਜਵਾਬ ਵੀ, ਸਿਆਸਤ ਹੀ
ਕਿਹਾ ਜਾ ਸਕਦਾ ਹੈ।
ਮਲਕ ਭਾਗੋ ਗਰੀਬਾਂ ਨੂੰ ਤੰਗ ਕਰਦਾ ਸੀ ਤੇ ਆਪ ਨੇ ਉਹਦੇ ,
ਘਰ, ਖਾਣਾ ਖਾਣ ਤੋਂ ਇਨਕਾਰ ਕਰ ਦਿਤਾ। ਮਲਕ ਦੀ ਪੂਰੀ ਕਚੌਰੀ
ਵਿਚ ਗਰੀਬਾਂ ਦਾ ਲਹੂ ਦੱਸਿਆ, ਨਹੱਕੀ ਕਮਾਈ ਜੋ ਕਰਦਾ ਸੀ।
੩੨