ਪੰਨਾ:ਸਿੱਖ ਤੇ ਸਿੱਖੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾ ਗਏ ਹਨ। ਕਦੇ ਵੀ ਫੋਕੀ ਗੱਲ ਨਹੀਂ ਕਹਿੰਦੇ । ਭਾਵ ਤੇ ਭਾਸ਼ਾ
ਇਕ ਦੂਏ ਤੋਂ ਵਧਵੇਂ ਹੋਂਦੇ ਹਨ। ਭਾਵ ਤੇ ਭਾਸ਼ਾ ਦੇਖ ਕੇ, ਖਾਨ ਖਾਨਾ
ਅਬਦੁਲ ਰਹੀਮ ਦਾ ਦੋਹਾ ਯਾਦ ਆ ਗਿਆ'
ਨੈਣ ਸਲੋਣੇ ਅਧਰ ਮਧੁ, ਕਹ ਰਹੀਮ ਘਟ ਕੌਨ ?
ਮੀਠੋ ਭਾਵੇ ਲੌਨ ਪਰ, ਅਰ ਮੀਠੋ ਪਰ ਲੌਨ ।
ਲਫ਼ਜ਼ ਦੀ ਛੂਹ ਮੂਹ ਨਾਲ ਹੀ ਕੰਮ ਨਹੀਂ ਸਾਰਦੇ । ਗੱਲ ਦਿਲੋਂ
ਉਠਦੀ, ਦਿਮਾਗ ਵਿਚਾਰਦ ,ਬੋਲੀ ਅਪਣਾਉਂਦੀ ਤੇ ਕਾਗਜ਼ ਸੰਭਾਲਦਾ
ਹੈ । "ਹਿਆਉ ਨ ਠਾਹੇ ਕਹੀਦਾ" ਦਿਲੋਂ ਉੱਠੀ, ਦਿਮਾਗ ਨੇ ਸੋਚਿਆ
ਪਈ ਜੇ ਜੀਊਣਾ ਹੈ ਤਾਂ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ, ਏਹ
ਗੱਲ ਅਜਿਹੀ ਜੁਗਤੀ ਨਾਲ ਕਹੀ ਕਿ ਸੁਣਨ ਵਾਲਾ ਬੋਲ ਨਹੀਂ ਸਕਦਾ ।
ਦਿਮਾਗ ਨੇ ਦਲੀਲ ਭਲੀ ਕਿ ਜੇ ਰਬ ਨੂੰ ਮਿਲਣਾ ਹੈ ਤਾਂ ਹਿਰਦਾ ਨਾ
ਤੋੜਾਂ । ਜਦ ਜ਼ਬਾਨ (ਬੋਲੀ) ਪਾਸ ਗੱਲ ਆਈ ਤਾਂ ਓਹਨੇ ਪਹਿਲਾਂ ਤਾਂ
ਠਾਹਣਾ ਲਫਜ਼ ਚੰਗਾ ਲੀਤਾ, ਫੇਰ ਸਿੱਕ ਵੀ ਡੂੰਘੇ ਅਰਥਾਂ ਵਾਲਾ
ਵਰਤਿਆ ਪਿਰੀਆ ਦੀ ਮਿਠਸ ਅਣੋਖੀ ਹੈ। ਠਾਹੇ ਦਾ, ‘ਠਾ’ ਸਖਤ
ਹੈ, ਪਰ ਨਾਲ ਪਿਰੀਆ ਵਗੈਰਾ-ਕੋਮਲ ਸ਼ਬਦ ਹਨ। ਇਸ ਲਈ ਓਹਦੇ
ਵਿਚ ਨਰਮਾਇਸ਼ ਆ ਜਾਪਦੀ ਹੈ। ਜਿਸ ਤਰ੍ਹਾਂ ਮੁਸੱਵਰ ਗੂੜ੍ਹੇ ਰੰਗ
ਕੋਲ, ਵਖਰੇ ਅੰਦਾਜ਼ ਨਾਲ ਹਲਕਾ ਰੰਗ ਲਾ ਕੇ, ਗੁੜ੍ਹਾਪਣ ਨਰਮ ਕਰਦਾ
ਹੈ, ਓਸੇ ਤਰ੍ਹਾਂ ਬਾਬਾ ਜੀ ਵੀ ਇਹ ਢੰਗ ਵਰਤ ਗਏ । ਬੋਲੀ ਤਾਂ ਆਈ,
ਪਰ ਕਹਿਣ ਦਾ ਢੰਗ ਵੀ ਚਾਹੀਦਾ ਸੀ। ਸੋ ਢਬ ਵੀ ਸੋਹਣਾ ਹੈ। ਪਿਰੀਆ
ਦੀ ਸਿੱਕ ਕਹਿ ਦਿੱਤਾ ਹੈ ।
ਤੁਕ ਵਿਚ ਉੱਚ ਦਰਜੇ ਦੀਆਂ ਖੂਬੀਆਂ ਹਨ। ਸਿਰਫ ਏਸ ਤਕ ਦਾ
ਪ੍ਰਚਾਰ ਹੀ ਮੇਰੇ ਜਿਹੇ ਗੁਸੈਲਿਆਂ ਨੂੰ ਰਾਹੇ ਪਾ ਸਕਦਾ ਹੈ । ਮਹਾਰਾਜਾ
ਅਸ਼ੋਕ ਨੂੰ ਇਸੇ ਅਸੂਲ ਨੂੰ ਅਮਰ ਕਰ ਦਿੱਤਾ । ਏਹ ਭਾਵ ਮਨੁਖਤਾ ਲਈ
ਜਿੰਨਾ ਜ਼ਿਆਦਾ ਜ਼ਰੂਰੀ ਹੈ, ਓਨਾ ਹੀ ਅਸਾਂ ਫਜ਼ਲ ਸਮਝ ਲਿਆ
ਹੋਇਆ ਹੈ । ਏਹ ਭਾਵ ਜਗਤ ਜਲੰਦੇ ਨੂੰ ਬਚਾ ਸਕਦਾ ਹੈ । ਏਸ ਤੁਕ
ਵਿਚ ਗੁਰੂ ਨਾਨਕ ਜੀ ਦਾ ਦਿਲ ਧੜਕਦਾ ਹੈ।
੮੧