ਪੰਨਾ:ਸੁਨਹਿਰੀ ਕਲੀਆਂ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

'ਸੂਰਜ' 'ਚੰਨ' ਦਾ ਕਾਲਜਾ ਵਿੰਨ੍ਹ ਗਈਆਂ,
ਜੇਹੀਆਂ ਮੇਲਕੇ ਛੱਡੀਆਂ ਕਾਨੀਆਂ ਦੋ !
ਮੈਨੂੰ ਮੋਢਿਓਂ ਝੂਣਕੇ ਕਹਿਣ ਲੱਗੀ,
'ਤੈਨੂੰ ਹੋਰ ਭੀ ਦਸਾਂ ਨਿਸ਼ਾਨੀਆਂ ਦੋ !
ਏਹ ਹੈ ਇੱਕ 'ਕਿਤਾਬ' ਤੇ ਇੱਕ 'ਮਾਲਾ',
ਹੋਈਆਂ ਮੇਰੇ ਉਤੇ ਮੇਹਰਬਾਨੀਆਂ ਦੋ !

ਸੁੰਦਰ ਹਰਫ਼ ਸਨ ਓਸ ਕਿਤਾਬ ਦੇ ਭੀ,
ਓਸ ਮਾਲਾ ਦੀ ਝਲਕ ਵੀ ਵੱਖਰੀ ਸੀ !
ਇਕ ਤੇ ਹੀਰ ਹੈਸੀ ਵਾਰਸਸ਼ਾਹ ਵਾਲੀ,
ਦੂਜੀ ਗੁਰਮੁਖੀ ਦੀ ਪੈਂਤੀ ਅੱਖਰੀ ਸੀ !'

ਗੱਲਾਂ ਉਹਦੀਆਂ ਸਾਰੀਆਂ ਸੁਣ ਸੁਣ ਕੇ,
ਪਹਿਲੇ ਚੁੱਪ ਮੈਂ ਵਾਂਗ ਤਸਵੀਰ ਹੋਇਆ !
ਫੇਰ ਕੰਬਣੀ ਆਣਕੇ ਛਿੜੀ ਐਸੀ,
ਲੂੰ ਕੰਡੇ ਸਭ ਮੇਰਾ ਸਰੀਰ ਹੋਇਆ !
ਮੇਰੇ ਜਿਗਰ ਨੂੰ ਛਾਨਣੀ ਕਰਨ ਬਦਲੇ,
ਹਰਇਕ ਵਾਲ ਸੀ ਪਿੰਡੇ ਦਾ ਤੀਰ ਹੋਇਆ !
ਓੜਕ ਥੱਕਿਆ ਰਹਿ ਨਾਂ ਸੱਕਿਆ ਮੈਂ,
ਜਾਰੀ ਅੱਖੀਆਂ ਦੇ ਵਿੱਚੋਂ ਨੀਰ ਹੋਇਆ !

ਬਾਲ-ਪਨ ਦੀਆਂ ਲੋਰੀਆਂ ਯਾਦ ਆਈਆਂ,
ਸੀਸ ਸੁੱਟਕੇ ਜ਼ਿਮੀਂ ਤੇ ਰੋਣ ਲੱਗਾ !
ਗੰਗਾ-ਜਮਨਾ ਵਗਾਕੇ ਅੱਖੀਆਂ ਚੋਂ,
ਚਰਨ ਮਾਤਾ ਪਿਆਰੀ ਦੇ ਧੋਣ ਲੱਗਾ !