ਪੰਨਾ:ਸੁਨਹਿਰੀ ਕਲੀਆਂ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਲਾਂਭੇ ਬੈਠ ਖਰੋਚ ਖਰੋਚ ਧਰਤੀ,
ਹੋਰ ਹੋਰ ਸੋਚਾਂ ਸੋਚਣ ਲਗ ਪਿਆ ਮੈਂ !
ਲੈਂਦਾ ਲੂਸਣੀ ਹੰਝੂ ਦੇ ਵਾਂਗ ਓੜਕ,
ਓਥੋਂ ਨਿਕਲਕੇ ਬਾਹਰ ਨੂੰ ਵਗ ਪਿਆ ਮੈਂ !

ਗਿਆ ਪੈਲੀ ਦੀ ਵਾਟ ਤੇ ਵੇਖਿਆ ਕੀ ?
ਕੂੰਜ ਵਾਂਗ ਇਕ ਨਾਰ ਕੁਰਲਾਂਵਦੀ ਸੀ !
ਪੂੰਝ ਪੂੰਝ ਕੇ ਅੱਥਰੂ ਰੱਤ ਭਿੰਨੇ,
ਮਹਿੰਦੀ ਸੋਗਾਂ ਦੀ ਹੱਥਾਂ ਨੂੰ ਲਾਂਵਦੀ ਸੀ !
ਲੀੜੇ ਮੈਲ ਦੇ ਨਾਲ ਸਨ ਕੁੜੇ ਉਹਦੇ,
ਸੂਰਤ ਝੱਲੀ ਦੀ ਝੱਲੀ ਨਾਂ ਜਾਂਵਦੀ ਸੀ !
ਮੈਂ ਇਹ ਸਮਝਿਆ 'ਦੀਪਕ' ਮਲ੍ਹਾਰ ਗਾਵੇਂ,
ਉਹ ਪਈ ਜਿਗਰ ਦੀ ਲੰਬ ਬੁਝਾਂਵਦੀ ਸੀ !

ਵੇਖ ਵੇਖ ਕੇ ਅੰਬਰਾਂ ਵੱਲ ਰੋਵੇ,
ਅੱਖਾਂ ਵਿੱਚੋਂ ਪਏ ਅੱਥਰੂ ਛੁੱਟਦੇ ਸਨ !
ਏਧਰ ਮੋਤੀ ਅਣਵਿੱਧ ਉਹ ਤੋੜਦੀ ਸੀ,
ਓਧਰ ਤਾਰੇ ਅਸਮਾਨ ਤੋਂ ਟੁੱਟਦੇ ਸਨ !

ਜਾਕੇ ਕੋਲ ਮੈਂ ਆਖਿਆ 'ਦੱਸ ਮਾਈ,
ਬੜੇ ਦੁੱਖੜੇ ਵਾਲੀ ਸੰਞਾਪਨੀ ਏਂ !
ਕੌਣ ਵਿਛੜਿਆ ਜੀਹਦੇ ਵਿਜੋਗ ਅੰਦਰ,
ਡੂੰਘੇ ਵੈਣਾਂ ਦੇ ਰਾਗ ਅਲਾਪਨੀ ਏਂ?
'ਸਾਢੇ ਤਿੰਨ ਹੱਥ' ਲੰਮੀ ਹੈ ਆਹ ਤੇਰੀ,
ਏਹ ਤੂੰ ਕਬਰ ਦੀ ਜਿਮੀਂ ਪਈ ਨਾਪਨੀ ਏਂ?